ਆਦਿਲ ਰਾਸ਼ਿਦ ਵੱਲੋਂ ਪੰਜ ਗੇਂਦਾਂ ’ਚ ਹਾਸਲ ਕੀਤੀਆਂ ਆਖਰੀ ਚਾਰ ਵਿਕਟਾਂ ਦੀ ਬਦੌਲਤ ਇੰਗਲੈਂਡ ਗ੍ਰੇਨਾਡਾ ਦੇ ਵੱਡੇ ਸਕੋਰ ਵਾਲੇ ਚੌਥੇ ਇੱਕ ਰੋਜ਼ਾ ਕ੍ਰਿਕਟ ਮੈਚ ’ਚ ਵੈਸਟਇੰਡੀਜ਼ ’ਤੇ 29 ਦੌੜਾਂ ਨਾਲ ਜਿੱਤ ਦਰਜ ਕੀਤੀ। ਮਹਿਮਾਨ ਟੀਮ ਨੇ ਛੇ ਵਿਕਟਾਂ ’ਤੇ 418 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ, ਜਿਸ ’ਤੇ ਮੇਜ਼ਬਾਨ ਟੀਮ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਵੱਲੋਂ 97 ਗੇਂਦਾਂ ’ਚ 162 ਦੌੜਾਂ (14 ਛੱਕੇ, 11 ਚੌਕੇ) ਦੀ ਖੇਡੀ ਪਾਰੀ ਦੇ ਬਾਵਜੂਦ ਜਿੱਤ ਹਾਸਲ ਨਾ ਕਰ ਸਕੀ।
ਮੇਜ਼ਬਾਨ ਟੀਮ 48ਵੇਂ ਓਵਰ ਤੱਕ ਦੌੜ ’ਚ ਬਣੀ ਰਹੀ, ਪਰ ਲੈੱਗ ਸਪਿੰਨਰ ਰਾਸ਼ਿਦ ਨੇ ਕਾਰਲੋਸ ਬ੍ਰੈਥਵੇਟ ਤੇ ਐਸ਼ਲੇ ਨਰਸ ਵਿਚਾਲੇ ਸੱਤਵੀਂ ਵਿਕਟ ਲਈ 88 ਦੌੜਾਂ ਦੀ ਭਾਈਵਾਲੀ ਤੋੜ ਕੇ ਵਿੰਡੀਜ਼ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ। ਇਸ ਤੋਂ ਬਾਅਦ ਰਾਸ਼ਿਦ ਨੇ ਅਗਲੀਆਂ ਚਾਰ ਗੇਂਦਾਂ ’ਚ ਤਿੰਨ ਵਿਕਟਾਂ ਹਾਸਲ ਕਰਕੇ ਮੈਚ ਇੰਗਲੈਂਡ ਦੇ ਨਾਂ ਕਰ ਦਿੱਤਾ। ਰਾਸ਼ਿਦ ਨੇ 10 ਓਵਰਾਂ ’ਚ 85 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ ਜਦਕਿ ਮਾਰਕ ਵੁੱਡ ਨੇ 10 ਓਵਰਾਂ ’ਚ 60 ਦੌੜਾਂ ਦੇ ਕੇ ਚਾਰ ਵਿਕਟਾਂ ਝਟਕੀਆਂ। ਵੈਸਟਇੰਡੀਜ਼ ਦੀ ਟੀਮ 389 ਦੌੜਾਂ ਬਣਾ ਕੇ ਆਊਟ ਹੋ ਗਈ। ਇੰਗਲੈਂਡ ਨੇ ਪੰਜ ਮੈਚਾਂ ਦੀ ਲੜੀ ’ਚ 2-1 ਦੀ ਲੀਡ ਹਾਸਲ ਕਰ ਲਈ ਹੈ ਅਤੇ ਇਸ ਲੜੀ ਦਾ ਆਖਰੀ ਮੈਚ ਸ਼ਨਿਚਰਵਾਰ ਨੂੰ ਸੇਂਟ ਲੂਸੀਆ ’ਚ ਖੇਡਿਆ ਜਾਵੇਗਾ। ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ। ਇੰਗਲੈਂਡ ਲਈ ਜੋਸ ਬਟਲਰ ਨੇ 77 ਗੇਂਦਾਂ ’ਚ 150 ਦੌੜਾਂ (12 ਛੱਕੇ ਤੇ 13 ਚੌਕੇ) ਦੀ ਸ਼ਾਨਦਾਰ ਪਾਰੀ ਖੇਡੀ ਜਦਕਿ ਇਓਨ ਮੌਰਗਨ ਨੇ 88 ਗੇਂਦਾਂ ’ਚ 103 ਦੌੜਾਂ (6 ਛੱਕੇ ਤੇ ਅੱਠ ਚੌਕੇ) ਬਣਾਈਆਂ। ਵੈਸਟਇੰਡੀਜ਼ ਲਈ ਗੇਲ ਤੋਂ ਇਲਾਵਾ ਡੇਰੇਨ ਬਰਾਵੋ ਨੇ 61 ਦੌੜਾਂ ਦੀ ਪਾਰੀ ਖੇਡੀ ਤੇ ਦੋਵਾਂ ਨੇ ਤੀਜੇ ਵਿਕਟ ਲਈ 176 ਦੌੜਾਂ ਦੀ ਭਾਈਵਾਲੀ ਵੀ ਕੀਤੀ।
Sports ਗੇਲ ਦੇ ਸੈਂਕੜੇ ਨੂੰ ਰਾਸ਼ਿਦ ਦੀ ਫਿਰਕੀ ਨੇ ਗੇੜੇ ਦਿੱਤੇ