ਸ੍ਰੀਨਗਰ (ਸਮਾਜ ਵੀਕਲੀ): ਨੈਸ਼ਨਲ ਕਾਨਫਰੰਸ ਪਾਰਟੀ ਦੇ ਪ੍ਰਧਾਨ ਫ਼ਾਰੂਕ ਅਬਦੁੱਲਾ ਨੇ ਜੰਮੂ ਤੇ ਕਸ਼ਮੀਰ ਦੇ ਵਿਸ਼ੇਸ਼ ਰੁਤਬੇ, ਜਿਸ ਨੂੰ ਪਿਛਲੇ ਸਾਲ ਮਨਸੂਖ਼ ਕਰ ਦਿੱਤਾ ਗਿਆ ਸੀ, ਨਾਲ ਸਬੰਧਤ ‘ਗੁਪਕਾਰ ਐਲਾਨਨਾਮੇ’ ਨੂੰ ਲੈ ਕੇ ਭਵਿੱਖੀ ਰਣਨੀਤੀ ਘੜਨ ਲਈ ਵੀਰਵਾਰ ਨੂੰ ਆਪਣੀ ਰਿਹਾਇਸ਼ (ਗੁਪਕਾਰ) ’ਤੇ ਵੱਖ ਵੱਖ ਪਾਰਟੀਆਂ ਦੀ ਮੀਟਿੰਗ ਸੱਦ ਲਈ ਹੈ। ਪੀਡੀਪੀ ਆਗੂ ਅਤੇ ਜੰਮੂ ਤੇ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਵੀ ਇਸ ਮੀਟਿੰਗ ’ਚ ਸ਼ਿਰਕਤ ਕਰਨਗੇ।
ਪੀਐੱਸਏ ਤਹਿਤ ਗ੍ਰਿਫ਼ਤਾਰ ਮੁਫ਼ਤੀ ਨੂੰ ਮੰਗਲਵਾਰ ਰਾਤ 14 ਮਹੀਨਿਆਂ ਦੀ ਹਿਰਾਸਤ ਮਗਰੋਂ ਰਿਹਾਅ ਕੀਤਾ ਗਿਆ ਸੀ। ਇਸ ਦੌਰਾਨ ਪੀਡੀਪੀ ਆਗੂ ਦੀ ਸਰਕਾਰੀ ਰਿਹਾਇਸ਼ ‘ਫੇਰਵਿਊ ਬੰਗਲੇ’ ਦੇ ਬਾਹਰ ਅੱਜ ਮਹਿਬੂੁਬਾ ਮੁਫ਼ਤੀ ਦੀ ਇਕ ਝਲਕ ਪਾਉਣ ਲਈ ਪਾਰਟੀ ਵਰਕਰਾਂ ਸਮੇਤ ਹੋਰਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਪੀਡੀਪੀ, ਕਾਂਗਰਸ, ਡੀਐੈੱਮਕੇ ਤੇ ਹੋਰ ਕਈ ਪਾਰਟੀਆਂ ਦੇ ਆਗੂਆਂ ਨੇ ਟਵੀਟ ਕਰਕੇ ਮਹਿਬੂਬਾ ਦੀ ਰਿਹਾਈ ਦਾ ਸਵਾਗਤ ਕੀਤਾ ਹੈ।
ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਪੱਤਰਕਾਰਾਂ ਨੂੰ ਦੱਸਿਆ, ‘ਮੇਰੇ ਪਿਤਾ ਅਤੇ ਮੈਂ, ਮਹਿਬੂਬਾ ਮੁਫ਼ਤੀ ਸਾਹਿਬਾ ਦੀ ਹਿਰਾਸਤ ’ਚੋਂ ਰਿਹਾਈ ਮਗਰੋਂ ਫੋਨ ਕਰਕੇ ਉਨ੍ਹਾਂ ਦੀ ਖੈਰ ਸੁਖ ਪੁੱਛੀ ਸੀ।’ ਊਮਰ ਨੇ ਕਿਹਾ ਕਿ ਪੀਡੀਪੀ ਆਗੂ ਨੇ ਗੁਪਕਾਰ ਐਲਾਨਨਾਮੇ ’ਤੇ ਸਹੀ ਪਾਉਣ ਵਾਲੇ ਆਗੂਆਂ ਦੀ ਮੀਟਿੰਗ ’ਚ ਸ਼ਾਮਲ ਹੋਣ ਦੇ ਸੱਦੇ ਨੂੰ ਪ੍ਰਵਾਨ ਕਰ ਲਿਆ ਹੈ।’