ਗੁਰਪਿੰਦਰ ਦੀ ਸ਼ਮੂਲੀਅਤ ਤੋਂ ਹੁਸੈਨਪੁਰਾ ਆਬਾਦੀ ਦੇ ਲੋਕ ਹੈਰਾਨ

ਅੰਮ੍ਰਿਤਸਰ ਦੇ ਵਸਨੀਕ ਗੁਰਪਿੰਦਰ ਸਿੰਘ ਉਰਫ ਮਿੰਕਲ ਦੀ ਪਾਕਿਸਤਾਨੀ ਲੂਣ ਰਾਹੀਂ ਹੁੰਦੀ ਹੈਰੋਇਨ ਦੀ ਤਸਕਰੀ ਦੇ ਮਾਮਲੇ ਵਿੱਚ ਸ਼ਮੂਲੀਅਤ ਦਾ ਮਾਮਲਾ ਇੱਥੇ ਹੁਸੈਨਪੁਰਾ ਆਬਾਦੀ ਦੇ ਲੋਕਾਂ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਹੈ ਅਤੇ ਲੋਕ ਇਹ ਜਾਨਣ ਮਗਰੋਂ ਹੈਰਾਨ ਹਨ।
ਪਾਕਿਸਤਾਨੀ ਲੂਣ ਰਾਹੀਂ 532 ਕਿੱਲੋ ਹੈਰੋਇਨ ਅਤੇ 52 ਕਿੱਲੋ ਹੋਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਖ਼ਬਰ ਇੱਥੇ ਹੁਸੈਨਪੁਰਾ ਆਬਾਦੀ ਵਿਚ ਅੱਗ ਵਾਂਗ ਫੈਲੀ ਹੋਈ ਹੈ। ਕਸਟਮ ਵਿਭਾਗ ਨੇ ਇਸ ਮਾਮਲੇ ਵਿੱਚ ਪੁੱਛਗਿਛ ਵਾਸਤੇ ਇਸ ਮੁਹਲੇ ਦੇ ਵਸਨੀਕ ਗੁਰਪਿੰਦਰ ਸਿੰਘ ਉਰਫ ਮਿੰਕਲ ਨੂੰ ਹਿਰਾਸਤ ਵਿੱਚ ਲਿਆ ਹੈ। ਕਸਟਮ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਗੁਰਪਿੰਦਰ ਸਿੰਘ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਉਸ ਨੇ ਦਸੰਬਰ 2018 ਵਿੱਚ ਹੀ ਬਰਾਮਦ-ਦਰਾਮਦ ਵਾਸਤੇ ਲੋੜੀਂਦਾ ਲਾਇਸੈਂਸ ਪ੍ਰਾਪਤ ਕੀਤਾ ਸੀ।
ਇੱਥੇ ਹੁਸੈਨਪੁਰਾ ਆਬਾਦੀ ਦੀ ਗਲੀ ਨੰਬਰ-8 ਵਿੱਚ ਗੁਰਪਿੰਦਰ ਸਿੰਘ ਉਰਫ ਮਿੰਕਲ ਦਾ ਘਰ ਅੱਜ ਬੰਦ ਪਿਆ ਸੀ। ਗਲੀ ਵਿੱਚ ਵੀ ਚੁੱਪ ਪਸਰੀ ਹੋਈ ਸੀ। ਆਂਢੀ-ਗੁਆਂਢੀ ਵੀ ਮਿੰਕਲ ਦੀ ਇਸ ਕਾਰਵਾਈ ਬਾਰੇ ਕੁਝ ਦੱਸਣ ਤੋਂ ਸੰਕੋਚ ਕਰ ਰਹੇ ਸਨ ਪਰ ਉਹ ਹੈਰਾਨ ਅਤੇ ਸਦਮੇ ਵਿੱਚ ਵੀ ਸਨ ਅਤੇ ਕਹਿ ਰਹੇ ਸਨ ਕਿ ਇਹ ‘ਕਸਟਮ ਵਾਲਿਆਂ ਦਾ ਪਰਿਵਾਰ’ ਅਜਿਹੇ ਕੰਮ ਵਿੱਚ ਸ਼ਾਮਲ ਹੋ ਸਕਦਾ ਹੈ। ਉਸ ਦੇ ਪਿਤਾ ਕਸਟਮ ਵਿਭਾਗ ਵਿੱਚੋਂ ਸੇਵਾਮੁਕਤ ਸਨ ਅਤੇ ਲਗਪਗ ਚਾਰ ਸਾਲ ਪਹਿਲਾਂ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਪਿਤਾ ਦੇ ਕਸਟਮ ਵਿਭਾਗ ਵਿੱਚ ਹੋਣ ਕਾਰਨ ਮੁਹੱਲੀ ਵਾਸੀ ਉਨ੍ਹਾਂ ਦੇ ਪਰਿਵਾਰ ਨੂੰ ਰਾਜੂ ਕਸਟਮ ਵਾਲੇ ਕਰ ਕੇ ਹੀ ਜਾਣਦੇ ਹਨ।
ਮਿੰਕਲ ਕਰੀਬ 35 ਵਰ੍ਹਿਆਂ ਦਾ ਹੈ ਅਤੇ ਉਸ ਨੇ ਕੁਝ ਵਰ੍ਹੇ ਪਹਿਲਾਂ ਇਕ ਕਲੀਅਰਿੰਗ ਏਜੰਟ ਕੰਪਨੀ ਕੋਲ ਵੀ ਕੰਮ ਕੀਤਾ ਸੀ। ਉੱਥੋਂ ਉਸ ਨੇ ਦੁਵੱਲੇ ਵਪਾਰ ਦਾ ਕੰਮ ਸਿੱਖਿਆ ਅਤੇ ਦਸੰਬਰ 2018 ਵਿੱਚ ਉਸ ਨੇ ਦੁਵੱਲੇ ਵਪਾਰ ਵਾਸਤੇ ਲੋੜੀਂਦਾ ਲਾਇਸੈਂਸ ਕਸਟਮ ਵਿਭਾਗ ਤੋਂ ਪ੍ਰਾਪਤ ਕੀਤਾ, ਜਿਸ ਰਾਹੀਂ ਉਸ ਨੇ ਹੁਣ ਪਾਕਿਸਤਾਨੀ ਲੂਣ ਦੀ ਇਹ ਖੇਪ ਮੰਗਵਾਈ ਸੀ। ਮੁਹੱਲਾ ਵਾਸੀਆਂ ਨੇ ਆਖਿਆ ਕਿ ਜਦੋਂ ਕੱਲ੍ਹ ਸ਼ਾਮ ਕੁਝ ਪੁਲੀਸ ਵਾਲੇ ਇੱਥੇ ਪੁੱਛਗਿਛ ਲਈ ਆਏ ਤਾਂ ਉਨ੍ਹਾਂ ਨੂੰ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਸੀ, ਮਗਰੋਂ ਇਸ ਸਬੰਧੀ ਖ਼ਬਰਾਂ ਵੀ ਨਸ਼ਰ ਹੋ ਗਈਆਂ।
ਉਨ੍ਹਾਂ ਆਖਿਆ ਕਿ ਭਰੋਸਾ ਨਹੀਂ ਹੁੰਦਾ ਕਿ ਇਹ ਪਰਿਵਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਕੰਮ ਨਾਲ ਜੁੜਿਆ ਹੋ ਸਕਦਾ ਹੈ। ਇਕ ਗੁਆਂਢੀ ਨੇ ਆਖਿਆ ਕਿ ਉਹ ਪਿਛਲੇ ਲਗਪਗ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਇੱਥੇ ਰਹਿ ਰਿਹਾ ਹੈ ਅਤੇ ਉਸ ਨੇ ਮਿੰਕਲ ਅਤੇ ਉਸ ਦੇ ਛੋਟੇ ਭਰਾ ਦੋਹਾਂ ਨੂੰ ਜਵਾਨ ਹੁੰਦੇ ਦੇਖਿਆ ਹੈ। ਉਸ ਦਾ ਪਿਤਾ ਵੀ ਮਿਲਣਸਾਰ ਵਿਅਕਤੀ ਸੀ ਅਤੇ ਇਹ ਦੋਵੇਂ ਭਰਾ ਵੀ ਬੜੇ ਮਿਲਣਸਾਰ ਹਨ। ਉਨ੍ਹਾਂ ਦੇ ਘਰ ਵਿਚ ਇਕ ਰੂਹਾਨੀ ਆਸ਼ਰਮ ਚਲ ਰਿਹਾ ਹੈ, ਜਿਥੇ ਹਰ ਐਤਵਾਰ ਸਤਿਸੰਗ ਹੁੰਦਾ ਹੈ।
ਮਿੰਕਲ ਦੀ ਮਾਂ ਨੂੰ ਲੋਕ ਮੁਹੱਲੇ ਵਿਚ ‘ਦੇਵੀ ਜੀ’ ਕਹਿੰਦੇ ਹਨ। ਮੁਹੱਲੇ ਵਿੱਚ ਪਰਿਵਾਰ ਦਾ ਚੰਗਾ ਮਾਣ-ਸਨਮਾਨ ਹੈ। ਇਸ ਦੌਰਾਨ ਇਕ ਕਲੀਅਰਿੰਗ ਏਜੰਟ ਨੇ ਦੱਸਿਆ ਕਿ ਕੁਝ ਸਮਾਂ ਗੁਰਪਿੰਦਰ ਇਕ ਕਲੀਅਰਿੰਗ ਏਜੰਸੀ ਨਾਲ ਕੰਮ ਕਰਦਾ ਰਿਹਾ ਹੈ ਅਤੇ ਮਗਰੋਂ ਉਸ ਨੇ ਜੰਮੂ- ਕਸ਼ਮੀਰ ਵਿੱਚ ਮੁਜੱਫਰਾਬਾਦ ਰਾਹੀਂ ਬਿਨਾਂ ਟੈਕਸ ਹੋ ਰਹੇ ਦੁਵੱਲੇ ਵਪਾਰ ਦੇ ਰਸਤੇ ਕਾਰੋਬਾਰ ਸ਼ੁਰੂ ਕੀਤਾ ਸੀ। ਉਹ ਜੰਮੂ-ਕਸ਼ਮੀਰ ਦੇ ਕਿਸੇ ਵਪਾਰੀ ਰਾਹੀਂ ਮਾਲ ਮੰਗਵਾ ਰਿਹਾ ਸੀ ਅਤੇ ਵੇਚ ਰਿਹਾ ਸੀ। ਇਹ ਵਪਾਰ ਹਾਲ ਹੀ ਵਿਚ ਪੁਲਵਾਮਾ ਹਮਲੇ ਤੋਂ ਬਾਅਦ ਬੰਦ ਹੋਇਆ ਹੈ।

Previous articleਸੜਕ ’ਤੇ ਤਕਰਾਰ ਮਗਰੋਂ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ
Next articleਧਵਨ ਮਗਰੋਂ ਹੁਣ ਵਿਜੈ ਸ਼ੰਕਰ ਵਿਸ਼ਵ ਕੱਪ ’ਚੋਂ ਬਾਹਰ