ਗੁਟੇਰੇਜ਼ ਵੱਲੋਂ ਅਮਰੀਕਾ ਤੇ ਯੂਐੱਨ ਵਿਚਾਲੇ ਭਾਈਵਾਲੀ ਦੀ ਸ਼ਲਾਘਾ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ): ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੋਟੇਰੇਜ਼ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਫੋਨ ’ਤੇ ਗੱਲਬਾਤ ਦੌਰਾਨ ਕੋਵਿਡ-19 ਆਲਮੀ ਮਹਾਮਾਰੀ, ਅਮਨ ਅਤੇ ਸੁਰੱਖਿਆ ਸੰਕਟਾਂ ਤੇ ਮਨੁੱਖੀ ਅਧਿਕਾਰੀਆਂ ਨੂੰ ਵਧਦੇ ਖਤਰੇ ਸਮੇਤ ਆਲਮੀ ਚੁਣੌਤੀਆਂ ਨਾਲ ਨਜਿੱਠਣ ’ਚ ਅਮਰੀਕਾ ਤੇ ਸੰਯੁਕਤ ਰਾਸ਼ਟਰ ਵਿਚਾਲੇ ਬਹੁਤ ਮਹੱਤਵਪੂਰਨ ਤੇ ਮਜ਼ਬੂਤ ਭਾਈਵਾਲੀ ਦੀ ਸ਼ਲਾਘਾ ਕੀਤੀ।

ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਗੁਟੇਰੇਜ਼ ਨਾਲ ਫੋਨ ’ਤੇ ਹੋਈ ਗੱਲਬਾਤ ਦੌਰਾਨ ਬਲਿੰਕਨ ਨੇ ਬਹੁ-ਪੱਖੀ ਸਹਿਯੋਗ ਲਈ ਅਮਰੀਕਾ ਦੀ ਪ੍ਰਤੀਬੱਧਤਾ ਦੁਹਰਾਈ ਅਤੇ ਬਹੁ-ਪੱਖੀ ਪ੍ਰਣਾਲੀ ’ਚ ਸੰਯੁਕਤ ਰਾਸ਼ਟਰ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਸੰਯੁਕਤ ਰਾਸ਼ਟਰ ਨੇ ਦੱਸਿਆ ਕਿ ਗੁਟੇਰੇਜ਼ ਨੇ ਕੋਵਿਡ-19 ਮਹਾਮਾਰੀ, ਵਾਤਾਵਰਨ ਸਬੰਧੀ ਹੰਗਾਮੀ ਹਾਲਾਤ, ਅਮਨ ਤੇ ਸੁਰੱਖਿਆ ਸਬੰਧੀ ਕਈ ਸੰਕਟਾਂ ਅਤੇ ਮਨੁੱਖੀ ਅਧਿਕਾਰਾਂ ਨੂੰ ਵਧਦੇ ਖਤਰਿਆਂ ਸਮੇਤ ਆਲਮੀ ਚੁਣੌਤੀਆਂ ਨਾਲ ਨਜਿੱਠਣ ’ਚ ਅਮਰੀਕਾ ਤੇ ਸੰਯੁਕਤ ਰਾਸ਼ਟਰ ਵਿਚਾਲੇ ਬਹੁਤ ਮਹੱਤਵਪੂਰਨ ਤੇ ਮਜ਼ਬੂਤ ਭਾਈਵਾਲੀ ਦੀ ਸ਼ਲਾਘਾ ਕੀਤੀ।

ਸੰਯੁਕਤ ਰਾਸ਼ਟਰ ਨੇ ਖਾਸ ਤੌਰ ’ਤੇ ਪੈਰਿਸ ਸਮਝੌਤੇ ’ਚ ਮੁੜ ਤੋਂ ਸ਼ਾਮਲ ਹੋਣ ਅਤੇ ਵਿਸ਼ਵ ਸਿਹਤ ਸੰਸਥਾ ਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨਾਲ ਮੁੜ ਤੋਂ ਸਬੰਧ ਸਥਾਪਤ ਕਰਨ ਦੇ ਅਮਰੀਕਾ ਦੇ ਫੈਸਲੇ ਦਾ ਸਵਾਗਤ ਕੀਤਾ। ਦੋਵਾਂ ਨੇ ਸੀਰੀਆ ਤੇ ਯਮਨ ਸਮੇਤ ਦੁਨੀਆਂ ਭਰ ’ਚ ਬਣੇ ਚਿੰਤਾ ਵਾਲੇ ਹਾਲਾਤ ’ਤੇ ਚਰਚਾ ਕੀਤੀ।

Previous articleਸਰਕਾਰ ਭੁਲੇਖੇ ’ਚ ਨਾ ਰਹੇ, ਕਿਸਾਨ ਕਿਤੇ ਨਹੀਂ ਜਾਣ ਵਾਲੇ: ਟਿਕੈਤ
Next articleਮਿਆਂਮਾਰ ਦੇ ਫ਼ੌਜੀ ਅਧਿਕਾਰੀਆਂ ’ਤੇ ਪਾਬੰਦੀਆਂ ਆਇਦ