ਮਾਨਸਾ (ਸਮਾਜਵੀਕਲੀ) : ਦਿੱਲੀ ਪੁਲੀਸ ਵੱਲੋਂ ਬੀਤੇ ਦਿਨੀਂ ਖਾਲਿਸਤਾਨ ਲਿਬਰੇਸ਼ਨ ਫਰੰਟ ਦੀਆਂ ਗਤੀਵਿਧੀਆਂ ਦੇ ਦੋਸ਼ ਹੇਠ ਗੁਰਤੇਜ ਸਿੰਘ ਨੂੰ ਕਾਬੂ ਕੀਤਾ ਗਿਆ ਸੀ। ਇਸ ਮਾਮਲੇ ਨੂੰ ਉਸ ਦੇ ਪਰਿਵਾਰ ਨੇ ਝੂਠਾ ਕਰਾਰ ਦਿੰਦਿਆਂ ਕਿਹਾ ਹੈ ਕਿ ਪੁਲੀਸ ਉਸ ਨੂੰ ਜਾਣਬੁੱਝ ਕੇ ਫਸਾ ਰਹੀ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਪੁਲੀਸ 24 ਜੂਨ ਨੂੰ ਮਾਨਸਾ ਦੇ ਲਿੰਕ ਰੋਡ ਵਾਸੀ ਗੁਰਤੇਜ ਸਿੰਘ (55) ਨੂੰ ਖਾੜਕੂ ਗਤੀਵਿਧੀਆਂ ਦੇ ਦੋਸ਼ ਹੇਠ ਚੁੱਕ ਕੇ ਦਿੱਲੀ ਲੈ ਗਈ ਹੈ। ਪੁਲੀਸ ਮੁਤਾਬਕ ਗੁਰਤੇਜ ਸਿੰਘ ਮਾਨਸਾ ਰਹਿੰਦਾ ਹੋਇਆ ਖਾਲਿਸਤਾਨ ਫੋਰਸ ਦਾ ਮੈਂਬਰ ਬਣ ਕੇ ਕਈ ਆਰਐਸਐਸ ਤੇ ਕਾਂਗਰਸੀ ਅਾਗੂਆਂ ਦੀਆਂ ਹੱਤਿਆਵਾਂ ਕਰਨ ਦੀ ਵਿਉਂਤ ਘੜ ਰਿਹਾ ਸੀ।
ਗੁਰਤੇਜ ਸਿੰਘ ਦੀ ਪਤਨੀ ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਪਲੰਬਰ ਦਾ ਕੰਮ ਕਰਦਾ ਹੈ ਤੇ ਉਸ ਦਾ ਰਸੌਲੀ ਦਾ ਅਪਰੇਸ਼ਨ ਹੋਣ ਤੋਂ ਬਾਅਦ 24 ਜੂਨ ਨੂੰ ਉਹ ਸ਼ਹਿਰ ਦੇ ਇਕ ਹਸਪਤਾਲ ’ਚੋਂ ਦਵਾਈ ਲੈਣ ਗਿਆ ਸੀ ਜਿਥੋਂ ਦਿੱਲੀ ਪੁਲੀਸ ਨੇ ਊਸ ਨੂੰ ਚੁੱਕ ਲਿਆ। ਹਵਾਰਾ ਕਮੇਟੀ ਦੇ ਆਗੂ ਪ੍ਰੋ.ਬਲਜਿੰਦਰ ਸਿੰਘ ਖਾਲਸਾ, ਐਡਵੋਕੇਟ ਅਮਰ ਸਿੰਘ ਚਾਹਲ, ਐਡਵੋਕੇਟ ਰਮਨਦੀਪ ਸਿੰਘ, ਐਡਵੋਕੇਟ ਦਿਲਸ਼ੇਰ ਸਿੰਘ, ਬਲਵੀਰ ਸਿੰਘ ਰਾਏਸਰ ਨੇ ਕਿਹਾ ਹੈ ਕਿ ਉਹ ਦਿੱਲੀ ਵਿਚ ਗੁਰਤੇਜ ਸਿੰਘ ਤੇ ਹੋਰਨਾਂ ਬੇਕਸੂਰ ਸਿੱਖਾਂ ਦਾ ਕੇਸ ਲੜਨਗੇ।
ਦੂਜੇ ਪਾਸੇ ਦਿੱਲੀ ਪੁਲੀਸ ਨੇ ਬਿਆਨ ਜਾਰੀ ਕੀਤਾ ਸੀ ਕਿ ਗੁਰਤੇਜ ਸਿੰਘ ਖਾਲਿਸਤਾਨ ਸੰਗਠਨ ਨਾਲ ਜੁੜਿਆ ਹੋਇਆ ਹੈ। ਪੁਲੀਸ ਅਨੁਸਾਰ ਉਸ ਕੋਲੋਂ ਖਾਲਿਸਤਾਨ ਨਾਲ ਸਬੰਧਿਤ ਵੀਡੀਓਜ਼, ਫੋਟੋਆਂ, ਤਿੰਨ ਮੋਬਾਈਲ ਫੋਨ, ਤਿੰਨ ਪਿਸਤੌਲ ਤੇ ਕਾਰਤੂਸ ਬਰਾਮਦ ਕੀਤੇ ਗਏ ਹਨ।