ਨਵੀਂ ਦਿੱਲੀ (ਸਮਾਜਵੀਕਲੀ):
‘ਗੂਗਲ’ ਦੇ ਸੀਈਓ ਸੁੰਦਰ ਪਿਚਈ ਨੇ ਅੱਜ ਐਲਾਨ ਕੀਤਾ ਹੈ ਕਿ ਕੰਪਨੀ ਅਗਲੇ 5-7 ਸਾਲਾਂ ਦੌਰਾਨ ਭਾਰਤ ਵਿਚ 75,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਹ ਰਾਸ਼ੀ ਭਾਰਤ ਵਿਚ ਡਿਜੀਟਲ ਤਬਦੀਲੀਆਂ ਲਿਆਉਣ ਲਈ ਖ਼ਰਚੀ ਜਾਵੇਗੀ। ‘ਗੂਗਲ ਫਾਰ ਇੰਡੀਆ ਡਿਜੀਟਾਈਜ਼ੇਸ਼ਨ ਫੰਡ’ ਬਾਰੇ ਪਿਚਈ ਨੇ ਕਿਹਾ ਕਿ ਨਵਾਂ ਕਦਮ ਕੰਪਨੀ ਵੱਲੋਂ ਭਾਰਤ ਦੇ ਭਵਿੱਖ ਵਿਚ ਜਤਾਏ ਭਰੋਸੇ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਚਾਰ ਅਹਿਮ ਖੇਤਰਾਂ ਉਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਹਰੇਕ ਭਾਰਤੀ ਨੂੰ ਉਸ ਦੀ ਭਾਸ਼ਾ ਵਿਚ ਸੂਚਨਾ ਤੇ ਪਹੁੰਚ ਮੁਹੱਈਆ ਕਰਵਾਉਣੀ ਯਕੀਨੀ ਬਣਾਈ ਜਾਵੇਗੀ। ਭਾਰਤ ਦੀਆਂ ਲੋੜਾਂ ਦੇ ਹਿਸਾਬ ਨਾਲ ਨਵੇਂ ਪ੍ਰੋਡਕਟ ਤੇ ਸੇਵਾਵਾਂ ਲਾਂਚ ਕੀਤੀਆਂ ਜਾਣਗੀਆਂ। ਕਾਰੋਬਾਰਾਂ ਨੂੰ ਡਿਜੀਟਲ ਤਬਦੀਲੀ ਲਿਆ ਕੇ ਮਜ਼ਬੂਤੀ ਪ੍ਰਦਾਨ ਕੀਤੀ ਜਾਵੇਗੀ। ਸਮਾਜਿਕ ਪੱਧਰ ’ਤੇ ਬਿਹਤਰ ਬਦਲ ਮੁਹੱਈਆ ਕਰਵਾਉਣ ਲਈ ਤਕਨੀਕ ਦੀ ਵਰਤੋਂ ਵੱਧ ਤੋਂ ਵੱਧ ਕੀਤੀ ਜਾਵੇਗੀ।
ਸਿਹਤ, ਵਿਦਿਆ ਤੇ ਖੇਤੀਬਾੜੀ ਸੈਕਟਰਾਂ ਉਤੇ ਜ਼ਿਆਦਾ ਧਿਆਨ ਕੇਂਦਰਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੁੰਦਰ ਪਿਚਈ ਨਾਲ ਗੱਲਬਾਤ ਕੀਤੀ ਹੈ ਤੇ ਦੋਵਾਂ ਨੇ ਭਾਰਤੀ ਕਿਸਾਨਾਂ ਤੇ ਨੌਜਵਾਨਾਂ ਦੀਆਂ ਜ਼ਿੰਦਗੀਆਂ ’ਚ ਤਬਦੀਲੀ ਲਿਆਉਣ ਜਿਹੇ ਮੁੱਦਿਆਂ ਉਤੇ ਵਿਚਾਰ-ਚਰਚਾ ਕੀਤੀ।