ਭਰੁਚ (ਸਮਾਜ ਵੀਕਲੀ) :ਗੁਜਰਾਤ ਦੇ ਭਰੁਚ ’ਚ ਇੱਥ ਹਸਪਤਾਲ ’ਚ ਅੱਜ ਤੜਕੇ ਅੱਗ ਲੱਗਣ ਕਾਰਨ 16 ਕਰੋਨਾ ਪੀੜਤਾਂ ਸਮੇਤ 18 ਜਣਿਆਂ ਦੀ ਮੌਤ ਹੋ ਗਈ। ਸੂਬਾ ਸਰਕਾਰ ਨੇ ਇਸ ਘਟਨਾ ਦੀ ਜੁਡੀਸ਼ਲ ਜਾਂਚ ਦੇ ਹੁਕਮ ਦਿੱਤੇ ਹਨ। ਇਸ ਘਟਨਾ ’ਚ ਪਟੇਲ ਵੈਲਫੇਅਰ ਹਸਪਤਾਲ ਦਾ ਆਈਸੀਯੂ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕੋਵਿਡ-19 ਯੂਨਿਟ ’ਚ 16 ਕਰੋਨਾ ਪੀੜਤਾਂ ਅਤੇ ਦੋ ਨਰਸਿੰਗ ਸਟਾਫ ਦੇ ਮੈਂਬਰਾਂ ਦੀ ਅੱਗ ਕਾਰਨ ਜਾਂ ਸਾਹ ਘੁਟਣ ਕਾਰਨ ਮੌਤ ਹੋ ਗਈ ਹੈ।
ਹਸਪਤਾਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਚਾਰ ਮੰਜ਼ਿਲਾ ਵੈੱਲਫੇਅਰ ਹਸਪਤਾਲ ’ਚ ਦੇਰ ਰਾਤ ਇੱਕ ਵਜੇ ਦੇ ਕਰੀਬ ਵਾਪਰੇ ਇਸ ਹਾਦਸੇ ਸਮੇਂ 50 ਹੋਰ ਮਰੀਜ਼ ਵੀ ਸਨ, ਜਿਨ੍ਹਾਂ ਨੂੰ ਸਥਾਨਕ ਲੋਕਾਂ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਬਾਹਰ ਕੱਢਿਆ। ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ ਨੇ ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਲਈ 4 ਲੱਖ ਰੁਪਏ ਦਾ ਮੁਆਵਜ਼ਾ ਐਲਾਨਿਆ ਹੈ। ਉਨ੍ਹਾਂ ਨਾਲ ਹੀ ਵਧੀਕ ਮੁੱਖ ਸਕੱਤਰ (ਲੇਬਰ) ਵਿਪੁਲ ਮਿੱਤਰਾ ਅਤੇ ਨਿਗਮ ਪ੍ਰਸ਼ਾਸਨ ਦੇ ਕਮਿਸ਼ਨਰ ਰਾਜਕੁਮਾਰ ਬੈਨੀਵਾਲ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਰੁਪਾਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਘਟਨਾ ਦੀ ਜਾਂਚ ਲਈ ਨਿਆਂਇਕ ਜਾਂਚ ਦੇ ਹੁਕਮ ਵੀ ਦਿੱਤੇ ਹਨ।