ਕਰਮ ਸਿੰਘ ਜ਼ਖ਼ਮੀ ਦੀ ਅਨੁਵਾਦਿਤ ਪੁਸਤਕ ‘ਮਹਾਸ਼ਵੇਤਾ ਦੇਵੀ ਦੀਆਂ ਚੋਣਵੀਂਆਂ ਕਹਾਣੀਆਂ’ ਲੋਕ ਅਰਪਣ
ਸੰਗਰੂਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)- “ਕਵਿਤਾ ਦੀ ਸੂਖਮਤਾ, ਮਹਾਨਤਾ ਅਤੇ ਮਹੱਤਤਾ ਦਾ ਅਨੁਮਾਨ ਇਸ ਗੱਲ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਵਿਸ਼ਵ ਦੇ ਮਹਾਨ ਇਨਕਲਾਬੀ ਰਹਿਬਰ ਗੁਰੂ ਨਾਨਕ ਸਾਹਿਬ ਨੇ ਵੀ ਖ਼ੁਦ ਨੂੰ ਕਵੀ ਕਹਾਉਣ ਵਿੱਚ ਮਾਣ ਮਹਿਸੂਸ ਕੀਤਾ।” ਇਹ ਸ਼ਬਦ ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਨਸ਼ਾ ਛੁਡਾਊ ਕੇਂਦਰ ਸੰਗਰੂਰ ਦੇ ਡਾਇਰੈਕਟਰ ਅਤੇ ਉੱਘੇ ਸਾਹਿਤਕਾਰ ਮੋਹਨ ਸ਼ਰਮਾ ਨਾਲ ਕਰਵਾਏ ਗਏ ਰੂ-ਬ-ਰੂ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਭਾਈ ਗੁਰਦਾਸ ਇੰਸਟੀਚਿਊਟ ਸੰਗਰੂਰ ਦੇ ਡਾਇਰੈਕਟਰ ਡਾ. ਸੁਵਰੀਤ ਕੌਰ ਜਵੰਧਾ ਨੇ ਕਹੇ।
ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦੀਆਂ ਸਾਹਿਤਕ ਸਰਗਰਮੀਆਂ ’ਤੇ ਤਸੱਲੀ ਪ੍ਰਗਟ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕਵਿਤਾ ਨਾਲ ਪੰਜਾਬੀਆਂ ਦੀ ਸਾਂਝ ਇੰਨੀ ਪੁਰਾਣੀ ਹੈ ਕਿ ਸੰਸਾਰ ਦਾ ਸਭ ਤੋਂ ਪਹਿਲਾ ਗ੍ਰੰਥ ‘ਰਿਗ ਵੇਦ’ ਵੀ ਪੰਜਾਬ ਵਿੱਚ ਹੀ ਲਿਖਿਆ ਗਿਆ ਸੀ। ਸਾਹਿਤਕਾਰਾਂ ਦੇ ਰੂ-ਬ-ਰੂ ਹੁੰਦਿਆਂ ਮੋਹਨ ਸ਼ਰਮਾ ਨੇ ਕਿਹਾ ਕਿ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਹੀ ਮਨੁੱਖ ਨੂੰ ਸਮਰੱਥ ਅਤੇ ਸੂਝਵਾਨ ਬਣਾਉਂਦੀਆਂ ਹਨ।
ਨਸ਼ਾ ਛੁਡਾਊ ਕੇਂਦਰ ਦੇ ਸੰਚਾਲਕ ਵਜੋਂ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਨਰੋਆ ਦਿਮਾਗ ਹੀ ਨਰੋਏ ਸਾਹਿਤ ਦੀ ਸਿਰਜਣਾ ਕਰਨ ਦੇ ਸਮਰੱਥ ਹੁੰਦਾ ਹੈ। ਇਸ ਮੌਕੇ ਉਨ੍ਹਾਂ ਨੇ ਖੁੱਲ੍ਹ ਕੇ ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਨਾਲ ਸਬੰਧਿਤ ਯਾਦਾਂ ਸਾਂਝੀਆਂ ਕੀਤੀਆਂ ਅਤੇ ਆਪਣੀਆਂ ਕੁੱਝ ਚੋਣਵੀਂਆਂ ਖ਼ੂਬਸੂਰਤ ਗ਼ਜ਼ਲਾਂ ਵੀ ਸੁਣਾਈਆਂ। ਪੰਜਾਬ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫ਼ੁੱਲਤਾ ਲਈ ਪਾਏ ਵਡਮੁੱਲੇ ਯੋਗਦਾਨ ਲਈ ਸਭਾ ਵੱਲੋਂ ਡਾ. ਸੁਵਰੀਤ ਕੌਰ ਜਵੰਧਾ ਤੇ ਮੋਹਨ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਆਰੰਭ ਵਿੱਚ ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਪ੍ਰੋ. ਨਰਿੰਦਰ ਸਿੰਘ ਨੇ ਸ਼ਹੀਦ ਭਗਤ ਸਿੰਘ ਦੀ ਸ਼ਖ਼ਸੀਅਤ ਸਬੰਧੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ।
ਸਮਾਗਮ ਵਿੱਚ ਕਰਮ ਸਿੰਘ ਜ਼ਖ਼ਮੀ ਵੱਲੋਂ ਅਨੁਵਾਦਿਤ ਪੁਸਤਕ ‘ਮਹਾਸ਼ਵੇਤਾ ਦੇਵੀ ਦੀਆਂ ਚੋਣਵੀਂਆਂ ਕਹਾਣੀਆਂ’ ਲੋਕ ਅਰਪਣ ਕੀਤੀ ਗਈ। ਪੁਸਤਕ ਸਬੰਧੀ ਚਰਚਾ ਕਰਦਿਆਂ ਬੁਲਾਰਿਆਂ ਨੇ ਇਸ ਨੂੰ ਪੰਜਾਬੀ ਪਾਠਕਾਂ ਲਈ ਕੀਤਾ ਗਿਆ ਬੇਹੱਦ ਮਹੱਤਵਪੂਰਨ ਅਤੇ ਜ਼ਿਕਰਯੋਗ ਕਾਰਜ ਦੱਸਦਿਆਂ ਉਨ੍ਹਾਂ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ। ਸਮਾਗਮ ਵਿੱਚ ਸਭਾ ਦੀਆਂ ਗਤੀਵਿਧੀਆਂ ਨੂੰ ਸੰਚਾਲਿਤ ਕਰਨ ਅਤੇ ਪ੍ਰਬੰਧਕੀ ਕਾਰਜਾਂ ਨੂੰ ਵਿਉਂਤਣ ਲਈ ਸਰਬਸੰਮਤੀ ਨਾਲ ਇੱਕ ਸੱਤ ਮੈਂਬਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਪ੍ਰੋ. ਨਰਿੰਦਰ ਸਿੰਘ, ਕਰਮ ਸਿੰਘ ਜ਼ਖ਼ਮੀ. ਰਜਿੰਦਰ ਸਿੰਘ ਰਾਜਨ, ਭੁਪਿੰਦਰ ਸਿੰਘ ਬੋਪਾਰਾਏ, ਮੀਤ ਸਕਰੌਦੀ, ਜਗਜੀਤ ਸਿੰਘ ਲੱਡਾ ਅਤੇ ਭੁਪਿੰਦਰ ਨਾਗਪਾਲ ਨੂੰ ਸ਼ਾਮਲ ਕੀਤਾ ਗਿਆ।
ਉੱਭਰਦੀ ਕਵਿੱਤਰੀ ਹਰਮੀਤ ਕੌਰ ਚਾਨੀ ਵੱਲੋਂ ਗਾਏ ਗਏ ਕਿਸਾਨੀ ਸੰਘਰਸ਼ ਨਾਲ ਸਬੰਧਿਤ ਜੁਝਾਰੂ ਗੀਤ ਨਾਲ ਸ਼ੁਰੂ ਹੋਏ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵਿੱਚ ਭੁਪਿੰਦਰ ਸਿੰਘ ਬੋਪਾਰਾਏ ਨੇ ‘ਗ਼ਜ਼ਲ ਜੇ ਚੰਗੀ ਸਰਕਾਰ ਮਿਲੇ’, ਦਲਬਾਰ ਸਿੰਘ ਨੇ ਗੀਤ ‘ਬਹਿਜੇ ਥੋਡਾ ਬੇੜਾ ਬੇਈਮਾਨ ਲੀਡਰੋ’, ਜਰਨੈਲ ਸਿੰਘ ਸੱਗੂ ਨੇ ਗੀਤ ‘ਅੰਨਦਾਤੇ ਦੀ ਧੰਨ ਕਮਾਈ’, ਮੀਤ ਸਕਰੌਦੀ ਨੇ ਗੀਤ ‘ਕਿਰਸਾਨੀ ਦੀ ਮਧਾਣੀ ਸਾਡੀ ਲੋਟ ਆਵੇ ਨਾ’, ਸੁਖਵਿੰਦਰ ਸਿੰਘ ਲੋਟੇ ਨੇ ਗ਼ਜ਼ਲ ‘ਬੜਾ ਗੰਦਾ ਇਹ ਪਾਣੀ, ਜਿਹੜਾ ਪੀਣ ਨੂੰ ਮਿਲਦੈ’, ਰਜਿੰਦਰ ਸਿੰਘ ਰਾਜਨ ਨੇ ਗੀਤ ‘ਹਰ ਬੰਦਾ ਅੱਜ ਭਗਤ ਸਿਆਂ, ਤੇਰਾ ਵਾਰਸ ਬਣਨਾ ਲੋਚ ਰਿਹਾ’, ਕਰਮ ਸਿੰਘ ਜ਼ਖ਼ਮੀ ਨੇ ਗ਼ਜ਼ਲ ‘ਅਜੇ ਆਜ਼ਾਦੀ ਦੂਰ ਸਾਥੀਆ’, ਦਰਬਾਰਾ ਸਿੰਘ ਬੀਰਕਲਾਂ ਨੇ ਗੀਤ ‘ਉੱਚੇ ਹੁੰਦੇ ਜਾਣ ਨਿੱਤ ਮੰਦਰ-ਮਸੀਤਾਂ’ ਹਰਦੀਪ ਸਿੰਘ ਭੂਦਨ ਨੇ ਗ਼ਜ਼ਲ ‘ਬੰਦਾ ਵੱਡਾ ਹੁੰਦੈ ਚਾਰ ਭਰਾਵਾਂ ਨਾਲ’, ਗੋਬਿੰਦ ਸਿੰਘ ਤੂਰਬਨਜਾਰਾ ਨੇਗੀਤ ‘ਪੈਲੀ ਜਾਨੋਂ ਪਿਆਰੀ ਕਿਵੇਂ ਛੱਡ ਜਾਵਾਂ ਉਏ’, ਮੇਜਰ ਸਿੰਘ ਰਾਜਗੜ੍ਹ ਨੇ ਗ਼ਜ਼ਲ ‘ਹਨੇਰਾ ਹੋਣ ਨਹੀਂ ਦੇਣਾ ਤੂੰ ਦੀਵੇ ਬਾਲ ਕੇ ਰੱਖੀਂ’, ਪੰਥਕ ਕਵੀ ਲਾਭ ਸਿੰਘ ਝੱਮਟ ਨੇ ਗੀਤ ‘ਚੱਲ ਖੇਤਾਂ ’ਚ ਦਿਖਾਵਾਂ ਮੇਰਾ ਵੀਰ ਆ ਗਿਆ’, ਧਰਮੀ ਤੁੰਗਾਂ ਨੇ ਗੀਤ ‘ ਕੁੱਝ ਤਾਂ ਤੂੰ ਸੋਚ ਸਰਕਾਰੇ ਨੀ’, ਕੁਲਵੰਤ ਖਨੌਰੀ ਨੇ ਗੀਤ ‘ਤੇਰੇ ਵੱਲ ਦਿੱਲੀਏ ਪੰਜਾਬ ਆ ਰਿਹੈ’ ਸਵਰਨ ਸਿੰਘ ਨੇ ਗੀਤ ‘ਜਾਗ ਉਏ ਪੰਜਾਬੀਆ’, ਜੀਵਨ ਕੁਮਾਰ ਨੇ ਕਵਿਤਾ ‘ਹੁਣ ਮੰਜ਼ਿਲ ਦੂਰ ਨਹੀਂ’, ਭੁਪਿੰਦਰ ਨਾਗਪਾਲ ਨੇ ਗੀਤ ‘ਉੱਠ ਭਾਰਤ ਦਿਆ ਸ਼ੇਰ ਜਵਾਨਾ’, ਹਰਬੰਸ ਨਾਗਪਾਲ ਨੇ ਗੀਤ ‘ਯਾਦ ਉਨ੍ਹਾਂ ਦੀ ਅਮਰ ਹੋ ਜਾਂਦੀ’, ਜਸਵਿੰਦਰ ਸਿੰਘ ਜੌਲੀ ਨੇ ਕਵਿਤਾ ‘ਜ਼ਮਾਨਾ ਬੜਾ ਖ਼ਰਾਬ ਨੀ ਕੁੜੀਏ’, ਬੀਰਪਾਲ ਕੌਰ ਨੇ ਗੀਤ ‘ਪੁੱਤ ਜੰਮੇ ਤਾਂ ਦੁਨੀਆਂ ਲੱਡੂ ਵੰਡੇ’, ਜੀਤ ਹਰਜੀਤ ਨੇ ਕਵਿਤਾ ‘ਭੁੱਲਿਆਂ ਨੂੰ ਰਾਹ ਪਾਉਂਦੀ ਬਾਣੀ ਨਾਨਕ ਦੀ’, ਮੇਘ ਗੋਇਲ ਨੇ ਕਵਿਤਾ ‘ਜੇ ਬਣਾਉਣਾ ਚਾਹੁੰਦਾ ਏਂ ਜੀਵਨ ਸਫ਼ਲ’, ਸਰਬਜੀਤ ਸਿੱਧੂ ਨੇ ਕਵਿਤਾ ‘ਇਹ ਤਾਂ ਉਹ ਆਜ਼ਾਦੀ ਨਹੀਂ’, ਜਸਪਾਲ ਸਿੰਘ ਸੰਧੂ ਨੇ ਗੀਤ ‘ਭਗਵੇਂ ਦੀ ਅਮਰਵੇਲ ਨੇ ਕੀਤਾ ਬੁਰਾ ਹਾਲ’, ਪੇਂਟਰ ਸੁਖਦੇਵ ਸਿੰਘ ਧੂਰੀ ਨੇ ਗੀਤ ‘ਪੱਗ ਨਾਲ ਲੱਗੇਂ ਪੁੱਤ ਸੋਹਣਾ ਸਰਦਾਰ ਵੇ’, ਕੁਲਵੰਤ ਕਸਕ ਨੇ ਕਵਿਤਾ ‘ਆਓ ਗਿਆਨ ਦਾ ਚਾਨਣ ਵੰਡੀਏ’, ਸੁਖਦੇਵ ਸ਼ਰਮਾ ਨੇ ਕਵਿਤਾ ‘ਹੰਭਲਾ ਮਾਰ ਕਿਸਾਨਾ’, ਸੁਰਿੰਦਰਪਾਲ ਸਿੰਘ ਸਿਦਕੀ ਨੇ ਗੀਤ ‘ਅੰਨਦਾਤਾ ਸੜਕਾਂ ’ਤੇ ਰੁਲਦਾ’, ਸ਼ਿਵ ਕੁਮਾਰ ਅੰਬਾਲਵੀ ਨੇ ਗੀਤ ‘ਸੱਭਿਆਚਾਰ ਬਚਾਉਣਾ ਆਪਾਂ’ ਨਾਲ ਆਪਣੀ ਹਾਜ਼ਰੀ ਲਵਾਈ । ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਨਿਭਾਈ।