ਲਖਨਊ (ਸਮਾਜਵੀਕਲੀ) : ਹਰਿਆਣਆ ਦੇ ਗੁੜਗਾਉਂ ਤੇ ਦਿੱਲੀ ਦੇ ਸਰਹੱਦੀ ਇਲਾਕਿਆਂ ’ਚ ਅੱਜ ਟਿੱਡੀ ਦਲ ਨੇ ਦਸਤਕ ਦੇ ਦਿੱਤੀ ਜਦਕਿ ਇਸ ਨੇ ਯੂਪੀ ਦੇ ਅੱਧੀ ਦਰਜਨ ਪਿੰਡਾਂ ਵਿੱਚ ਫ਼ਸਲਾਂ ਦਾ ਨੁਕਸਾਨ ਕੀਤਾ। ਦਿੱਲੀ ਦੇ ਬਾਹਰਵਾਰ ਟਿੱਡੀ ਦਲ ਦੇ ਦਾਖ਼ਲ ਹੋਣ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰਾਲੇ ਨੇ ਕਿਹਾ ਕਿ ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਟਿੱਡੀ ਦਲ ਦੇ ਹਮਲੇ ’ਤੇ ਕਾਬੂ ਪਾਉਣ ਲਈ ਚੱਲ ਰਹੇ ਕਾਰਜਾਂ ’ਚ ਸਹਾਇਤਾ ਲਈ ਰਾਜਸਥਾਨ ਤੋਂ ਹੋਰ ਟੀਮਾਂ ਦੀ ਤਾਇਨਾਤੀ ਕੀਤੀ ਗਈ ਹੈ।
ਇਸ ਦੌਰਾਨ ਗੁੜਗਾਉਂ ਦੇ ਕਈ ਹਿੱਸਿਆਂ ਵਿੱਚ ਅਸਮਾਨ ’ਚ ਕਈ ਕਿਲੋਮੀਟਰ ਤੱਕ ਟਿੱਡੀ ਦਲ ਦੇ ਫੈਲ ਗਿਆ ਜੋ ਰੇਵਾੜੀ ਤੋਂ ਇੱਥੇ ਦਾਖ਼ਲ ਹੋਇਆ ਸੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ ਕਰ ਕੇ ਲੋਕਾਂ ਨੂੰ ਆਪਣੇ ਦਰਵਾਜ਼ੇ ਤੇ ਖਿੜਕੀਆਂ ਬੰਦ ਰੱਖਣ ਦੀ ਸਲਾਹ ਦਿੱਤੀ ਗਈ ਸੀ ਜਦਕਿ ਕਈ ਥਾਈਂ ਟਿੱਡੀ ਦਲ ਸਬੰਧੀ ਕੋਈ ਵੀਡੀਓਜ਼ ਵੀ ਲੋਕਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹਨ।
ਟਿੱਡੀ ਦਲ ਦੱਖਣੀ ਦਿੱਲੀ ਦੇ ਦਵਾਰਕਾ ਤੇ ਅਸੋਲਾ ਭੱਟੀ ਇਲਾਕਿਆਂ ਵਿੱਚ ਵੀ ਵੇਖੇ ਗਏ। ਟਰੋਲ ਟੀਮਾਂ ਟਿੱਡੀ ਦਲ ’ਤੇ ਲਗਾਤਾਰ ਨਜ਼ਰ ਰੱਖ ਰਹੀਆਂ ਹਨ ਜਦਕਿ ਉੱਤਰ ਪ੍ਰਦੇਸ਼ ਵਿੱਚ ਕੰਟਰੋਲ ਟੀਮਾਂ ਲਈ ਐਲਰਟ ਜਾਰੀ ਕਰ ਦਿੱਤਾ ਗਿਆ ਹੈ। ਰਾਜਸਥਾਨ, ਹਰਿਆਣਾ ਤੇ ਉੱਤਰ ਪ੍ਰਦੇਸ਼ ’ਚ ਟਿੱਡੀ ਦਲ ਨੂੰ ਰੋਕਣ ਲਈ ਵੱਡੇ ਪੱਧਰ ’ਤੇ ਯਤਨ ਜਾਰੀ ਹਨ।
ਇਸ ਦੌਰਾਨ ਗੁਰੂਗ੍ਰਾਮ ਦੇ ਕੁਝ ਹਿੱਸਿਆਂ ਵਿੱਚ ਵੀ ਟਿੱਡੀ ਦਲ ਦੀ ਆਮਦ ਵੇਖੀ ਗਈ। ਇਹ ਰਾਜੇਂਦਰ ਪਾਰਕ ਸੈਕਟਰ ਪੰਜ, ਧਨਵਾਪੁਰ, ਪਾਲਮ ਵਿਹਾਰ, ਸੈਕਟਰ 18 ਸਥਿਤ ਮਾਰੂਤੀ ਫੈਕਟਰੀ, ਸੈਕਟਰ 17 ਡੀਐੱਲਐੱਫ ਫੇਜ਼ 1 ਤੇ ਪੁਰਾਣੇ ਤੇ ਨਵੇਂ ਗੁਰੂਗ੍ਰਾਮ ਦੇ ਕਈ ਹਿੱਸਿਆਂ ’ਚ ਵਿਖਾਈ ਦਿੱਤੇ ਹਨ। ਸਵੇਰੇ ਲਗਪਗ 11 ਵਜੇ ਅਚਾਨਕ ਟਿੱਡੀ ਦਲ ਦੇ ਹਮਲੇ ਤੋਂ ਗੁਰੂਗ੍ਰਾਮ ਵਾਸੀ ਕਾਫ਼ੀ ਪ੍ਰੇਸ਼ਾਨ ਨਜ਼ਰ ਆਏ।