ਗੁਰਦੁਆਰਾ ਨਨਕਾਣਾ ਸਾਹਿਬ ਦੇ ਬਾਹਰ ਧਰਨਾ ਤੇ ਪਥਰਾਅ

* ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਅਤੇ ਅਮਰੀਕਾ ਦੇ ਸਿੱਖਾਂ ਵੱਲੋਂ ਚਿੰਤਾ ਦਾ ਪ੍ਰਗਟਾਵਾ
* ਪਾਕਿ ਸਰਕਾਰ ਨੂੰ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ

ਅੰਮ੍ਰਿਤਸਰ- ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਦੇ ਬਾਹਰ ਅੱਜ ਸ਼ਾਮ ਉਸ ਵੇਲੇ ਤਣਾਅ ਵਾਲੀ ਸਥਿਤੀ ਬਣ ਗਈ ਜਦੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਕੱਠੇ ਹੋ ਕੇ ਗੁਰਦੁਆਰੇ ਦੇ ਬਾਹਰ ਧਰਨਾ ਦਿੱਤਾ ਅਤੇ ਗੁਰਦੁਆਰੇ ਦੇ ਅੰਦਰ ਪਥਰਾਅ ਵੀ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਇਥੇ ਸਿੱਖਾਂ ਨੂੰ ਨਹੀਂ ਰਹਿਣ ਦੇਣਗੇ ਅਤੇ ਸ਼ਹਿਰ ਨਨਕਾਣਾ ਦਾ ਨਾਂ ਵੀ ਬਦਲ ਦੇਣਗੇ। ਘਟਨਾ ਤੋਂ ਬਾਅਦ ਪੁਲੀਸ ਸਥਿਤੀ ਨੂੰ ਕਾਬੂ ਕਰਨ ਲਈ ਪੁੱਜ ਗਈ ਸੀ ਪਰ ਧਰਨਾ ਦੇਰ ਸ਼ਾਮ ਤੱਕ ਜਾਰੀ ਸੀ। ਵੇਰਵਿਆਂ ਮੁਤਾਬਕ ਧਰਨਾਕਾਰੀ ਉਸ ਮੁਸਲਿਮ ਨੌਜਵਾਨ ਦੇ ਪਰਿਵਾਰਕ ਮੈਂਬਰ ਅਤੇ ਸਮਰਥਕ ਹਨ, ਜਿਨ੍ਹਾਂ ’ਤੇ ਸਿੱਖ ਲੜਕੀ ਜਗਜੀਤ ਕੌਰ ਨੂੰ ਅਗਵਾ ਅਤੇ ਜਬਰੀ ਨਿਕਾਹ ਕਰਕੇ ਧਰਮ ਤਬਦੀਲ ਕਰਨ ਦਾ ਦੋਸ਼ ਲਾਇਆ ਗਿਆ ਸੀ। ਕੁਝ ਮਹੀਨੇ ਪਹਿਲਾਂ ਉਥੇ ਗੁਰਦੁਆਰੇ ਦੇ ਗ੍ਰੰਥੀ ਦੀ ਕੁੜੀ ਨੂੰ ਅਗਵਾ ਕਰ ਲਿਆ ਗਿਆ ਸੀ। ਇਸ ਮਾਮਲੇ ਵਿਚ ਅੰਤਰਰਾਸ਼ਟਰੀ ਪੱਧਰ ’ਤੇ ਸਿੱਖ ਭਾਈਚਾਰੇ ਵੱਲੋਂ ਬਣਾਏ ਗਏ ਦਬਾਅ ਕਾਰਨ ਨਨਕਾਣਾ ਸਾਹਿਬ ਪੁਲੀਸ ਨੇ ਮੁਸਲਿਮ ਨੌਜਵਾਨ ਅਤੇ ਉਸ ਦੇ ਪਰਿਵਾਰ ਖਿਲਾਫ਼ ਕੇਸ ਦਰਜ ਕੀਤਾ ਸੀ। ਦੂਜੇ ਪਾਸੇ ਇਸ ਲੜਕੀ ਅਤੇ ਮੁਸਲਿਮ ਨੌਜਵਾਨ ਨੇ ਲਾਹੌਰ ਦੇ ਮੈਜਿਸਟਰੇਟ ਕੋਲ ਪੇਸ਼ ਹੋ ਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨਿਕਾਹ ਕਰ ਲਿਆ ਹੈ ਅਤੇ ਬਾਕੀ ਦੋਸ਼ਾਂ ਨੂੰ ਨਕਾਰਿਆ ਸੀ। ਮਾਮਲਾ ਭਖਿਆ ਹੋਣ ਕਾਰਨ ਲੜਕੀ ਨੂੰ ਲਾਹੌਰ ਸਥਿਤ ਦਾਰੁਲ ਇਸਲਾਮ (ਨਾਰੀ ਘਰ) ਵਿਖੇ ਭੇਜ ਦਿੱਤਾ ਗਿਆ ਸੀ। ਇਹ ਲੜਕੀ ਅਜੇ ਤੱਕ ਪਰਿਵਾਰ ਕੋਲ ਵਾਪਸ ਨਹੀਂ ਪੁੱਜੀ ਹੈ। ਇਸ ਮਾਮਲੇ ਨੂੰ ਲੈ ਕੇ ਮੁਸਲਿਮ ਨੌਜਵਾਨ ਦੇ ਭਰਾ ਅਤੇ ਹੋਰ ਸਮਰਥਕਾਂ ਨੇ ਅੱਜ ਸ਼ਾਮ ਲਗਭਗ ਪੰਜ ਵਜੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਬਾਹਰ ਧਰਨਾ ਦੇ ਦਿੱਤਾ। ਇਸ ਸਬੰਧੀ ਕੁਝ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਸਨ, ਜਿਸ ਵਿਚ ਇਹ ਨੌਜਵਾਨ ਉੱਚੀ ਸੁਰ ਵਿਚ ਕਹਿੰਦਾ ਦਿਖਾਈ ਦੇ ਰਿਹਾ ਹੈ ਕਿ ‘ਨਨਕਾਣੇ ਵਿਚ ਕੋਈ ਸਿੱਖ ਨਹੀਂ ਰਹਿਣ ਦੇਣਾ’ ਅਤੇ ‘ਇਸ ਦਾ ਨਾਂ ਬਦਲ ਕੇ ਗੁਲਾਮ ਮੁਸਤਫਾ ਸ਼ਹਿਰ ਰੱਖ ਦੇਵਾਂਗੇ।’ ਉਹ ਇਹ ਵੀ ਦਾਅਵਾ ਕਰ ਰਿਹਾ ਹੈ ਕਿ ਪੁਲੀਸ ਵਲੋਂ ਉਸ ਦੀ ਮਾਰਕੁੱਟ ਕੀਤੀ ਗਈ ਹੈ। ਪੁਲੀਸ ਨੇ ਸਿੱਖ ਕੁੜੀ ਨੂੰ ਤਲਾਕ ਦੇਣ ਅਤੇ ਘਰ ਭੇਜਣ ਲਈ ਦਬਾਅ ਪਾਇਆ ਹੈ ਜਦੋਂਕਿ ਕੁੜੀ ਪਰਿਵਾਰ ਕੋਲ ਨਹੀਂ ਜਾਣਾ ਚਾਹੁੰਦੀ। ਗੁਰਦੁਆਰੇ ਕੋਲ ਰਹਿੰਦੇ ਪੀਜੀਪੀਸੀ ਦੇ ਸਾਬਕਾ ਪ੍ਰਧਾਨ ਅਤੇ ਸਿੱਖ ਆਗੂ ਮਸਤਾਨ ਸਿੰਘ ਨੇ ਖੁਲਾਸਾ ਕੀਤਾ ਕਿ ਪੁਲੀਸ ਨੇ ਨਨਕਾਣਾ ਸਾਹਿਬ ਵਿਚ ਰਹਿ ਰਹੇ ਸਿੱਖਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਕੁਝ ਸਿੱਖ ਗੁਰਦੁਆਰੇ ਵਿਚ ਹਨ, ਜੋ ਉਥੇ ਰਹਿਰਾਸ ਅਤੇ ਸਮਾਪਤੀ ਲਈ ਗਏ ਹੋਏ ਸਨ। ਉਨ੍ਹਾਂ ਦੱਸਿਆ ਕਿ ਖਬਰਾਂ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਗੁਰਦੁਆਰੇ ਅੰਦਰ ਪੱਥਰ ਵੀ ਸੁੱਟੇ ਹਨ। ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿਚ ਗੁਰਦੁਆਰੇ ਨੂੰ ਸ਼ਾਮਲ ਨਹੀਂ ਕਰਨਾ ਚਾਹੀਦਾ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਵਲੋਂ ਕੁਝ ਦਿਨ ਪਹਿਲਾਂ ਹੀ ਉਕਤ ਮੁਸਲਿਮ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਮੁੜ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਇਸੇ ਦੇ ਵਿਰੋਧ ਵਿਚ ਅੱਜ ਜੁਮੇ ਦੇ ਦਿਨ ਸਾਰੇ ਇਕੱਠੇ ਹੋਏ ਸਨ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਚਿੰਤਾ ਦਾ ਆਲਮ ਬਣਿਆ ਹੋਇਆ ਹੈ। ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰੇ ਵਿਚ ਪਥਰਾਅ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਸ੍ਰੀ ਲੌਂਗੋਵਾਲ ਨੇ ਕਿਹਾ ਕਿ ਉਥੋਂ ਦੀ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਏ। ਉਨ੍ਹਾਂ ਕਿਹਾ ਕਿ ਸਮੁੱਚਾ ਸਿੱਖ ਭਾਈਚਾਰਾ ਪਾਕਿਸਤਾਨ ਦੇ ਸਿੱਖਾਂ ਨਾਲ ਖੜ੍ਹਾ ਹੈ। ਉਨ੍ਹਾਂ ਗੁਰਦੁਆਰੇ ਬਾਰੇ ਨਫਰਤੀ ਭਾਸ਼ਾ ਵਰਤਣ ’ਤੇ ਵੀ ਸਖ਼ਤ ਇਤਰਾਜ਼ ਕੀਤਾ ਹੈ। ਇਸ ਦੌਰਾਨ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਇਸ ਮਾਮਲੇ ਵਿਚ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਕਾਲ ਤੋਂ ਹੀ ਸਿੱਖ ਅਤੇ ਮੁਸਲਿਮ ਭਾਈਚਾਰੇ ਵਿਚਾਲੇ ਸਾਂਝ ਬਣੀ ਹੋਈ ਹੈ, ਜਿਸ ਨੂੰ ਕਾਇਮ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਸਮਾਜਿਕ ਮਾਮਲਾ ਹੈ ਅਤੇ ਇਸ ਨੂੰ ਧਾਰਮਿਕ ਰੰਗਤ ਦੇਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਪ੍ਰਸ਼ਾਸਨ ਨੂੰ ਸ਼ਰਾਰਤੀ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਦੀ ਅਪੀਲ ਕੀਤੀ।

Previous articleUS committed to ‘de-escalation’ with Iran: Pompeo to Pak, China
Next articleEffective EU role needed in Middle East: Italian minister