ਚੰਡੀਗੜ੍ਹ : ਆਈਟੀ ਖੇਤਰ ਦੀ ਮੋਹਰੀ ਕੰਪਨੀ ਗੂਗਲ ਨੇ ਆਪਣੇ ਪਲੇਅ ਸਟੋਰ ਤੋਂ ਵੱਖਵਾਦੀ ਅਤੇ ਭਾਰਤ ਵਿਰੋਧੀ ਮੋਬਾਈਲ ਐਪਲੀਕੇਸ਼ਨ ‘2020 ਸਿੱਖ ਰੈਫਰੈਂਡਮ’ ਨੂੰ ਹਟਾ ਦਿੱਤਾ ਹੈ। ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦਾਅਵਾ ਕੀਤਾ ਹੈ ਕਿ ਗੂਗਲ ਨੇ ਇਹ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੰਗ ‘ਤੇ ਕੀਤਾ ਹੈ।
ਮੁੱਖ ਮੰਤਰੀ ਨੇ ਇਸ ਸਬੰਧੀ ਕੇਂਦਰ ਸਰਕਾਰ ਨੂੰ ਵੀ ਗੂਗਲ ‘ਤੇ ਦਬਾਅ ਬਣਾਉਣ ਦੀ ਅਪੀਲ ਕੀਤੀ ਸੀ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ ‘ਆਈਸਟੈੱਕ’ ਵੱਲੋਂ ਬਣਾਈ ਗਈ ਐਪ ਨੂੰ ਲਾਂਚ ਕਰਨ ਨਾਲ ਪੈਦਾ ਹੋਣ ਵਾਲੇ ਖ਼ਤਰੇ ਨਾਲ ਨਜਿੱਠਣ ਲਈ ਸੂਬੇ ਦੇ ਡੀਜੀਪੀ ਨੂੰ ਵੀ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਕਰਨ ਵਾਸਤੇ ਕਿਹਾ ਸੀ। ਇਸ ਐਪ ਰਾਹੀਂ ਆਮ ਲੋਕਾਂ ਨੂੰ ‘ਪੰਜਾਬ ਰੈਫਰੈਂਡਮ 2020 ਖ਼ਾਲਿਸਤਾਨ’ ਵਾਸਤੇ ਵੋਟ ਦੇਣ ਅਤੇ ਇਸ ਮੰਤਵ ਲਈ ਇਸ ਹੀ ਨਾਂ ਹੇਠ ਇਕ ਵੈੱਬਸਾਈਟ ਵੀ ਸ਼ੁਰੂ ਕੀਤੀ ਗਈ ਸੀ।
ਡੀਆਈਟੀਏਸੀ ਲੈਬ ਪੰਜਾਬ ਵਿਚ ਇਸ ਐਪ ਅਤੇ ਵੈੱਬਸਾਈਟ ਦੀ ਘੋਖ ਕਰਨ ਦੌਰਾਨ ਇਹ ਪਾਇਆ ਗਿਆ ਕਿ ਇਸ ਐਪ ਰਾਹੀਂ ਰਜਿਸਟਰਡ ਹੋਣ ਵਾਲੇ ਵੋਟਰਾਂ ਦਾ ਡਾਟਾ ਵੈੱਬਸਾਈਟ ਦੇ ਸਰਵਰ ਨਾਲ ਜੁੜ ਕੇ ਸਟੋਰ ਹੋ ਜਾਂਦਾ ਹੈ। ਇਸ ਵੈੱਬਸਾਈਟ ਦੀ ਸਿਰਜਣਾ ‘ਸਿੱਖਸ ਫਾਰ ਜਸਟਿਸ’ ਵੱਲੋਂ ਕੀਤੀ ਗਈ ਅਤੇ ਇਸ ਵੱਲੋਂ ਹੀ ਇਸ ਨੂੰ ਚਲਾਇਆ ਜਾਂਦਾ ਹੈ ਜਦਕਿ ਇਸ ਜਥੇਬੰਦੀ ‘ਤੇ ਭਾਰਤ ਸਰਕਾਰ ਨੇ ਪਾਬੰਦੀ ਲਾਈ ਹੋਈ ਹੈ।
ਇਸ ਤੋਂ ਬਾਅਦ ਪੰਜਾਬ ਦੇ ਸਾਈਬਰ ਕਰਾਈਮ ਸੈਂਟਰ ਦੇ ਜਾਂਚ ਬਿਊਰੋ ਨੇ ਗੂਗਲ ਪਲੇਅ ਸਟੋਰ ਤੋਂ ਇਸ ਐਪ ਨੂੰ ਹਟਾਉਣ ਅਤੇ ਭਾਰਤ ਵਿਚ ਵੈੱਬਸਾਈਟ ਨੂੰ ਬਲੌਕ ਕਰਵਾਉਣ ਲਈ ਲੋੜੀਂਦੇ ਕਦਮ ਚੁੱਕੇ।
ਵਧੀਕ ਮੁੱਖ ਸਕੱਤਰ ਗ੍ਰਹਿ ਤੋਂ ਪ੍ਰਵਾਨਗੀ ਹਾਸਲ ਕਰਨ ਤੋਂ ਬਾਅਦ ਇਕ ਬੇਨਤੀ ਪੱਤਰ ਕੇਂਦਰ ਸਰਕਾਰ ਦੇ ਬਿਜਲੀ ਉਪਕਰਨ ਅਤੇ ਸੂਚਨਾ ਤੇ ਤਕਨਾਲੋਜੀ ਵਿਭਾਗ ਦੇ ਸਾਈਬਰ ਲਾਅ ਡਵੀਜ਼ਨ ਨੂੰ ਭੇਜ ਕੇ ਸਬੰਧਤ ਐਕਟਾਂ ਅਧੀਨ ਗੂਗਲ ਪਲੇਅ ਸਟੋਰ ਤੋਂ ਇਹ ਐਪ ਹਟਾਉਣ ਅਤੇ ਵੈੱਬਸਾਈਟ ਨੂੰ ਬਲੌਕ ਕਰਨ ਦੀ ਮੰਗ ਕੀਤੀ।
ਆਈਜੀਪੀ ਕਰਾਈਮ ਨਾਗੇਸ਼ਵਰ ਰਾਓ ਅਤੇ ਸੂਬੇ ਦੇ ਸਾਈਬਰ-ਕਮ-ਡੀਆਈਟੀਏਸੀ ਲੈਬ ਦੇ ਇੰਚਾਰਜ ਨੇ ਵੀ ਗੂਗਲ ਇੰਡੀਆ ਦੇ ਕਾਨੂੰਨੀ ਸੈੱਲ ਕੋਲ ਇਹ ਮਸਲਾ ਉਠਾਇਆ ਅਤੇ ਕੰਪਨੀ ਨੇ ਇਹ ਸਵੀਕਾਰ ਕੀਤਾ ਕਿ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ ਵੱਲੋਂ ਗੂਗਲ ਪਲੇਟਫਾਰਮ ਦੀ ਵਰਤੋਂ ਗ਼ੈਰ-ਕਾਨੂੰਨੀ ਅਤੇ ਭਾਰਤ ਵਿਰੋਧੀ ਸਰਗਰਮੀਆਂ ਲਈ ਕੀਤੀ ਗਈ। ਇਸ ਸੰਦਰਭ ਵਿਚ ਹੀ ਕੰਪਨੀ ਨੇ ਪਲੇਅ ਸਟੋਰ ਤੋਂ ਐਪ ਹਟਾਉਣ ਦਾ ਫ਼ੈਸਲਾ ਲਿਆ।