ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਥੀ ਗ੍ਰਿਫ਼ਤਾਰ, ਸੋਨੇ ਤੇ ਚਾਂਦੀ ਦੇ ਗਹਿਣੇ ਬਰਾਮਦ

ਤਰਨਤਾਰਨ ਪੁਲਿਸ ਨੇ ਜੇਲ੍ਹ ‘ਚ ਬੰਦ ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਕਰੀਬੀ ਸਾਥੀ ਨੂੰ ਅਸਲੇ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਦਕਿ ਉਕਤ ਮੁਲਜ਼ਮ ਕੋਲੋਂ ਪੁਲਿਸ ਨੇ ਸੋਨੇ ਤੇ ਚਾਂਦੀ ਦੇ ਗਹਿਣੇ ਵੀ ਭਾਰੀ ਮਾਤਰਾ ‘ਚ ਬਰਾਮਦ ਕੀਤੇ ਹਨ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਐੱਸਪੀ ਪੜਤਾਲ ਜਗਜੀਤ ਸਿੰਘ ਵਾਲੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੀਆਈਏ ਸਟਾਫ ਤਰਨਤਾਰਨ ਦੇ ਇੰਚਾਰਜ ਇੰਸਪੈਕਟਰ ਹਰਿਤ ਸ਼ਰਮਾ ਦੀ ਅਗਵਾਈ ਹੇਠ ਸਬ ਇੰਸਪੈਕਟਰ ਮਨਮੋਹਣ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਬਲਜੀਤ ਸਿੰਘ ਉਰਫ਼ ਬੁੱਲੀ ਪੁੱਤਰ ਸੰਤੋਖ ਸਿੰਘ ਵਾਸੀ ਜੰਡਿਆਲਾ ਗੁਰੂ ਨੂੰ ਗਿ੍ਫ਼ਤਾਰ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਬੁੱਲੀ ਜੇਲ੍ਹ ‘ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਨਜ਼ਦੀਕੀ ਸਾਥੀ ਹੈ ਅਤੇ ਪੁਲਿਸ ਨੇ ਉਸ ਦੇ ਕੋਲੋਂ ਇਕ ਦੇਸੀ ਪਿਸਤੌਲ 315 ਬੋਰ ਤੇ ਚਾਰ ਜ਼ਿੰਦਾ ਕਾਰਤੂਸ, ਇਕ ਦੇਸੀ ਪਿਸਤੌਲ 32 ਬੋਰ ਅਤੇ 9 ਕਾਰਤੂਸਾਂ ਤੋਂ ਇਲਾਵਾ 172 ਗ੍ਰਾਮ ਸੋਨਾ ਅਤੇ 339 ਗ੍ਰਾਮ ਚਾਂਦੀ ਬਰਾਮਦ ਕੀਤੀ ਹੈ।

ਪੁੱਛਗਿੱਛ ਦੌਰਾਨ ਬਲਜੀਤ ਸਿੰਘ ਬੁੱਲੀ ਨੇ ਖ਼ੁਲਾਸਾ ਕੀਤਾ ਕਿ ਜੱਗੂ ਭਗਵਾਨਪੁਰੀਆ ਗੈਂਗ ਨਾਲ ਸਬੰਧਤ ਅਵਤਾਰ ਸਿੰਘ ਦਾਨੀ ਪੁੱਤਰ ਕਰਮ ਸਿੰਘ, ਨਵਦੀਪ ਸਿੰਘ ਚਿੰਟੂ ਪੁੱਤਰ ਸਰਦੂਲ ਸਿੰਘ, ਸੁਖਵਿੰਦਰ ਸਿੰਘ ਘੁੱਦੂ ਪੁੱਤਰ ਮੁਖਤਾਰ ਸਿੰਘ, ਵਿਸ਼ਾਲ ਸਿੰਘ ਪੁੱਤਰ ਬਿੱਕਰ ਸਿੰਘ ਅਤੇ ਰੋਬਨ ਪੁੱਤਰ ਪ੍ਰਗਟ ਸਿੰਘ ਵਾਸੀ ਮੁੱਹਲਾ ਸ਼ੇਖੂਪੁਰਾ ਜੰਡਿਆਲਾ ਗੁਰੂ ਲੁੱਟਾਂ ਖੋਹਾਂ ਕਰਨ ਦੇ ਨਾਲ ਨਾਲ ਲੋਕਾਂ ਨੂੰ ਧਮਕਾ ਕੇ ਪੈਸੇ ਵਸੂਲਦੇ ਹਨ।

ਉਸ ਨੇ ਕਬੂਲ ਕੀਤਾ ਕਿ ਬਰਾਮਦ ਹੋਇਆ ਸੋਨਾ ਤੇ ਚਾਂਦੀ ਅਵਤਾਰ ਸਿੰਘ ਉਰਫ਼ ਦਾਨੀ ਅਤੇ ਨਵਦੀਪ ਸਿੰਘ ਚਿੰਟੂ ਦਾ ਹੈ ਜੋ ਉਨ੍ਹਾਂ ਨੇ ਉਸਦੇ ਕੋਲ ਰੱਖਿਆ ਸੀ। ਐੱਸਪੀ ਨੇ ਦੱਸਿਆ ਕਿ ਗੈਂਗ ਦੇ ਉਕਤ ਮੈਂਬਰਾਂ ਦੀ ਗਿ੍ਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Previous articleUNSC reform process flouting negotiation norms: India
Next articleFadnavis, Ajit Pawar, other Maha MLAs take oath