ਗੈਰ-ਪ੍ਰਭਾਵਸ਼ਾਲੀ ਪੈਰਿਸ ਜਲਵਾਯੂ ਸਮਝੌਤਾ ਪੂਰਦਾ ਸਭ ਤੋਂ ਪ੍ਰਦੂਸ਼ਿਤ ਮੁਲਕਾਂ ਦਾ ਪੱਖ: ਟਰੰਪ

ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਤੋਂ ਪਹਿਲੇ ਓਬਾਮਾ ਪ੍ਰਸ਼ਾਸਨ ਨੂੰ ਆੜੇ ਹੱਥੀਂ ਲੈਂਦਿਆਂ ਦੋਸ਼ ਲਾਇਆ ਹੈ ਕਿ ਓਬਾਮਾ ਪ੍ਰਸ਼ਾਸਨ ਨੇ ਗੈਰਪ੍ਰਭਾਵਸ਼ਾਲੀ ਆਲਮੀ ਜਲਵਾਯੂ ਸਮਝੌਤਾ ਕਰਕੇ ਅਮਰੀਕਾ ਦੀ ਊਰਜਾ ਵਿਰੁੱਧ ਬੇਰਹਿਮ ਜੰਗ ਛੇੜ ਦਿੱਤੀ ਅਤੇ ਇਸ ਸਮਝੌਤੇ ਨਾਲ ਜਲਵਾਯੂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਣ ਵਾਲੇ ਦੇਸ਼ਾਂ ਨੂੰ ਆਪਣੇ ਪ੍ਰਾਜੈਕਟਾਂ ਨੂੰ ਜਾਰੀ ਰੱਖਣ ਦੀ ਆਗਿਆ ਦੇ ਦਿੱਤੀ ਗਈ ਹੈ। ਟਰੰਪ ਦਾ ਇਹ ਬਿਆਨ ਵਾਤਾਵਰਣ ਰੱਖਿਆ ਏਜੰਸੀ ਦੇ ਪ੍ਰਬੰਧਕ ਐਂਡਰਿਊ ਵੀਲ੍ਹਰ ਦੇ ਬਿਆਨ ਕਿ ਪੈਰਿਸ ਜਲਵਾਯੂ ਸਮਝੌਤਾ ਅਮਰੀਕਾ ਪ੍ਰਤੀ ਪੱਖਪਾਤੀ ਹੈ ਅਤੇ ਚੀਨ ਤੇ ਭਾਰਤ ਵਰਗੇ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਮੁਲਕਾਂ ਦੇ ਹਿਤਾਂ ਦੀ ਪੈਰਵੀ ਕਰਦਾ ਹੈ ਤੋਂ ਬਾਅਦ ਆਇਆ ਹੈ। ਵਾਤਵਰਣ ਸਬੰਧੀ ਅਮਰੀਕਾ ਦੀ ਅਗਵਾਈ ਬਾਰੇ ਵਾਈਟ ਹਾਊਸ ਵਿੱਚ ਹੋਏ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਟਰੰਪ ਨੇ ਕਿਹਾ ਕਿ ਵਰ੍ਹਿਆਂ ਤੋਂ ਅਮਰੀਕਨਾਂ ਨੂੰ ਰਾਜਸੀ ਆਗੂ ਦੱਸਦੇ ਆਏ ਹਨ ਮਜ਼ਬੂਤ ਆਰਥਿਕਤਾ ਅਤੇ ਜ਼ਬਰਦਸਤ ਊਰਜਾ ਖੇਤਰ ਦਾ ਸਿਹਤਮੰਦ ਵਾਤਾਵਰਣ ਨਾਲ ਕੋਈ ਸਬੰਧ ਨਹੀਂ ਹੈ ਜਾਂ ਇਹ ਇੱਕ ਦੂਜੇ ਦੇ ਪੂਰਕ ਨਹੀਂ ਹਨ। ਪਰ ਇਹ ਗਲਤ ਹੈ, ਇਸ ਲਈ ਅਸੀਂ ਇਸ ਦੇ ਉਲਟ ਮੁਹੱਈਆ ਕਰਵਾ ਰਹੇ ਹਾਂ। ਰਾਸ਼ਟਰਪਤੀ ਨੇ ਕਿਹਾ ਕਿ ਸਿਹਤਮੰਦ ਵਾਤਾਵਰਣ ਲਈ ਮਜ਼ਬੂਤ ਆਰਥਿਕਤਾ ਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਉੱਤੇ ਅਮਰੀਕੀ ਊਰਜਾ ਸੈਕਟਰ ਬਾਰੇ ਬੇਰਹਿਮ ਜੰਗ ਛੇੜਨ ਦਾ ਵੀ ਦੋਸ਼ ਲਾਇਆ ਹੈ। ਉਨ੍ਹਾਂ ਪੈਰਿਸ ਸਮਝੌਤੇ ਬਾਰੇ ਕਿਹਾ ਕਿ ਉਹ ਸਾਡੇ ਵਰਕਰਾਂ, ਉਤਪਾਦਕਾਂ ਅਤੇ ਕਾਰੋਬਾਰੀਆਂ ਨੂੰ ਸਜ਼ਾ ਦੇਣੀ ਚਾਹੁੰਦੇ ਹਨ ਪਰ ਆਪਣਾ ਉਤਪਾਦਨ ਜਾਰੀ ਰੱਖ ਰਹੇ ਹਨ।

Previous articleਭਾਜਪਾ ਨਿਸ਼ਾਨਾ ਬਣਾਉਣ ਦੀ ਸਿਆਸਤ ਬੰਦ ਕਰੇ: ਕਾਂਗਰਸ
Next articleਨਸ਼ੇੜੀਆਂ ਨੂੰ ਬਚਾਉਣ ਲਈ ਪਰਿਵਾਰਕ ਮੈਂਬਰਾਂ ਨੇ ਅਧਿਕਾਰੀਆਂ ਨੂੰ ਵਾਸਤਾ ਪਾਇਆ