ਅੰਮ੍ਰਿਤਸਰ ਸ਼ਹਿਰ ਦੇ ਬਾਨੀ ਅਤੇ ਸਿੱਖ ਧਰਮ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਅੱਜ ਇਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਲੱਖਾਂ ਦੀ ਗਿਣਤੀ ਵਿਚ ਸੰਗਤ ਨੇ ਗੁਰੂ ਘਰ ਦਰਸ਼ਨ ਕੀਤੇ। ਸ਼੍ਰੋਮਣੀ ਕਮੇਟੀ ਵੱਲੋਂ 52 ਕਿੱਤਾਕਾਰਾਂ ਦਾ ਸਨਮਾਨ ਅਤੇ 52 ਲੋੜਵੰਦ ਵਿਦਿਆਰਥੀਆਂ ਨੂੰ ਸਾਲ ਭਰ ਦੀਆਂ ਫੀਸਾਂ ਦਿੱਤੀਆਂ ਗਈਆਂ ਹਨ। ਗੁਰਪੁਰਬ ਸਬੰਧੀ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਥਾਵਾਂ ’ਤੇ ਸੁੰਦਰ ਜਲੌਅ ਸਜਾਏ ਗਏ।
ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਹਰਿਮੰਦਰ ਸਾਹਿਬ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਸੀ। ਗੁਰਦੁਆਰੇ ਦੀ ਮੁੱਖ ਇਮਾਰਤ, ਪਰਿਕਰਮਾ, ਅਕਾਲ ਤਖ਼ਤ, ਗੁਰਦੁਆਰਾ ਥੜਾ ਸਾਹਿਬ ਸਮੇਤ ਹੋਰ ਇਮਾਰਤਾਂ ’ਤੇ ਦੀਪਮਾਲਾ ਕੀਤੀ ਗਈ। ਸੰਗਤ ਬੀਤੇ ਦਿਨ ਤੋਂ ਹੀ ਨਿਰੰਤਰ ਆ ਰਹੀ ਹੈ ਅਤੇ ਬੀਤੀ ਰਾਤ ਵੀ ਵੱਡੀ ਗਿਣਤੀ ਵਿਚ ਸੰਗਤ ਪਰਿਕਰਮਾ ਵਿੱਚ ਹਾਜ਼ਰ ਸੀ। ਅੱਜ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਵਿਖੇ ਸੁੰਦਰ ਜਲੌਅ ਸਜਾਏ ਗਏ, ਜਿਥੇ ਤੋਸ਼ਾਖਾਨਾ ਦੀਆਂ ਕੀਮਤੀ ਵਸਤਾਂ ਸੰਗਤ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ ਹਨ। ਦੂਜੇ ਪਾਸੇ ਮੰਜੀ ਸਾਹਿਬ ਦੀਵਾਨ ਹਾਲ ਵਿਚ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਮਗਰੋਂ ਰਾਗੀ ਜਥਿਆਂ ਵੱਲੋਂ ਨਿਰੰਤਰ ਗੁਰਬਾਣੀ ਦਾ ਕੀਰਤਨ ਪਰਵਾਹ ਚਲਦਾ ਰਿਹਾ। ਇਸ ਮੌਕੇ ਪਿਛਲੇ ਦਿਨੀਂ ਕਰਵਾਏ ਗਏ ਵੱਖ ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਕਵੀ ਦਰਬਾਰ ਵਿਚ ਕਵੀਆਂ ਵੱਲੋਂ ਗੁਰੂ ਸਾਹਿਬ ਦੇ ਇਤਿਹਾਸ ’ਤੇ ਚਾਨਣਾ ਪਾਇਆ ਗਿਆ। ਬਾਅਦ ਦੁਪਹਿਰ ਇਸੇ ਸਮਾਗਮ ਵਿਚ 52 ਕਿਰਤੀਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ 11-11 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਕਿਰਤੀਆਂ ਨੂੰਸਨਮਾਨਿਤ ਕਰਨ ਦੀ ਇਹ ਰੀਤ ਪਿਛਲੇ ਵਰ੍ਹੇ ਸ਼ੁਰੂ ਕੀਤੀ ਗਈ ਸੀ, ਜਿਸ ਦਾ ਮੁੱਖ ਮੰਤਵ ਕਿਰਤ ਦੇ ਸਿਧਾਂਤ ਨੂੰ ਉਭਾਰਨਾ ਹੈ। ਇਥੇ ਜ਼ਿਕਰਯੋਗ ਹੈ ਕਿ ਗੁਰੂ ਸਾਹਿਬ ਵੱਲੋਂ ਸ਼ਹਿਰ ਵਸਾਉਣ ਵੇਲੇ ਇਥੇ 52 ਕਿੱਤਾਕਾਰਾਂ ਨੂੰ ਵਸਾਇਆ ਗਿਆ ਸੀ। 52 ਹੋਣਹਾਰ ਤੇ ਲੋੜਵੰਦ ਵਿਦਿਆਰਥੀਆਂ ਨੂੰ 51-51 ਸੌ ਰੁਪਏ ਦੀ ਰਕਮ ਦੇ ਕੇ ਸਨਮਾਨਿਤ ਕੀਤਾ ਗਿਆ। ਸ਼ਾਮ ਵੇਲੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਸੁੰਦਰ ਦੀਪਮਾਲਾ ਕੀਤੀ ਗਈ ਅਤੇ ਆਤਿਸ਼ਬਾਜ਼ੀ ਵੀ ਚਲਾਈ ਗਈ। ਇਸੇ ਸਬੰਧ ਵਿਚ ਸ਼ਹਿਰ ਦੇ ਪੁਰਾਤਨ 12 ਦਰਵਾਜ਼ਿਆਂ ਸਮੇਤ ਕਈ ਸਰਕਾਰੀ ਇਮਾਰਤਾਂ ਅਤੇ ਸੰਗਤਾਂ ਵਲੋਂ ਵੀ ਘਰਾਂ ਵਿਚ ਦੀਪਮਾਲਾ ਕੀਤੀ ਗਈ। ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਦੇਸੀ ਘਿਉ ਦੇ ਦੀਵੇ ਵੀ ਬਾਲੇ ਗਏ। ਇਨ੍ਹਾਂ ਸਮਾਗਮਾਂ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਗਿਆਨੀ ਬਲਵਿੰਦਰ ਸਿਘ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ, ਮੈਨੇਜਰ ਜਸਵਿੰਦਰ ਸਿੰਘ ਦੀਨਪੁਰ, ਮੈਂਬਰ ਬੀਬੀ ਵਵਿੰਦਰ ਕੌਰ ਸਮੇਤ ਹੋਰ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।
INDIA ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ