ਬੰਗਲੌਰ ਦੇ ਚਿੰਨਾਸਵਾਮੀ ਕ੍ਰਿਕਟ ਸਟੇਡੀਅਮ ’ਚ ਅੱਜ ਖੇਡੇ ਗਏ ਮੈਚ ’ਚ ਰੌਇਲ ਚੈਲੰਜਰਜ਼ ਬੰਗਲੌਰ ਨੇ 4 ਵਿਕਟਾਂ ਨਾਲ ਜਿੱਤ ਦਰਜ ਕੀਤੀ। ਸਨਰਾਈਜ਼ਰਜ਼ ਹੈਦਰਾਬਾਦ ਨੇ ਬੰਗਲੌਰ ਨੂੰ ਜਿੱਤ ਲਈ 176 ਦੌੜਾਂ ਦਾ ਟੀਚਾ ਦਿੱਤਾ ਜਿਸ ਨੂੰ ਬੰਗਲੌਰ ਨੇ 19.2 ਓਵਰਾਂ ’ਚ 178 ਦੌੜਾਂ ਬਣਾ ਕੇ ਪੂਰਾ ਕਰ ਲਿਆ। ਬੰਗਲੌਰ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸ ਦਾ ਸਲਾਮੀ ਬੱਲੇਬਾਜ਼ ਪਾਰਥਿਵ ਪਟੇਲ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਿਆ। ਵਿਕਾਟ ਕੋਹਲੀ ਵੀ ਸੱਤ ਗੇਂਦਾਂ ’ਚ 16 ਦੌੜਾਂ ਬਣਾ ਕੇ ਆਊਟ ਗਿਆ ਤੇ ਡੀ ਵਿਲੀਅਰਜ਼ ਵੀ 1 ਦੌੜ ਹੀ ਬਣਾ ਸਕਿਆ। ਇਸ ਮਗਰੋਂ ਸ਼ਿਰਮਨ ਹੈੱਟਮਾਇਰ (75) ਤੇ ਗੁਰਕੀਰਤ ਸਿੰਘ (65) ਨੇ ਪਾਰੀ ਸੰਭਾਲੀ ਤੇ ਦੋਵਾਂ ਬੱਲੇਬਾਜ਼ਾਂ ਨੇ ਨੀਮ ਸੈਂਕੜੇ ਜੜੇ।ਇਸ ਤੋਂ ਪਹਿਲਾਂ ਕਪਤਾਨ ਕੇਨ ਵਿਲੀਅਮਸਨ ਨੇ ਆਖ਼ਰੀ ਓਵਰ ਵਿੱਚ ਚੌਕਿਆਂ-ਛੱਕਿਆਂ ਦਾ ਮੀਂਹ ਵਰ੍ਹਾਉਂਦਿਆਂ 28 ਦੌੜਾਂ ਬਣਾਈਆਂ ਅਤੇ ਰੌਇਲ ਚੈਲੰਜਰਜ਼ ਬੰਗਲੌਰ ਖ਼ਿਲਾਫ਼ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸੱਤ ਵਿਕਟਾਂ ’ਤੇ 175 ਦੌੜਾਂ ਤੱਕ ਪਹੁੰਚਾਇਆ। 19ਵੇਂ ਓਵਰ ਦੇ ਅਖ਼ੀਰ ਵਿੱਚ ਸਨਰਾਈਜ਼ਰਜ਼ ਦਾ ਸਕੋਰ ਸੱਤ ਵਿਕਟਾਂ ’ਤੇ 147 ਦੌੜਾਂ ਸੀ। ਇਸ ਮਗਰੋਂ ਵਿਲੀਅਮਸਨ ਨੇ ਉਮੇਸ਼ ਯਾਦਵ ਨੂੰ ਦੋ ਛੱਕੇ ਜੜੇ। ਉਹ 43 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਚਾਰ ਛੱਕਿਆਂ ਨਾਲ 70 ਦੌੜਾਂ ਬਣਾ ਕੇ ਨਾਬਾਦ ਰਿਹਾ। ਹੈਦਰਾਬਾਦ ਵੱਲੋਂ ਰਿੱਧੀਮਾਨ ਸਾਹਾ ਨੇ 20, ਮਾਰਟਿਨ ਗੁਪਟਿਲ ਨੇ 30 ਤੇ ਵਿਜੈ ਸ਼ੰਕਰ ਨੇ 27 ਦੌੜਾਂ ਬਣਾਈਆਂ।
Sports ਗੁਰਕੀਰਤ ਨੇ ਵਧਾਇਆ ਬੰਗਲੌਰ ਦਾ ਮਾਣ