ਗੈਂਗਸਟਰ ਦੂਬੇ ਦਾ ਨੇੜਲਾ ਸਾਥੀ ਹਲਾਕ, ਛੇ ਹੋਰ ਗ੍ਰਿਫ਼ਤਾਰ

ਲਖਨਊ/ਕਾਨਪੁਰ, (ਸਮਾਜਵੀਕਲੀ) : ਉੱਤਰ ਪ੍ਰਦੇਸ਼ ਦੀ ਵਿਸ਼ੇਸ਼ ਟਾਸਕ ਫੋਰਸ ਨੇ ਹਮੀਰਪੁਰ ’ਚ ਹੋਏ ਮੁਕਾਬਲੇ ਦੌਰਾਨ ਗੈਂਗਸਟਰ ਵਿਕਾਸ ਦੂਬੇ ਦੇ ਨੇੜਲੇ ਸਾਥੀ ਅਤੇ 50 ਹਜ਼ਾਰ ਰੁਪਏ ਦੇ ਇਸ਼ਤਿਹਾਰੀ ਮੁਜਰਮ ਅਮਰ ਦੂਬੇ ਨੂੰ ਮਾਰ ਮੁਕਾਇਆ ਜਦਕਿ ਕਾਨਪੁਰ ਅਤੇ ਫਰੀਦਾਬਾਦ ’ਚ ਹੋਏ ਮੁਕਾਬਲਿਆਂ ’ਚ ਛੇ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਮੀਰਪੁਰ ’ਚ ਹੋਏ ਮੁਕਾਬਲੇ ਦੌਰਾਨ ਦੋ ਪੁਲੀਸ ਕਰਮੀ ਜ਼ਖ਼ਮੀ ਹੋਏ ਹਨ। ਇਸ ਦੌਰਾਨ ਉੱਤਰ ਪ੍ਰਦੇਸ਼ ਸਰਕਾਰ ਨੇ ਵਿਕਾਸ ਦੂਬੇ ਬਾਰੇ ਸੂਹ ਦੇਣ ਵਾਲੇ ਨੂੰ ਇਨਾਮ ਦੇਣ ਦੀ ਰਾਸ਼ੀ ਢਾਈ ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਹੈ।

ਏਡੀਜੀਪੀ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਹਮੀਰਪੁਰ ’ਚੋਂ .32 ਬੋਰ ਦੀ ਗ਼ੈਰ-ਲਾਇਸੈਂਸੀ ਸੈਮੀ-ਆਟੋਮੈਟਿਕ ਪਿਸਤੌਲ ਵੀ ਬਰਾਮਦ ਹੋਈ ਹੈ। ਹਮੀਰਪੁਰ ਦੇ ਐੱਸਪੀ ਸ਼ਲੋਕ ਕੁਮਾਰ ਨੇ ਦੱਸਿਆ ਕਿ ਸੂਹ ਮਿਲਣ ’ਤੇ ਅਮਰ ਨੂੰ ਘੇਰਿਆ ਗਿਆ ਅਤੇ ਗੋਲੀਬਾਰੀ ਦੌਰਾਨ ਉਹ ਜ਼ਖ਼ਮੀ ਹੋ ਗਿਆ ਸੀ ਪਰ ਹਸਪਤਾਲ ’ਚ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਬਿਕਰੂ ਪਿੰਡ ’ਚ ਅੱਠ ਪੁਲੀਸ ਕਰਮੀਆਂ ਦੀ ਮੌਤ ਮਗਰੋਂ ਪੁਲੀਸ ਵਿਕਾਸ ਦੂਬੇ ਗਰੋਹ ਦੇ ਤੀਜੇ ਮੈਂਬਰ ਨੂੰ ਮੁਕਾਬਲੇ ਦੌਰਾਨ ਮਾਰ ਚੁੱਕੀ ਹੈ। ਏਡੀਜੀਪੀ ਨੇ ਕਿਹਾ ਕਿ ਦੋ ਏਕੇ-47 ਅਤੇ ਇਨਸਾਸ ਰਾਈਫਲਾਂ ਅਜੇ ਮਿਲਣੀਆਂ ਬਾਕੀ ਹਨ।

Previous articleਅੰਬੇਡਕਰ ਦੇ ਘਰ ਦੀ ਭੰਨਤੋੜ, ਇੱਕ ਕਾਬੂ
Next articleਟੀਵੀ ਪੱਤਰਕਾਰ ਅਮੀਸ਼ ਦੇਵਗਨ ਖ਼ਿਲਾਫ਼ ਸਖ਼ਤ ਕਾਰਵਾਈ ’ਤੇ ਫ਼ਿਲਹਾਲ ਰੋਕ