ਅੰਮ੍ਰਿਤਸਰ : ਅੰਮ੍ਰਿਤਸਰ ਵਿਕਾਸ ਮੰਚ ਨੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਦੀਆਂ ਘਾਟਾਂ ਨੂੰ ਫੌਰੀ ਪੂਰਾ ਕਰਨ ਦੀ ਮੰਗ ਕੀਤੀ ਹੈ ।ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੂੰ ਪੱਤਰ ਲਿਖ ਕੇ ਉਨ੍ਹਾਂ ਦਾ ਧਿਆਨ ਅਖ਼ਬਾਰਾਂ ਵਿਚ ਨਿੱਤ ਛਪਦੀਆਂ ਖ਼ਬਰਾਂ ਵੱਲ ਦੁਆਇਆ ਹੈ ਕਿ ਗ੍ਰੀਬ ਲੋਕ ਇਹ ਸੋਚ ਕਿ ਆਉਂਂਦੇ ਕਿ ਇਹ ਸਰਕਾਰੀ ਹਸਪਤਾਲ ਹੈ ,ਇੱਥੇ ਮੁਫ਼ਤ ਇਲਾਜ਼ ਹੋਵੇਗਾ, ਦੁਆਈਆਂ ਮੁਫ਼ਤ ਮਿਲਣਗੀਆਂ,ਟੈਸਟ ਮੁਫ਼ਤ ਹੋਣਗੇ,ਪਰ ਜਦ ਉਹ ਹਸਪਤਾਲ ਆਉਂਦੇ ਹਨ ਤਾਂ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਕਦੇ ਡਾਕਟਰਾਂ ਦੀ ਘਾਟ, ਕਦੇ ਦੁਆਈਆਂ ਦੀ ਘਾਟ, ਕਦੇ ਮਸ਼ੀਨਾਂ ਖ਼ਰਾਬ ਹੋਣ ‘ਤੇ ਪ੍ਰਾਈਵੇਟ ਲਬਾਰਟਰੀਆਂ ਦੀ ਖ਼ਜ਼ਲ ਖੁਆਰੀ।ਪਿਛੇ ਖ਼ਬਰ ਛੱਪੀ ਸੀ ਕਿ ਈ ਸੀ ਜੀ ਦੀ ਮਸ਼ੀਨ ਪਿਛਲੇ ਦੋ ਮਹੀਨਿਆਂ ਤੋਂ ਖਰਾਬ ਪਈ ਇਸ ਮਸ਼ੀਨ ਦੇ ਖਰਾਬ ਹੋਣ ਦੇ ਕਾਰਨ ਮਰੀਜ਼ਾਂ ਨੂੰ ਖ਼ਜ਼ਲ-ਖ਼ੁਆਰ ਹੋਣਾ ਪੈ ਰਿਹਾ ਹੈ।ਇਕ ਹੋਰ ਖ਼ਬਰ ਸੀ ਕਿ ਇਸ ਹਸਪਤਾਲ ਦੇ ਸ਼ੀਸ਼ੇ ਵੀ ਟੁੱਟੇ ਹੋਏ ਹਨ ਜਿਸ ਕਾਰਨ ਠੰਢੀ ਹਵਾ ਅਤੇ ਮੱਛਰ ਮੱਖੀਆਂ ਦੇ ਕਾਰਨ ਮਰੀਜ਼ਾਂ ਕਾਫੀ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਬਹੁਤ ਸਾਰੀਆਂ ਤਰੁੱਟੀਆਂ ਅਤੇ ਖਾਮੀਆਂ ਹਨ ਜਿਸ ਕਾਰਨ ਮਰੀਜ਼ ਖ਼ਜ਼ਲ-ਖ਼ੁਆਰ ਹੋ ਰਹੇ ਹਨ।
ਡਾ ਗੁਮਟਾਲਾ ਨੇ ਮੰਗ ਕੀਤੀ ਹੈ ਕਿ ਮੈਡੀਕਲ ਸੁਪਰਡੈਂਟ ਤੋਂ ਇਸ ਸਬੰਧੀ ਵਿਸਥਾਰ ਸਹਿਤ ਰਿਪੋਰਟ ਮੰਗਵਾਕੇ ਖਾਮੀਆਂ ਨੂੰ ਪੂਰਾ ਕਰਨ ਦੀ ਖ਼ੇਚਲ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਸਬੰਧਤ ਪ੍ਰਮੁੱਖ ਸਕੱਤਰ ( ਪ੍ਰਿੰਸੀਪਲ ਸੈਕਟਰੀ ਮੈਡੀਕਲ ਐਜੂਕੇਸ਼ਨ) ਨੂੰ ਵੀ ਹਦਾਇਤ ਕੀਤੀ ਜਾਵੇ ਕਿ ਉਹ ਹਸਪਤਾਲ ਵਿੱਚ ਨਿੱਜੀ ਤੌਰ ‘ਤੇ ਜਾ ਕੇ ਇਥੋਂ ਦੀਆਂ ਹਾਲਤਾਂ ਦਾ ਜਾਇਜਾ ਲੈ ਕਿ ਇੱਥੋਂ ਦੀਆਂ ਘਾਟਾਂ ਦੂਰ ਕਰਕੇ ਗ਼ਰੀਬ ਲੋਕਾਂ ਦੀਆਂ ਅਸੀਸਾਂ ਲੈਣ ਦੀ ਖੇਚਲ ਕਰਨ ਜੀ।ਉਨ੍ਹਾਂ ਨੇ ਸ੍ਰੀ ਓਮ ਪ੍ਰਕਾਸ਼ ਸੋਨੀ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਅੰਮ੍ਰਿਤਸਰ ਤੇ ਪਟਿਆਲਾ ਮੈਡੀਕਲ ਕਾਲਜਾਂ ਦਾ ਸਮੇਂ ਸਮੇਂ ਅਚਨਚੇਤ ਦੌਰਾ ਕਰਕੇ ਇਨ੍ਹਾਂ ਨੂੰ ਵਧੀਆ ਹਸਪਤਾਲ ਬਣਵਾਉਣ ਵਿਚ ਆਪਣਾ ਯੋਗਦਾਨ ਪਾਉਣ।