ਗੁਰਦੁਆਰਿਆਂ ਦੇ ਮਾਮਲਿਆਂ ਵਿੱਚ ਸਰਕਾਰੀ ਦਖਲਅੰਦਾਜ਼ੀ ਨੂੰ ਦੁਨੀਆਂ ਭਰ ਵਿੱਚ ਵੱਸਦੇ 30 ਮਿਲੀਅਨ ਸਿੱਖ ਕਦਾਚਿੱਤ ਬਰਦਾਸ਼ਤ ਨਹੀਂ ਕਰਨਗੇ

ਗੁਰਦੁਆਰਿਆਂ ਦੇ ਮਾਮਲਿਆਂ ਵਿੱਚ ਸਰਕਾਰੀ ਦਖਲਅੰਦਾਜ਼ੀ ਨੂੰ ਦੁਨੀਆਂ ਭਰ ਵਿੱਚ ਵੱਸਦੇ 30 ਮਿਲੀਅਨ ਸਿੱਖ ਕਦਾਚਿੱਤ ਬਰਦਾਸ਼ਤ ਨਹੀਂ ਕਰਨਗੇ

(ਸਮਾਜ ਵੀਕਲੀ)-ਨਿਊਯਾਰਕ 9 ਫਰਬਰੀ 2024: ਅਮਰੀਕਾ ਵਿਚ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਵਾਲੀਆਂ ਸਿਰਮੌਰ ਸੰਸਥਾਵਾਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ-ਕੋਸਟ (SCCEC), ਅਤੇ ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ (AGPC) ਨੇ ਅੱਜ ਇੱਕ ਸਾਂਝੇ ਬਿਆਨ ਰਾਹੀਂ, ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਐਕਟ 1956 ਵਿੱਚ ਸੋਧ ਕਰਨ ਲਈ ਭਾਰਤ ਦੀ ਮਹਾਂਰਾਸ਼ਟਰ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਤਖ਼ਤ ਸ੍ਰੀ ਹਜ਼ੂਰ ਸਾਹਿਬ ਸਿੱਖਾਂ ਦੇ ਪੰਜ ਤਖਤਾਂ ਵਿੱਚੋਂ ਇੱਕ ਹੈ ਜੋ ਕਿ ਮਹਾਂਰਾਸ਼ਟਰ ਸੂਬੇ ਵਿੱਚ ਭਾਰਤ ਦੇ ਦੱਖਣੀ ਹਿੱਸੇ ਵਿੱਚ ਸਥਿਤ ਹੈ। ਮਹਾਂਰਾਸ਼ਟਰ ਮੰਤਰੀ ਮੰਡਲ ਦਾ ਫੈਸਲਾ ਸਿੱਖ ਧਰਮ ਦੇ ਜਾਨ ਤੋਂ ਵੱਧ ਪਿਆਰੇ ਗੁਰਦੁਆਰਿਆਂ ਦੇ ਮਾਮਲਿਆਂ ਵਿੱਚ ਸਿੱਧੀ ਸਰਕਾਰੀ ਦਖਲਅੰਦਾਜ਼ੀ ਨੂੰ ਵਧਾਉਣ ਦਾ ਅਗਲਾ ਕਦਮ ਹੈ ਅਤੇ ਇਸ ਹਰਕਤ ਨੂੰ ਦੁਨੀਆਂ ਭਰ ਵਿੱਚ ਵੱਸਦੇ 30 ਮਿਲੀਅਨ ਸਿੱਖ ਕਦਾਚਿੱਤ ਬਰਦਾਸ਼ਤ ਨਹੀਂ ਕਰਨਗੇ।

ਇਸ ਤਾਜ਼ਾ ਘਟਨਾਕ੍ਰਮ ਸਬੰਧੀ ਐਸ.ਸੀ.ਸੀ.ਈ.ਸੀ. (SCCEC) ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਕਿਹਾ, “ਇਹ ਫਿਰਕੂ ਆਰਐਸਐਸ-ਭਾਜਪਾ-ਸ਼ਿਵ ਸੈਨਾ ਸਰਕਾਰ ਵੱਲੋਂ ਸਿੱਖਾਂ ਦੇ ਗੁਰਦੁਆਰਿਆਂ ਅਤੇ ਸੰਸਥਾਵਾਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਅਤੇ ਹਿੰਦੂਤਵ ਦੀ ਅਗਵਾਈ ਵਾਲੇ ਬ੍ਰਾਹਮਣਵਾਦੀ ਏਜੰਡੇ ਨੂੰ ਸਥਾਪਤ ਕਰਨ ਦੀ ਇੱਕ ਕੋਝੀ ਤੇ ਨੀਵੇਂ ਪੱਧਰ ਦੀ ਕੋਸ਼ਿਸ਼ ਹੈ। ਉਨਾਂ ਅੱਗੇ ਕਿਹਾ ਕਿ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਇਸੇ ਤਰਾਂ ਗੁਰਦੁਆਰਿਆਂ ਤੇ ਕਬਜ਼ੇ ਅਤੇ ਹਮਲੇ ਕਰਨ ਵਾਲੀ ਭਾਰਤੀ ਸਟੇਟ ਤੋ ਅਜ਼ਾਦ ਹੋ ਕੇ ਸਿੱਖ ਪ੍ਰਭੂਸੱਤਾ ਸੰਪੰਨ ਆਪਣਾ ਦੇਸ਼ ਖਾਲਿਸਤਾਨ ਚਾਹੁੰਦੇ ਹਨ ਜਿੱਥੇ ਕਿ ਉਨ੍ਹਾਂ ਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਸਿੱਖਿਆਵਾਂ ਦੇ ਅਨੁਸਾਰ ਧਾਰਮਿਕ ਆਜ਼ਾਦੀ ਅਤੇ ਖੁੱਲ ਹੋਵੇ।

ਹਿੰਦੂ ਕੱਟੜਪੰਥੀ ਰਾਜਨੀਤਿਕ ਪਾਰਟੀ ਸ਼ਿਵ ਸੈਨਾ ਦੀ ਅਗਵਾਈ ਵਾਲੀ ਮਹਾਂਰਾਸ਼ਟਰ ਦੀ ਸੂਬਾ ਸਰਕਾਰ ਭਾਰਤ ਦੇ ਹੋਰ ਸੂਬਿਆਂ ਵਿੱਚ ਵੀ ਸਿੱਖ ਗੁਰਦੁਆਰਿਆਂ ‘ਤੇ ਸਰਕਾਰੀ ਕਬਜ਼ਾ ਕਰਨ ਤੇ ਕਰਵਾਉਣ ਲਈ ਰਾਹ ਪੱਧਰਾ ਕਰ ਰਹੀ ਹੈ। ਏ.ਜੀ.ਪੀ.ਸੀ. ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਐਸ.ਜੀ.ਪੀ.ਸੀ., ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੱਖ ਵਿਦਵਾਨਾਂ ਨੂੰ ਅਪੀਲ ਕੀਤੀ ਕਿ ਉਹ ਮਹਾਰਾਸ਼ਟਰ ਸਰਕਾਰ ਦੇ ਇਸ ਇਕਪਾਸੜ ਕਦਮ ਨੂੰ ਭਾਰਤ ਦੀ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ। SCCEC ਅਤੇ AGPC ਭਾਰਤ ਅੰਦਰ ਧਾਰਮਿਕ ਅਧਿਕਾਰਾਂ ਦੀ ਇਸ ਘੋਰ ਉਲੰਘਣਾ ਦੇ ਮੁੱਦੇ ਨੂੰ ਸੰਯੁਕਤ ਰਾਸ਼ਟਰ ਆਫਿਸ ਆਫ ਇੰਟਰਨੈਸ਼ਨਲ ਰਿਲੀਜੀਅਸ ਫ੍ਰੀਡਮ (IRF), ਅਤੇ ਯੂਨਾਈਟਡ ਸਟੇਟਸ ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ (USCIRF) ਕੋਲ ਉਠਾਉਣਗੇ।

ਅਸੀਂ ਦੁਨੀਆ ਭਰ ਦੇ ਸਿੱਖਾਂ ਨੂੰ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸੁਚੇਤ ਰਹਿਣ ਅਤੇ ਇਕਜੁੱਟ ਰਹਿਣ ਦਾ ਸੱਦਾ ਦਿੰਦੇ ਹਾਂ। ਆਓ ਅਸੀਂ ਆਪਣੇ ਗੁਰੂਆਂ ਦੁਆਰਾ ਦਰਸਾਏ ਸੱਚ ਅਤੇ ਧਰਮ ਦੇ ਮਾਰਗ ‘ਤੇ ਚੱਲੀਏ, ਅਤੇ ਇਹ ਯਕੀਨੀ ਬਣਾਈਏ ਕਿ ਸਾਡੇ ਗੁਰਦੁਆਰੇ ਭਾਰਤੀ ਸਟੇਟ ਦੀਆਂ ਘਿਨਾਉਣੀਆਂ ਕੋਸ਼ਿਸ਼ਾਂ ਦੇ ਬਾਵਜੂਦ ਆਜ਼ਾਦ ਅਤੇ ਪ੍ਰਭੂਸੱਤਾ ਸੰਪੰਨ ਬਣੇ ਰਹਿਣ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਐਸਸੀਸੀਈਸੀ) ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏਜੀਪੀਸੀ) ਪ੍ਰਭੂਸੱਤਾ ਸੰਪੰਨ ਸਿੱਖ ਹੋਮਲੈੰਡ ਖਾਲਿਸਤਾਨ ਦੀ ਪ੍ਰਾਪਤੀ ਲਈ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਚੱਲਦਿਆਂ ਹਮੇਸ਼ਾਂ ਵਚਨਬੱਧ ਅਤੇ ਇੱਕਜੁੱਟ ਹਨ।

ਜਾਰੀ ਕਰਤਾਃ ਹਿੰਮਤ ਸਿੰਘ ਕੋਆਰਡੀਨੇਟਰ ਐਸ.ਸੀ.ਈ.ਸੀ,
ਡਾ: ਪ੍ਰਿਤਪਾਲ ਸਿੰਘ ਕੋਆਰਡੀਨੇਟਰ ਏ.ਜੀ.ਪੀ.ਸੀ.
ਹਰਜਿੰਦਰ ਸਿੰਘ ਮੀਡੀਆ ਸਪੋਕਸਮੈਨ ਐਸ.ਸੀ.ਈ.ਸੀ

Previous articleਸ੍ਰੀ ਗੁਰੂ ਰਵਿਦਾਸ ਜੀ ਦੇ 647ਵੇਂ ਪ੍ਰਕਾਸ਼ ਪੁਰਬ ਸੰਬੰਧੀ ਸਾਊਥਹਾਲ ਟੈਂਪਲ ਵਿਖੇ ਧਾਰਮਿਕ ਸਮਾਗਮ 25 ਨੂੰ
Next articleThe decision of Maharashtra Council of Ministers is a direct interference in Sikh Gurdwara affairs