ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਪ੍ਰਧਾਨ ਅਤੇ ਨਕੋਦਰ ਤੋਂ ਵਿਧਾਇਕ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ 1300 ਤੋਂ ਵੱਧ ਸ਼ਰਧਾਲੂਆਂ ਦਾ ਜਥਾ ਅੱਜ ਖ਼ਾਲਸਾਈ ਜੈਕਾਰੇ ਲਾਉਂਦਾ ਹੋਇਆ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਸ੍ਰੀ ਬਾਜਵਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸੰਸਥਾ ਪਿਛਲੇ ਸਾਢੇ ਅਠਾਰਾਂ ਸਾਲਾ ਤੋਂ ਹਰ ਮੱਸਿਆ ਦੇ ਦਿਹਾੜੇ ’ਤੇ ਇਸੇ ਸਥਾਨ ਕੋਲ ਦਰਸ਼ਨਾਂ ਲਈ ਅਰਦਾਸ ਕਰਦੀ ਰਹੀ ਹੈ। ਸੰਸਥਾ ਵੱਲੋਂ ਜਥਾ ਕਰਤਾਰਪੁਰ ਸਾਹਿਬ ਲਿਜਾਣ ਵਿਚ ਥੋੜ੍ਹੀ ਦੇਰੀ ਇਸ ਕਰ ਕੇ ਹੋ ਗਈ ਕਿਉਂਕਿ ਸੰਸਥਾ ਦੇ ਕਈ ਮੈਬਰਾਂ ਦੇ ਪਾਸਪੋਰਟ ਨਹੀਂ ਬਣੇ ਸਨ। ਉਨ੍ਹਾਂ ਦੱਸਿਆ ਕਿ ਸੰਸਥਾ ਦੇ ਬਾਨੀ ਪ੍ਰਧਾਨ ਮਰਹੂਮ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਵਾਉਣ ਲਈ ਪਹਿਲੀ ਅਰਦਾਸ 14 ਅਪਰੈਲ 2001 ਨੂੰ ਡੇਰਾ ਬਾਬਾ ਨਾਨਕ ਧੁੱਸੀ ਬੰਨ੍ਹ ’ਤੇ ਕੀਤੀ ਸੀ, ਅਖ਼ਰੀਲੀ ਤੇ 226ਵੀਂ ਅਰਦਾਸ ਲੰਘੀ 28 ਅਕਤੂਬਰ ਨੂੰ ਕੀਤੀ ਗਈ ਸੀ।ਵਿਧਾਇਕ ਵਡਾਲਾ ਅਤੇ ਸ੍ਰੀ ਬਾਜਵਾ ਨੇ ਦੱਸਿਆ ਕਿ ਇਨ੍ਹਾਂ ਸਾਢੇ ਅਠਾਰਾ ਸਾਲਾਂ ਵਿੱਚ ਸੰਸਥਾ ਅਹੁਦੇਦਾਰ ਇਸਲਾਮਾਬਾਦ ਜਾ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਘੱਟ ਗਿਣਤੀਆਂ ਦੇ ਮੰਤਰੀ ਨੂੰ ਸਮੇਂ-ਸਮੇਂ ’ਤੇ ਲਾਂਘਾ ਖੁੱਲ੍ਹਵਾਉਣ ਲਈ ਯਾਦ ਪੱਤਰ ਦਿੰਦੇ ਰਹੇ ਹਨ। ਇਸੇ ਤਰ੍ਹਾਂ ਭਾਰਤੀ ਪ੍ਰਧਾਨ ਮੰਤਰੀ ਨੂੰ ਵੀ ਲਾਂਂਘਾ ਖੁੱਲ੍ਹਵਾਉਣ ਲਈ ਕਈ ਵਾਰ ਯਾਦ ਪੱਤਰ ਦਿੱਤੇ ਗਏ ਹਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਸੰਸਥਾ ਨੇ ਅਮਰੀਕਾ ਦੇ ਸਾਬਕਾ ਰਾਜਦੂਤ ਜੌਹਨ ਮੈਕਡੋਲਨ ਨੂੰ ਦਿੱਲੀ ਤੋਂ ਡੇਰਾ ਬਾਬਾ ਨਾਨਕ ਧੁੱਸੀ ਬੰਨ੍ਹ ’ਤੇ ਲਿਆ ਕੇ ਇਸ ਲਾਂਘੇ ਦਾ ਮੌਕਾ ਦਿਖਾਇਆ ਗਿਆ ਸੀ। ਉਸ ਸਮੇਂ ਰਾਜਦੂਤ ਨੇ ਅਮਰੀਕਾ ਜਾ ਕੇ ਦੋਵਾਂ ਦੇਸ਼ਾਂ ਨਾਲ ਸੰਪਰਕ ਕਰ ਕੇ ਇਸ ਲਾਂਘੇ ਨੂੰ ਖੁੱਲ੍ਹਵਾਉਣ ਲਈ ਸੁਹਿਰਦ ਯਤਨ ਕੀਤੇ ਸਨ। ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਲਗਭਗ ਸਾਢੇ 17 ਸਾਲ ਦਾ ਸਮਾਂ ਗੁਜ਼ਾਰਿਆ। ਸ੍ਰੀ ਬਾਜਵਾ ਨੇ ਕਿਹਾ ਕਿ ਦੋਵੇਂ ਦੇਸ਼ ਜਿਹੜਾ ਸਰਹੱਦ ’ਤੇ ਫ਼ੌਜਾਂ ਲਈ ਅਰਬਾਂ ਰੁਪਏ ਖ਼ਰਚ ਕਰਦੇ ਹਨ, ਇਹ ਪੈਸੇ ਸਿਹਤ, ਸਿੱਖਿਆ ਅਤੇ ਬੇਰੁਜ਼ਗਾਰੀ ਦੂਰ ਕਰਨ ’ਤੇ ਖ਼ਰਚ ਹੋਣੇ ਚਾਹੀਦੇ ਹਨ। ਇਸ ਦੌਰਾਨ ਸੰਸਥਾ ਦੇ ਸੀਨੀਅਰ ਆਗੂ ਜਥੇਦਾਰ ਜਸਬੀਰ ਸਿੰਘ ਜੱਫਰਵਾਲ ਪੁਲੀਸ ਪ੍ਰਕਿਰਿਆ ਦੌਰਾਨ ਇਜਾਜ਼ਤ ਨਾ ਮਿਲਣ ਕਾਰਨ ਪਾਕਿਸਤਾਨ ਨਹੀਂ ਜਾ ਸਕੇ।
World ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 1300 ਸ਼ਰਧਾਲੂ ਰਵਾਨਾ