ਭਾਰਤੀ ਟੀਮ ਜਦ ਐਤਵਾਰ ਨੂੰ ਵੈਸਟਇੰਡੀਜ਼ ਖ਼ਿਲਾਫ਼ ਦੂਜੇ ਟੀ-20 ਮੁਕਾਬਲੇ ਵਿਚ ਉਤਰੇਗੀ ਤਾਂ ਉਹ ਆਪਣੀ ਗੇਂਦਬਾਜ਼ੀ ਤੇ ਫੀਲਡਿੰਗ ਵਿਚ ਸੁਧਾਰ ਕਰਨਾ ਚਾਹੇਗੀ। ਇਸੇ ਨਾਲ ਇਕ ਵਾਰ ਮੁੜ ਬੱਲੇਬਾਜ਼ਾਂ ਦੇ ਸੁਪਰ ਸ਼ੋਅ ਰਾਹੀਂ ਸੀਰੀਜ਼ ਵਿਚ ਅਜੇਤੂ ਬੜ੍ਹਤ ਬਣਾਉਣ ‘ਤੇ ਵੀ ਉਸ ਦੀ ਨਜ਼ਰ ਹੋਵੇਗੀ।
ਸ਼ੁੱਕਰਵਾਰ ਨੂੰ ਮਹਿਮਾਨ ਟੀਮ ਨੂੰ ਛੇ ਵਿਕਟਾਂ ਨਾਲ ਹਰਾ ਕੇ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਸੀ। ਭਾਰਤੀ ਟੀਮ ਨੇ ਪਿਛਲੇ ਮਹੀਨੇ ਬੰਗਲਾਦੇਸ਼ ਨੂੰ ਵੀ ਟੀ-20 ਸੀਰੀਜ਼ ਵਿਚ 2-1 ਨਾਲ ਹਰਾਇਆ ਸੀ। ਐਤਵਾਰ ਦੀ ਜਿੱਤ ਭਾਰਤੀ ਟੀਮ ਨੂੰ ਨਾ ਸਿਰਫ਼ ਸੀਰੀਜ਼ ਵਿਚ ਅਜੇਤੂ ਬੜ੍ਹਤ ਦਿਵਾਏਗੀ ਬਲਕਿ ਇਸ ਨਾਲ ਉਸ ਨੂੰ ਅਗਲੇ ਟੀ-20 ਵਿਸ਼ਵ ਕੱਪ ਨੂੰ ਦੇਖਦੇ ਹੋਏ ਆਪਣੀ ਬੈਂਚ ਸਟ੍ਰੈਂਥ ਨੂੰ ਅਜ਼ਮਾਉਣ ਦਾ ਮੌਕਾ ਵੀ ਮਿਲੇਗਾ।
ਭਾਰਤੀ ਟੀਮ ਨੇ ਸ਼ੁੱਕਰਵਾਰ ਨੂੰ ਟੀ-20 ਅੰਤਰਰਾਸ਼ਟਰੀ ਵਿਚ ਆਪਣਾ ਸਰਬੋਤਮ ਟੀਚਾ ਹਾਸਲ ਕੀਤਾ। ਭਾਰਤ ਨੇ ਹੈਦਰਾਬਾਦ ਵਿਚ ਸਿਰਫ਼ 18.4 ਓਵਰਾਂ ਵਿਚ ਹੀ 209 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ ਸੀ। ਜਿੱਥੇ ਕੇਐੱਲ ਰਾਹੁਲ ਨੇ 40 ਗੇਂਦਾਂ ‘ਤੇ 62 ਦੌੜਾਂ ਬਣਾ ਕੇ ਜਿੱਤ ਦਾ ਪਲੇਟਫਾਰਮ ਤੈਆਰ ਕੀਤਾ ਸੀ ਤੇ ਬਾਅਦ ਵਿਚ ਵਿਰਾਟ ਕੋਹਲੀ ਨੇ ਅਜੇਤੂ 94 ਦੌੜਾਂ ਬਣਾ ਕੇ ਟੀ-20 ਕਰੀਅਰ ਦੀ ਸਰਬੋਤਮ ਪਾਰੀ ਖੇਡੀ ਸੀ।
ਭਾਰਤੀ ਟੀਮ ਨੂੰ ਗੇਂਦਬਾਜ਼ੀ ਤੇ ਫੀਲਡਿੰਗ ‘ਚ ਸੁਧਾਰ ਕਰਨ ਦੀ ਲੋੜ ਹੈ। ਭਾਰਤ ਦੇ ਸੁੰਦਰ ਤੇ ਰੋਹਿਤ ਸ਼ਰਮਾ ਕੈਚ ਛੱਡਦੇ ਦਿਖਾਈ ਦਿੱਤੇ। ਜੇ ਇਸ ਵਾਰ ਵੀ ਉਨ੍ਹਾਂ ਨੇ ਕੈਚ ਛੱਡੇ ਤਾਂ ਮੈਚ ਵੀ ਉਨ੍ਹਾਂ ਦੇ ਹੱਥੋਂ ਨਿਕਲ ਸਕਦਾ ਹੈ। ਬਾਊਂਡਰੀ ਕੋਲ ਵੀ ਇਨ੍ਹਾਂ ਨੂੰ ਮਿਹਨਤ ਕਰਨ ਦੀ ਲੋੜ ਹੈ। ਦੂਜੇ ਪਾਸੇ ਮਹਿਮਾਨ ਟੀਮ ਵਾਪਸੀ ਦੀ ਕੋਸ਼ਿਸ਼ ਕਰੇਗੀ ਪਰ ਉਸ ਲਈ ਭਾਰਤੀ ਬੱਲੇਬਾਜ਼ਾਂ ਨੂੰ ਰੋਕਣਾ ਜ਼ਰੂਰੀ ਹੋਵੇਗਾ।
ਦੋਵਾਂ ਟੀਮਾਂ ‘ਚ ਸ਼ਾਮਲ ਖਿਡਾਰੀ
ਭਾਰਤ :
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਸੰਜੂ ਸੈਮਸਨ, ਰਿਸ਼ਭ ਪੰਤ (ਵਿਕਟਕੀਪਰ), ਮਨੀਸ਼ ਪਾਂਡੇ, ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਯੁਜਵਿੰਦਰ ਸਿੰਘ ਚਹਿਲ, ਕੁਲਦੀਪ ਯਾਦਵ, ਦੀਪਕ ਚਾਹਰ, ਭੁਵਨੇਸ਼ਵਰ ਕੁਮਾਰ ਤੇ ਮੁਹੰਮਦ ਸ਼ਮੀ।
ਵੈਸਟਇੰਡੀਜ਼ :
ਕੀਰੋਨ ਪੋਲਾਰਡ (ਕਪਤਾਨ), ਫੇਬੀਅਨ ਏਲੇਨ, ਬਰੈਂਡਨ ਕਿੰਗ, ਦਿਨੇਸ਼ ਰਾਮਦੀਨ, ਸ਼ੇਲਡਨ ਕਾਟਰੇਲ, ਇਵਿਨ ਲੁਇਸ, ਸ਼ੇਰਫੇਨ ਰਦਰਫੋਰਡ, ਸ਼ਿਮਰੋਨ ਹੇਟਮਾਇਰ, ਖਾਰੇ ਪੀਅਰੇ, ਲੇਂਡਲ ਸਿਮੰਸ, ਜੇਸਨ ਹੋਲਡਰ, ਹੇਡਨ ਵਾਲਸ਼ ਜੂਨੀਅਰ, ਕੀਮੋ ਪਾਲ, ਕੇਸਰਿਕ ਵਿਲੀਅਮਜ਼।
ਨੰਬਰ ਗੇਮ
-13 ਮਹੀਨਿਆਂ ਵਿਚ ਭਾਰਤ ਨੇ ਵਿਸ਼ਵ ਚੈਂਪੀਅਨ ਵੈਸਟਇੰਡੀਜ਼ ਖ਼ਿਲਾਫ਼ ਸੱਤ ਟੀ-20 ਮੁਕਾਬਲੇ ਖੇਡੇ ਹਨ ਤੇ ਸਾਰਿਆਂ ਵਿਚ ਭਾਰਤੀ ਟੀਮ ਨੇ ਜਿੱਤ ਦਰਜ ਕੀਤੀ ਹੈ।
-2547 ਦੌੜਾਂ ਰੋਹਿਤ ਸ਼ਰਮਾ ਤੇ 2544 ਦੌੜਾਂ ਵਿਰਾਟ ਕੋਹਲੀ ਹੁਣ ਤਕ ਟੀ-20 ਅੰਤਰਰਾਸ਼ਟਰੀ ਵਿਚ ਬਣਾ ਚੁੱਕੇ ਹਨ। ਟੀ-20 ਅੰਤਰਰਾਸ਼ਟਰੀ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ਵਿਚ ਦੋਵਾਂ ਵਿਚਾਲੇ ਜ਼ਬਰਦਸਤ ਜੰਗ ਚੱਲ ਰਹੀ ਹੈ।
-01 ਮੁਕਾਬਲਾ ਹੁਣ ਤਕ ਵੈਸਟਇੰਡੀਜ਼ ਦੀ ਟੀਮ ਨੇ ਤਿਰੂਵਨੰਤਪੁਰਮ ਵਿਚ ਖੇਡਿਆ ਹੈ। ਨਵੰਬਰ 2018 ਵਿਚ ਮਹਿਮਾਨ ਟੀਮ ਇਸ ਮੈਦਾਨ ‘ਤੇ ਸਿਰਫ਼ 104 ਦੌੜਾਂ ‘ਤੇ ਸਿਮਟ ਗਈ ਸੀ ਤੇ ਨੌਂ ਵਿਕਟਾਂ ਨਾਲ ਹਾਰ ਗਈ ਸੀ।
-04 ਮੈਚਾਂ ਦੀ ਪਾਬੰਦੀ ਸਹਿਣ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ ਐਤਵਾਰ ਨੂੰ ਵਾਪਸੀ ਕਰਨਗੇ ਤੇ ਦਿਨੇਸ਼ ਰਾਮਦੀਨ ਦੀ ਥਾਂ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਸੰਭਾਲਣਗੇ।