(ਸਮਾਜ ਵੀਕਲੀ)
“15 ਅਗਸਤ 1947 ਦਾ ਦਿਨ ਹੈ। ਦੇਸ਼ ਆਜ਼ਾਦ ਹੋ ਚੁੱਕਾ ਹੈ। ਲਾਲ ਕਿਲ੍ਹੇ ਤੇ ਤਿਰੰਗਾ ਲਹਿਰਾਇਆ ਜਾ ਰਿਹਾ ਹੈ। ਅੰਗਰੇਜ਼ ਭਾਰਤ ਛੱਡ ਕੇ ਜਾ ਰਹੇ ਹਨ। 190 ਸਾਲਾਂ ਦੀ ਗੁਲਾਮੀ ਨੇ ਸੋਨੇ ਦੀ ਚਿੜ੍ਹੀ ਕਹੇ ਜਾਣ ਵਾਲੇ ਭਾਰਤ ਨੂੰ ਗੋਡਿਆਂ ਭਾਰ ਲਿਆ ਛੱਡਿਆ ਹੈ। ਖੰਭ ਹੀ ਪੱਟ ਸੁੱਟੇ ਨੇ ਚਿੜ੍ਹੀ ਦੇ ਮਤਲਬਪ੍ਰਸਤ ਸ਼ਿਕਾਰੀਆਂ ਨੇ। ਬਿਨ੍ਹਾਂ ਖੰਭਾਂ ਤੋਂ ਉਦਾਸ ਹੋਈ ਚਿੜ੍ਹੀ ਨੇ ਬਹੁਤ ਵਾਰੀ ਕੋਸ਼ਿਸ਼ ਕੀਤੀ ਉੱਡਣ ਦੀ ਪਰ ਖੰਭਾਂ ਵਾਲੀ ਥਾਂ ਤੇ ਪਏ ਕੀੜਿਆਂ ਨੇ ਉੱਡਣ ਹੀ ਨਹੀਂ ਦਿੱਤਾ। ਨਵੇਂ ਪੂੰਗਰ ਰਹੇ ਖੰਭਾਂ ਨੇ ਬੜਾ ਜੋਰ ਲਾਇਆ, ਬੜੀਆਂ ਕੋਸ਼ਿਸ਼ਾਂ ਕੀਤੀਆਂ ਉੱਡਾਨ ਭਰਨ ਦੀਆਂ, ਕਈ ਖੰਭ ਤਾਂ ਪੂਰਾ ਰੂਪ ਵੀ ਨਹੀਂ ਹੰਢਾ ਸਕੇ ਸੀ। ਇਸਤੋਂ ਪਹਿਲਾਂ ਹੀ ਝਾੜ ਦਿੱਤੇ ਗਏ। ਪਰ ਆਪਣੇ ਜਿਸਮ, ਆਪਣੀ ਰੂਹ ਨੂੰ ਪਿਆਰ ਕਰਦੇ ਇਹਨਾਂ ਖੰਭਾਂ ਨੇ ਹਿੰਮਤ ਨਹੀਂ ਹਾਰੀ। ਤੇ ਨਤੀਜਾ ਸਾਹਮਣੇ ਹੈ ਕੇ ਚਿੜ੍ਹੀ ਹੁਣ ਉੱਡਾਨ ਭਰ ਸਕਦੀ ਹੈ। ਪਰ ਚਿੜ੍ਹੀ ਨੂੰ ਮੁੜ ਸੋਨੇ ਦੀ ਬਣਨ ਲਈ ਖੋਰੇ ਕਿੰਨਾ ਕੁ ਸਮਾਂ ਲੱਗੇਗਾ। ਦੇਸ਼ ਆਜ਼ਾਦ ਹੋ ਗਿਆ ਇਹੋ ਵੱਡੀ ਗੱਲ ਹੈ। ਪਰ ਹੁਣ ਹੋਣਾ ਕੀ ਹੈ ?”
ਕਰਤਾਰ ਨੂੰ ਇਹਨਾਂ ਸੋਚਾਂ ਵਿੱਚੋਂ ਕੱਢਦਾ ਇੱਕ ਵਿਅਕਤੀ ਮੂੰਹ ਵਿੱਚ ਪਾਨ ਚਬਾਉਂਦਾ, ਖਾਦੀ ਕਪੜੇ ਤੇ ਗਾਂਧੀ ਟੋਪੀ ਪਹਿਨਿਆ ਕਰਤਾਰ ਦੇ ਹੱਥ ਰਿਕਸ਼ੇ ਤੇ ਬਹਿ ਗਿਆ। ਜਿਸ ਨੇ ਕਰਤਾਰ ਨੂੰ ਲਾਲ ਕਿਲ੍ਹੇ ਵੱਲ ਜਾਣ ਲਈ ਕਿਹਾ। ਉਸ ਵਿਅਕਤੀ ਨੂੰ ਰਿਕਸ਼ੇ ਤੇ ਬਿਠਾ ਕੇ ਕਰਤਾਰ ਇਕ ਅਜੀਬ ਜਹੀ ਖੁਮਾਰੀ ਨਾਲ ਭਰਿਆ ਲਾਲ ਕਿਲ੍ਹੇ ਦੇ ਵੱਲ ਨੂੰ ਦੌੜਿਆ ਜਾ ਰਿਹਾ ਹੈ। ਥਕਾਵਟ ਦੇ ਚਿੰਨ੍ਹ ਵੀ ਕਿਧਰੇ ਨਜ਼ਰ ਨਹੀਂ ਆ ਰਹੇ ਅੱਜ ਕਰਤਾਰ ਦੇ ਚਿਹਰੇ ਉੱਤੇ। ਦਿਨੇ ਹੀ ਸੁਪਨਿਆਂ ਨੇ ਕਰਤਾਰ ਨੂੰ ਘੇਰ ਲਿਆ ਹੈ। ਹੁਣ ਉਸ ਦੀਆਂ ਜਾਗਦੀਆਂ ਅੱਖਾਂ ਇੱਕ ਬਰਾਬਰਤਾ ਦੇ ਸੁਪਨੇ ਲੈ ਰਹੀਆਂ ਹਨ। ਹੁਣ ਉਸ ਦੇ ਬੱਚੇ ਵੀ ਗਾਂਧੀ, ਨਹਿਰੂ ਵਾਂਗ ਬਾਹਰਲੇ ਦੇਸ਼ਾਂ ਵਿੱਚ ਪੜ ਸਕਣਗੇ। ਜਾਂ ਘੱਟੋ-ਘੱਟ ਟੈਗੋਰ ਦੇ ਸਾਂਤੀ ਨਿਕੇਤਨ ਵਿੱਚ ਤਾਂ ਵਿਦਿਆ ਪ੍ਰਾਪਤ ਕਰ ਹੀ ਸਕਣਗੇ। ਹੁਣ ਸਾਰੇ ਲੋਕ ਤਾਂ ਆਪਣੇ ਹੀ ਹਨ, ਹੁਣ ਕਿਹੜਾ ਅੰਗਰੇਜ਼ਾਂ ਦਾ ਰਾਜ ਹੈ। ਹੁਣ ਨਿੱਤ ਦੇ ਅਤਿਆਚਾਰ ਬੰਦ ਹੋ ਜਾਵਣਗੇ!! ਹੁਣ ਕਿਸੇ ਨੂੰ ਭੁੱਖਮਰੀ ਨਾਲ ਨਹੀਂ ਮਰਨਾ ਪਿਆ ਕਰਨਾ। ਜਲਦੀ ਹੀ ਨਹਿਰੂ ਜੀ ਲਾਲ ਕਿਲ੍ਹੇ ਤੋਂ ਐਲਾਨ ਕਰਨਗੇ ਕਿ “ਆਜ਼ਾਦ ਭਾਰਤ ਵਿੱਚ ਸਭ ਨੂੰ ਬਰਾਬਰ ਦੇ ਹੱਕ ਮਿਲਣਗੇ। ਆਜ਼ਾਦ ਭਾਰਤ ਦੇ ਵਿਕਾਸ ਲਈ ਸਭ ਨੂੰ ਇਕੱਠੇ ਹੋ ਕੇ ਤੁਰਨਾ ਪੈਣਾ, ਜਾਤ-ਪਾਤ ਤੋਂ ਉਪਰ ਉਠ ਕੇ ਦੇਸ਼ ਦੇ ਵਿਕਾਸ ਲਈ ਕੰਮ ਕਰਨਾ ਪੈਣਾ ਹੈ।” ਕਰਤਾਰ ਸਿੰਘ ਜੋ ਅੰਗਰੇਜ਼ਾਂ ਦੀਆਂ ਮਾਰੂ ਨੀਤੀਆਂ ਤੋਂ ਤੰਗ ਆ ਕੇ ਆਪਣੀ ਜ਼ਮੀਨ ਕੋਡੀਆਂ ਦੇ ਭਾਅ ਵੇਚ ਕੇ ਦਿੱਲੀ ਵਰਗੇ ਸ਼ਹਿਰ ਵਿੱਚ ਆਪਣੀ ਕਿਸਮਤ ਅਜਮਾਉਣ ਆਇਆ ਸੀ, ਨੂੰ ਪੰਡਿਤ ਨਹਿਰੂ ਤੋਂ ਉਮੀਦ ਸੀ ਕਿ ਉਹ ਕਰਤਾਰ ਜਹੇ ਅਨੇਕਾਂ ਗਰੀਬੀ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਉਹਨਾਂ ਦੀਆਂ ਜਮੀਨਾਂ ਵਾਪਸ ਕਰਨਗੇ। ਕੋਈ ਅਮੀਰ-ਗਰੀਬ ਨਹੀਂ ਰਹੇਗਾ, ਸਭ ਪਾਸੇ ਬਰਾਬਰਤਾ ਹੋਵੇਗੀ। ਕੋਈ ਛੋਟਾ-ਵੱਡਾ ਨਹੀਂ ਸਮਝਿਆ ਜਾਵੇਗਾ ਸਗੋਂ ਕੰਮ ਦਾ ਮੁੱਲ ਪਵੇਗਾ । ਹੁਣ ਹੋਰ ਗੁਲਾਮੀ ਨਹੀਂ ਝੱਲਨੀ ਪੈਣੀ, ਅੰਗਰੇਜ਼ਾਂ ਤੋਂ ਆਜ਼ਾਦੀ ਮਿਲ ਗਈ ਹੈ। ਹੁਣ ਹਰ ਆਦਮੀ ਆਜ਼ਾਦ ਹਿੰਦੁਸਤਾਨ ਵਿੱਚ ਆਜ਼ਾਦੀ ਨਾਲ਼ ਸਾਹ ਲੈ ਸਕੇਗਾ।
ਦੇਸ਼ ਨੂੰ ਚਲਾਉਣ ਲਈ ਕਿਤਾਬ ਤਿਆਰ ਕੀਤੀ ਜਾ ਰਹੀ ਹੈ। ਉਸ ਕਿਤਾਬ ਨੂੰ ਸੰਵਿਧਾਨ ਦਾ ਨਾਮ ਦਿੱਤਾ ਗਿਆ ਹੈ, ਉਸ ਵਿੱਚ ਗਰੀਬ ਮਜ਼ਦੂਰ ਕਿਸਾਨਾਂ ਦੇ ਹੱਕਾਂ ਦੀ ਗੱਲ ਵੀ ਲਿਖੀ ਜਾਣੀ ਚਾਹੀਦੀ ਹੈ। ਭੀਮਰਾਓ ਤੋਂ ਆਹ ਉਮੀਦ ਤਾਂ ਕਰ ਹੀ ਸਕਦਾ ਹਾਂ ਮੈਂ ਕਿ ਉਹ ਇਸ ਕਿਤਾਬ ਵਿੱਚ ਸਾਡੇ ਪਿੰਡ ਦੇ ਵਿਹੜੇ ਵਾਲਿਆਂ ਦੇ ਹੱਕ ਵਿੱਚ ਵੀ ਜ਼ਰੂਰ ਕੁੱਝ ਲਿਖੇਗਾ । ਜਦੋਂ ਦੀ ਸੁਰਤ ਸੰਭਾਲੀ ਹੈ ਨਰਕ ਵਿੱਚ ਗਰਕ ਹੁੰਦੇ ਹੋਏ ਹੀ ਵੇਖ ਰਿਹਾ ਹਾਂ ਮੈਂ ਉਹਨਾਂ ਵਿਹੜੇ ਵਾਲਿਆਂ ਨੂੰ। ਉਹਨਾਂ ਦਾ ਵੀ ਤਾਂ ਆਜ਼ਾਦੀ ਦਾ ਦਿਨ ਹੈ। ਉਹ ਵੀ ਅੱਜ ਤੋਂ ਆਜ਼ਾਦ ਹਨ। ਉਹਨਾਂ ਨੂੰ ਅੱਜ ਤੋਂ ਬਾਦ ਜਿੰਮੀਦਾਰਾਂ ਘਰੇ ਨੌਕਰ ਬਣ ਕੇ ਨਹੀਂ ਜਾਣਾ ਪਿਆ ਕਰਨਾ ਸਗੋਂ ਹੁਣ ਉਹ ਵੀ ਇਕ ਇਨਸਾਨ ਹੋਣ ਦੇ ਨਾਤੇ ਦੁੱਖ-ਸੁੱਖ ਵੇਲੇ ਜਿੰਮੀਦਾਰਾਂ, ਸ਼ਾਹੂਕਾਰਾਂ ਘਰੇ ਆ ਜਾ ਸਕਣਗੇ। ਮੈਂ ਉਹਨਾਂ ਨੂੰ ਕਿਵੇ ਦੱਸਾਂ ਕਿ ਤੁਹਾਡੇ ਵਾਰੇ ਸੋਚਣ ਵਾਲਾ ਭੀਮ ਰਾਓ ਤੁਹਾਡੇ ਵਿੱਚੋਂ ਹੀ ਨਿਕਲ ਕੇ ਅੱਜ ਏਨਾ ਪੜ੍ਹ ਲਿਖ ਗਿਆ ਹੈ। ਤੁਸੀਂ ਉਸ ਦੇ ਸਹਾਰੇ ਨਾ ਰਹਿਣਾ ਸਗੋਂ ਉਸ ਤੋਂ ਅੱਗੇ ਦਾ ਸਫ਼ਰ ਤੈਅ ਕਰਨਾ।
ਮੈਂ ਆਪਣੇ ਪਿੰਡ ਦੇ ਕਿਸਾਨਾਂ ਨੂੰ ਕਿਵੇਂ ਸਨੇਹਾ ਪਹੁੰਚਾਵਾਂ ਕਿ ਸਾਥੀਓ ਕਰ ਲਵੋ ਤਿਆਰ ਬਲਦਾ ਨੂੰ, ਵੱਟਾਂ-ਬੰਨੇ ਸਾਫ ਕਰ ਲਵੋ, ਹੁਣ ਦੇਸ਼ ਆਜ਼ਾਦ ਹੋ ਗਿਆ ਹੈ। ਹੁਣ ਖੇਤਾਂ ਵਿੱਚ ਫਸਲਾਂ ਲਹਿਰਾਉਣਗੀਆਂ ਤੇ ਨਦੀਆਂ ਵਿੱਚੋਂ ਹੁੰਦਾ ਪਾਣੀ ਖੇਤਾਂ ਦੀ ਪਿਆਸ ਬੁਝਾਵੇਗਾ।
ਪਰ ਫਿਰ ਆਪਣੇ ਪਿੰਡ ਦੇ ਰਹਿਮਾਨ ਤੇ ਉਸਦੇ ਪਰਿਵਾਰ ਵਾਰੇ ਸੋਚ ਕੇ ਜਿਵੇਂ ਕਰਤਾਰ ਉਦਾਸ ਹੋ ਗਿਆ। ਉਸਨੂੰ ਕੁੱਝ ਦਿਨ ਪਹਿਲਾਂ ਹੀ ਭਾਰਤ ਵਿੱਚੋਂ ਪਾਕਿਸਤਾਨ ਬਣਨ ਦੀ ਖ਼ਬਰ ਪਤਾ ਲੱਗੀ ਤੇ ਧਰਮ ਦੇ ਅਧਾਰ ਤੇ ਭੜਕਾਏ ਦੰਗਿਆਂ ਵਿੱਚ ਰਹਿਮਾਨ ਅਤੇ ਉਸਦੇ ਸਾਰੇ ਪਰਿਵਾਰ ਦੀ ਮੌਤ ਹੋ ਜਾਵਣ ਦੀ ਖ਼ਬਰ ਵੀ ਮਿਲੀ। ਜਿਸਨੇ ਕਰਤਾਰ ਨੂੰ ਮਾਯੂਸ ਕਰ ਦਿੱਤਾ। ਬਚਪਨ ਦੀਆਂ ਯਾਦਾਂ ਜਿਵੇਂ ਉਸਨੂੰ ਆਪਣੇ ਕਲਾਵੇ ਵਿੱਚ ਲੈ ਚੁੱਕੀਆਂ ਹਨ। ਜਦੋਂ ਉਹ ਮਿੱਠੀ ਈਦ ਵੇਲੇ ਰਹਿਮਾਨ ਦੇ ਘਰ ਸੇਵੀਆਂ ਖਾਣ ਜਾਂਦਾ ਹੁੰਦਾ ਸੀ। ਇੱਕ ਵਾਰ ਤਾਂ ਉਸਨੇ ਰਹਿਮਾਨ ਨਾਲ ਨਮਾਜ਼ ਪੜ੍ਹਨ ਦੀ ਵੀ ਜ਼ਿਦ ਕਰ ਲਈ ਸੀ। ਰਹਿਮਾਨ ਤਾਂ ਲੱਗਦਾ ਹੀ ਨਹੀਂ ਸੀ ਕਿਸੇ ਹੋਰ ਧਰਮ ਦਾ, ਉਹ ਤਾਂ ਹਰ ਤਿਉਹਾਰ ਹਰ ਦਿਨ ਸਾਡੇ ਨਾਲ ਹੀ ਮਨਾਉਂਦਾ ਸੀ। ਭਾਵੇਂ ਉਹ ਦਿਵਾਲੀ ਹੋਵੇ ਜਾਂ ਗੁਰਪੂਰਬ। ਪਰ ਇਹਨਾਂ ਵੱਡੇ ਲੋਕਾਂ ਨੇ ਆਪਣੇ ਮਤਲਬ ਲਈ ਵੰਡੀਆਂ ਪਾ ਛੱਡੀਆਂ। ਰਹਿਮਾਨ ਤੇ ਉਸ ਵਰਗੇ ਹੋਰਾਂ ਦਾ ਕੀ ਕਸੂਰ ਸੀ ਭਲਾ। ਅਸੀਂ ਵੀ ਤਾਂ ਇਸ ਦੇਸ਼ ਦੇ ਹੀ ਵਾਸੀ ਹਾਂ ਫਿਰ ਇਹ ਏਡਾ ਵੱਡਾ ਫੈਸਲਾ ਉਹ ਵੱਡੇ ਲੋਕ ਆਪ ਕਿਵੇਂ ਲੈ ਸਕਦੇ ਹਨ। ਇਹ ਵੰਡ ਤਾਂ ਬਿਲਕੁਲ ਗ਼ਲਤ ਕੀਤੀ ਆ। ਇਹਨਾਂ ਚੰਦਰਿਆਂ ਨੂੰ ਤਾਂ ਵੰਡ ਵੀ ਨਹੀਂ ਕਰਨੀ ਆਈ। ਨਾ ਉਏ ਕੰਜਰੋਂ ਨਾਨਕਾਣਾ ਤਾਂ ਉੱਧਰ ਦੇ ਦਿੱਤਾ ਤੁਸਾਂ ਤੇ ਅਜ਼ਮੇਰ ਸ਼ਰੀਫ਼ ਰਹਿ ਗਿਆ ਇੱਧਰ। ਖੋਰੇ ਇਹਨਾਂ ਵੱਡੇ ਲੋਕਾਂ ਨੇ ਇਹ ਸੋਚ ਲਿਆ ਹੋਵੇ ਕਿ ਪ੍ਰਮਾਤਮਾ ਤਾਂ ਇੱਕੋ ਹੀ ਆ ਫਿਰ ਕੀ ਰਾਮ ਤੇ ਕੀ ਰਹੀਮ। ਚਲੋ ਇਹਨਾਂ ਨੂੰ ਇਹ ਤਾਂ ਪਤਾ ਹੈ ਵੀ ਪ੍ਰਮਾਤਮਾਂ ਤਾਂ ਇੱਕ ਹੀ ਹੈ। ਠਾਕੁਰ ਦੁਆਰੇ ਵਾਲੇ ਭਾਈ ਜੀ ਤਾਂ ਕਹਿੰਦੇ ਸੀ ਵੀ ਪ੍ਰਮਾਤਮਾਂ ਦਾ ਵਾਸ ਤਾਂ ਕਣ-ਕਣ ਵਿੱਚ ਹੈ। ਹਰ ਇਨਸਾਨ ਵਿੱਚ ਪਰਮਾਤਮਾ ਵਸਦਾ ਹੈ। ਪਰ ਇੱਥੇ ਇਹਨਾਂ ਵੱਡੇ ਲੋਕਾਂ ਕਰਕੇ ਤਾਂ ਇਨਸਾਨ ਹੀ ਮਾਰਿਆ ਜਾ ਰਿਹਾ। ਪਰਮਾਤਮਾ ਨੂੰ ਹੀ ਮਾਰੀ ਜਾ ਰਹੇ ਨੇ ਲੋਕ। ਇਹ ਵਿਚਾਰੇ ਠਾਕੁਰਦੁਆਰੇ ਵਾਲੇ ਭਾਈ ਜੀ ਨੂੰ ਨਹੀਂ ਜਾਣਦੇ ਹੋਣੇ, ਤਾਂ ਹੀ ਤਾਂ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਇਨਸਾਨ ਅੰਦਰ ਪ੍ਰਮਾਤਮਾ ਦਾ ਵਾਸ ਹੈ।
‘ਤੇਜ਼ ਚਲਾ ਉਏ ਗਧਿਆ’ ਦੀ ਆਵਾਜ਼ ਨੇ ਕਰਤਾਰ ਦਾ ਧਿਆਨ ਤੋੜਿਆ ਤੇ ਦੌੜ ਪਿਆ ਫਿਰ ਉਹ ਹੱਥ ਰਿਕਸ਼ੇ ਨੂੰ ਖਿੱਚਦਾ ਲਾਲ ਕਿਲ੍ਹੇ ਵੱਲ ਨੂੰ ਆਪਣੀ ਹੀ ਰਵਾਨੀ ਵਿੱਚ। ਲਾਲ ਕਿਲ੍ਹੇ ਵਿੱਚ ਪੰਡਿਤ ਨਹਿਰੂ ਦੇ ਚੱਲਣ ਵਾਲੇ ਭਾਸ਼ਨ ਨੂੰ ਆਪਣੀ ਸੋਚ ਮੁਤਾਬਕ ਬੁਣਦਿਆਂ ਕਰਤਾਰ ਸੋਚ ਰਿਹਾ ਹੈ ਕਿ ਨਹਿਰੂ ਜੀ ਅੱਜ ਲਾਲ ਕਿਲ੍ਹੇ ਤੋਂ ਐਲਾਨ ਕਰ ਦੇਣਗੇ ਕਿ ਅੱਜ ਤੋਂ ਬਾਅਦ ਕੋਈ ਸੜਕਾਂ ਤੇ ਨਹੀਂ ਸੋਵੇਗਾ, ਕੋਈ ਬੇਘਰ ਨਹੀਂ ਰਹੇਗਾ। ਸਭ ਨੂੰ ਮਕਾਨ ਵੰਡੇ ਜਾਣਗੇ। ਚੰਗੇ ਸਕੂਲ ਖੋਲੇ ਜਾਣਗੇ, ਸਿੱਖਿਆ ਮੁਫ਼ਤ ਹੋਵੇਗੀ। ਇੱਕ ਵਾਰ ਫਿਰ ਕਰਤਾਰ ਦੇ ਸੁਪਨਿਆਂ ਵਿਚ ਖਲਲ ਪਾਉਂਦੇ ਉਸ ਖਾਦੀ ਲਿਬਾਸ ਵਾਲੇ ਵਿਅਕਤੀ ਨੇ ਜਦੋਂ ਹੱਥ ਰਿਕਸ਼ਾ ਰੁਕਾਉਣ ਲਈ ਕਰਤਾਰ ਦੀ ਪਿੱਠ ਤੇ ਲੱਤ ਮਾਰੀ ਤਾਂ ਕਰਤਾਰ ਨੇ ਵੇਖਿਆ ਕੀ ਉਹ ਲਾਲ ਕਿਲ੍ਹੇ ਦਾ ਗੇਟ ਟੱਪ ਕੇ ਅੱਗੇ ਜਾ ਚੁੱਕਾ ਸੀ। ਪਰ ਦੇਸ਼ ਆਜ਼ਾਦ ਹੋਣ ਦੀ ਖੁਸ਼ੀ ਵਿੱਚ ਕਰਤਾਰ ਇਹ ਵੀ ਭੁੱਲ ਗਿਆ ਕਿ ਇਸ ਤਰ੍ਹਾਂ ਦੇ ਕੰਮ ਭਾਵ ਰਿਕਸ਼ੇ ਵਾਲਿਆਂ ਨੂੰ ਰੋਕਣ ਲਈ ਆਵਾਜ਼ ਨਾ ਮਾਰਦੇ ਹੋਏ ਲੱਤ ਮਾਰ ਕੇ ਰੋਕਣ ਦਾ ਇਸ਼ਾਰਾ ਕਰਨਾ ਤਾਂ ਬਰਤਾਨੀਆ ਰਾਜ ਵਿੱਚ ਬਹੁਤੇ ਅੰਗਰੇਜ਼ ਕਰਦੇ ਸਨ। ਪਰ ਉਸਦਾ ਧਿਆਨ ਤਾਂ ਦੇਸ਼ ਦੇ ਆਜ਼ਾਦ ਹੋਣ ਵੱਲ ਸੀ। ਇੱਕ ਬਰਾਬਰਤਾ ਵੱਲ ਸੀ। ਰਹਿਮਾਨ ਅਤੇ ਉਸਦੇ ਮਾਰੇ ਜਾ ਚੁੱਕੇ ਪਰਿਵਾਰ ਵੱਲ ਸੀ। ਜਿਸ ਕਾਰਨ ਉਸਨੂੰ ਪਤਾ ਹੀ ਨਾ ਲੱਗਾ ਕੇ ਕਦੋਂ ਉਹ ਲਾਲ ਕਿਲ੍ਹੇ ਦਾ ਗੇਟ ਪਾਰ ਕਰ ਗਿਆ। ਲੱਤ ਵੱਜਣ ਕਾਰਨ ਕਰਤਾਰ ਦਾ ਸੰਤੁਲਨ ਵਿਗੜ ਗਿਆ ਤੇ ਉਸਦਾ ਸਿਰ ਹੱਥ ਰਿਕਸ਼ੇ ਸਮੇਤ ਕੰਧ ਨਾਲ ਜਾ ਵੱਜਿਆ ਤੇ ਸਿਰ ਵਿੱਚੋਂ ਲਹੂ ਵੱਗਣ ਲੱਗ ਪਿਆ। ਪਰ ਖਾਦੀ ਬਾਣਾ ਪਹਿਨੇ ਉਸ ਵਿਅਕਤੀ ਨੂੰ ਇਸ ਗੱਲ ਦੀ ਜਮਾ ਪ੍ਰਵਾਹ ਨਹੀਂ ਸੀ। ਹੱਥ ਰਿਕਸ਼ੇ ਤੋਂ ਹੇਠਾ ਉਤਰ ਕੇ ਉਸਨੇ ਦੋ-ਤਿੰਨ ਲੱਤਾਂ ਹੋਰ ਕਰਤਾਰ ਦੇ ਮਾਰੀਆਂ ਤੇ ਉਸਨੂੰ ਗਾਲਾਂ ਕੱਢਣ ਲੱਗਾ। ਕਰਤਾਰ ਆਪਣਾ ਲਹੂ-ਲੁਹਾਣ ਸਿਰ ਫੜਦਿਆਂ ਉਸ ਵਿਅਕਤੀ ਤੋਂ ਮਾਫੀ ਮੰਗ ਰਿਹਾ ਹੈ। ਪਰ ਉਹ ਵਿਅਕਤੀ ਉਸਨੂੰ ਲਗਾਤਾਰ ਗਾਲਾਂ ਕੱਢੀ ਜਾ ਰਿਹਾ ਹੈ।
ਕਰਤਾਰ ਦੀ ਦਰਦ ਭਰੀ ਆਵਾਜ਼ ਨੇ ਜਦ ਉਸ ਵਿਅਕਤੀ ਤੋਂ ਰਿਕਸ਼ੇ ਤੇ ਬੈਠਣ ਦਾ ਕਿਰਾਇਆ ਮੰਗਿਆ ਤਾਂ ਉਸ ਖਾਦੀ ਲਿਵਾਸ ਵਾਲੇ ਢਿੱਡਲ ਤੇ ਕਾਲੇ ਰੰਗ ਦੇ ਵਿਅਕਤੀ ਨੇ ਆਪਣੇ ਮੂੰਹ ਵਿੱਚ ਪਾਏ ਪਾਨ ਦੀ ਪਿਚਾਕਰੀ ਲਾਲ ਕਿਲ੍ਹੇ ਦੀ ਦੀਵਾਰ ਤੇ ਮਾਰਦਿਆਂ ਇੱਕ ਲੱਤ ਹੋਰ ਕਰਤਾਰ ਦੇ ਮਾਰੀ ਤੇ ਆਪਣੀ ਟੋਪੀ ਠੀਕ ਕਰਦਾ ਇਹ ਕਹਿੰਦਾ ਲਾਲ ਕਿਲ੍ਹੇ ਦੇ ਗੇਟ ਵੱਲ ਨੂੰ ਤੁਰ ਪਿਆ ਕਿ ‘ਕੁੱਤਿਆ ਤੂੰ ਸਾਥੋਂ ਪੈਸੇ ਮੰਗਦਾ ਓਏ, ਅਸੀ ਇਸ ਦੇਸ਼ ਦੇ ਮਾਲਕ ਹਾਂ, ਦੇਸ਼ ਵਿੱਚ ਸਾਡੀ ਸਰਕਾਰ ਹੈ। ਅਸੀ ਦੇਸ਼ ਆਜ਼ਾਦ ਕਰਾਇਆ ਹੈ ਤੇ ਤੂੰ ਸਾਥੋਂ ਹੀ ਕਿਰਾਇਆ ਮੰਗ ਰਿਹਾ ਹੈ, ਤੁਸੀ ਆਮ ਲੋਕ ਸਾਡੀਆਂ ਕੁਰਬਾਨੀਆਂ ਨੂੰ ਨਹੀਂ ਸਮਝ ਸਕਦੇ।’ ਅਤੇ ਗੇਟ ਤੇ ਖੜ੍ਹੇ ਸਿਪਾਹੀਆਂ ਨੂੰ ਕਰਤਾਰ ਵੱਲ ਇਸ਼ਾਰਾ ਕਰਦਿਆਂ ਕੁੱਝ ਕਹਿੰਦਾ ਹੋਇਆ ਲਾਲ ਕਿਲ੍ਹੇ ਵਿੱਚ ਪ੍ਰਵੇਸ਼ ਕਰ ਗਿਆ। ਸਿਪਾਹੀ ਆਏ ਉਹਨਾਂ ਨੇ ਕਰਤਾਰ ਨੂੰ ਦੇਸ਼ ਦੇ ਰਖਵਾਲੇ, ਦੇਸ਼ ਚਲਾਉਣ ਵਾਲੇ ਰਸੂਖਦਾਰ ਵਿਅਕਤੀ ਤੋਂ ਪੈਸੇ ਮੰਗਣ ਦੇ ਜ਼ੁਰਮ ਵਿੱਚ ਦੇਸ਼ ਧ੍ਰੋਹੀ ਗਿਰਦਾਨ ਕੇ ਗਿ੍ਰਫ਼ਤਾਰ ਕਰ ਲਿਆ।
ਪੰਡਿਤ ਨਹਿਰੂ ਜੋ ਕੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਐਲਾਨੇ ਜਾ ਚੁੱਕੇ ਸਨ ਆਜ਼ਾਦ ਭਾਰਤ ਦੇ ਦੇਸ਼ ਵਾਸੀਆਂ ਦੇ ਨਾਂ ਆਪਣਾ ਪੈਗਾਮ ਪੜ੍ਹਨਾ ਸ਼ੁਰੂ ਕਰ ਚੁੱਕੇ ਹਨ। ਜ਼ਖ਼ਮੀ ਕਰਤਾਰ ਨੂੰ ਫ਼ੜ ਕੇ ਲੈ ਕੇ ਜਾ ਰਹੇ ਸਿਪਾਹੀ ਉਸਨੂੰ ਅੰਗਰੇਜ਼ ਫਿਰੰਗੀ ਹੀ ਪ੍ਰਤੀਤ ਹੋ ਰਹੇ ਹਨ। “ਪਰ ਅੱਜ ਤਾਂ ਆਜ਼ਾਦੀ ਦਿਵਸ ਹੈ ਫਿਰ ਮੈਂ ਕਿਵੇਂ ਗੁਲਾਮ ਰਹਿ ਸਕਦਾ ਹਾਂ, ਮੈਂ ਆਜਾਦ ਹਾਂ, ਆਜ਼ਾਦ ਭਾਰਤ ਦਾ ਆਜ਼ਾਦ ਵਸਨੀਕ।” ਆਪਣੀਆਂ ਅੱਖਾਂ ਵੱਲ ਨੂੰ ਚੌਂਦੇ ਲ਼ਹੂ ਨੂੰ ਸਾਫ ਕਰਦਾ ਕਰਤਾਰ ਹੁਣ ਆਜ਼ਾਦੀ ਦਿਵਸ ਜਿਵੇਂ ਭੁੱਲ ਹੀ ਗਿਆ ਸੀ।” ਦੇਸ਼ ਆਜ਼ਾਦ ਨਹੀਂ ਹੋਇਆ, ਦੇਸ਼ ਤਾਂ ਅਜੇ ਵੀ ਗੁਲਾਮ ਹੈ, ਅੰਗਰੇਜ਼ ਇਹਨਾਂ ਵੱਡੇ ਲੋਕਾਂ ਨੂੰ ਭਾਰਤ ਵੇਚ ਕੇ ਗਏ ਹਨ। ਆਜ਼ਾਦ ਨਹੀਂ ਹੋਇਆ ਭਾਰਤ, ਜ਼ਲਾਦ ਬਦਲੇ ਨੇ ਜ਼ੰਜੀਰਾਂ ਤਾਂ ਉਹੀ ਹਨ। ਦੇਸ਼ ਅਜੇ ਵੀ ਗੁਲਾਮ ਹੈ।” ਉੱਚੀ-ਉੱਚੀ ਚੀਖਦੇ ਲਹੂ-ਲੁਹਾਨ ਕਰਤਾਰ ਨੇ ਇੱਕ ਜ਼ੋਰ ਦੇ ਝੱਟਕੇ ਨਾਲ ਸਿਪਾਹੀਆਂ ਤੋਂ ਆਪਣੇ ਹੱਥ ਛੁਡਾਏ ਅਤੇ ਬੜੀ ਤੇਜ਼ੀ ਨਾਲ ਲਾਲ ਕਿਲ੍ਹੇ ਤੋਂ ਪੁੱਠੇ ਪਾਸੇ ਵੱਲ ਨੂੰ ਦੌੜਨ ਲੱਗਾ। ਜਿਵੇਂ-ਜਿਵੇਂ ਨਹਿਰੂ ਦੀਆਂ ਆਵਾਜ਼ਾਂ ਉਸਦੇ ਕੰਨਾਂ ਵਿੱਚ ਪੈ ਰਹੀਆਂ ਹਨ, ਉਸਦੇ ਕਦਮ ਪੁੱਠੇ ਪਾਸੇ ਵੱਲ ਨੂੰ ਉਂਨੇ ਹੀ ਤੇਜ਼ ਹੁੰਦੇ ਜਾ ਰਹੇ ਹਨ। ਦੇਸ਼ ਆਜਾਦ ਹੋ ਚੁੱਕਿਆ ਹੈ। ਤਿਰੰਗਾ ਲਾਲ ਕਿਲੇ ਤੇ ਚੁੱਪ-ਚਾਪ ਸੋਗਿਆ ਜਿਹਾ ਲਮਕ ਰਿਹਾ ਹੈ। ਦੇਸ਼ ਵਾਸੀਆਂ ਦੇ ਨਾਂ ਪੰਡਿਤ ਨਹਿਰੂ ਦਾ ਭਾਸ਼ਣ ਜਾਰੀ ਹੈ।