ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣੇ ਗੀਤ ‘ਜੱਟੀ ਜਿਉਣੇ ਮੌੜ ਵਰਗੀ’ ਵਿਚ ਮਾਈ ਭਾਗੋ ਦਾ ਜ਼ਿਕਰ ਕਰ ਕੇ ਵਿਵਾਦਾਂ ’ਚ ਘਿਰ ਗਿਆ ਹੈ ਤੇ ਅੱਜ ਧਾਰਮਿਕ ਅਤੇ ਪੰਜਾਬੀ ਮਾਂ ਬੋਲੀ ਸੰਗਠਨਾਂ ਦੇ ਕਾਰਕੁਨਾਂ ਨੇ ਸਿੱਧੂ ਮੂਸੇਵਾਲੇ ਦਾ ਘਰ ਘੇਰਨ ਲਈ ਉਸ ਪਾਸੇ ਚਾਲੇ ਪਾ ਦਿੱਤੇ। ਮਾਮਲੇ ਦੀ ਗੰਭੀਰਤਾ ਦੇਖਦਿਆਂ ਜ਼ਿਲ੍ਹਾ ਪ੍ਰਸਾਸ਼ਨ ਨੇ ਪਿੰਡ ਮੂਸਾ ’ਚ ਗਾਇਕ ਦੇ ਘਰ ਦੇ ਆਲੇ-ਦੁਆਲੇ ਵੱਡੀ ਗਿਣਤੀ ’ਚ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ। ਗਾਇਕ ਦੇ ਘਰ ਕੋਲ ਪੁੱਜਣ ਵਾਲਿਆਂ ਵਿਚ ਦਲ ਖਾਲਸਾ ਦੇ ਬਾਬਾ ਹਰਦੀਪ ਸਿੰਘ, ਲਖਵੀਰ ਸਿੰਘ ਲੱਖਾ ਸਿਧਾਣਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੁਖਚੈਨ ਸਿੰਘ ਅਤਲਾ, ਪੰਜਾਬੀ ਮਾਂ ਬੋਲੀ ਦੇ ਜੀਵਨ ਸਿੰਘ ਗਿੱਲ ਕਲਾਂ, ਬਲਜਿੰਦਰ ਸਿੰਘ ਕੋਟ ਭਾਰਾ ਦੇ ਨਾਂ ਸ਼ਾਮਲ ਹਨ। ਆਗੂਆਂ ਨੇ ਕਿਹਾ ਕਿ ਇਹ ਗਾਇਕ ਲੰਮੇ ਸਮੇਂ ਤੋਂ ਭੱਦੀ ਸ਼ਬਦਾਵਲੀ ਵਰਤ ਕੇ ਤੇ ਲੱਚਰ ਗੀਤ ਗਾ ਕੇ ਮਾਂ ਬੋਲੀ ਦਾ ਨਿਰਾਦਰ ਕਰ ਰਿਹਾ ਹੈ। ਬਾਬਾ ਹਰਦੀਪ ਸਿੰਘ ਨੇ ਕਿਹਾ ਕਿ ਸਿੱਧੂ ਨੇ ਆਪਣੇ ਗੀਤ ਵਿਚਲੇ ਅੰਤਰਿਆਂ ’ਚ ਮਾਤਾ ਭਾਗ ਕੌਰ ਦਾ ਨਾਂ ਵਰਤ ਕੇ ਪੂਜਣਯੋਗ ਹਸਤੀ ਦਾ ਨਿਰਾਦਰ ਕੀਤਾ ਹੈ। ਆਗੂਆਂ ਨੇ ਸਿੱਧੂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਅਧੀਨ ਸਿੱਧੂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਇਸੇ ਦੌਰਾਨ ਅੱਜ ਸਵੇਰੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਗਾਇਕ ਨੇ ਮੁਆਫ਼ੀ ਵੀ ਮੰਗ ਲਈ ਹੈ। ਸਿੱਧੂ ਨੇ ਕਿਹਾ ਕਿ ਉਸ ਦਾ ਮੰਤਵ ਹੋਰ ਸੀ ਪਰ ਮਾਈ ਭਾਗੋ ਦਾ ਜ਼ਿਕਰ ਹੋਣ ਕਾਰਨ ਵੱਡੀ ਭੁੱਲ ਹੋਈ ਹੈ, ਇਸ ਲਈ ਉਹ ਹਰ ਪੰਜਾਬੀ ਅਤੇ ਸਿੱਖ ਧਰਮ ਨੂੰ ਮੰਨਣ ਵਾਲਿਆਂ ਤੋਂ ਮੁਆਫ਼ੀ ਮੰਗਦਾ ਹੈ।
ਗਾਇਕ ਖ਼ਿਲਾਫ਼ ਮਾਨਸਾ ਦੇ ਥਾਣਾ ਸਦਰ ਵਿਚ ਸਿੱਖ ਜਥੇਬੰਦੀਆਂ ਵੱਲੋਂ ਸ਼ਿਕਾਇਤ ਦਰਜ ਕਰਵਾ ਕੇ ਗੀਤ ’ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ ਤੇ ਸਿੱਧੂ ਮੂਸੇਵਾਲਾ ਨੂੰ ਗ੍ਰਿਫ਼ਤਾਰ ਕਰਨ ਲਈ ਵੀ ਕਿਹਾ ਹੈ। ਮਾਨਸਾ ਦੇ ਐੱਸ.ਐੱਸ.ਪੀ ਡਾ. ਨਰਿੰਦਰ ਭਾਰਗਵ ਦਾ ਕਹਿਣਾ ਹੈ ਕਿ ਥਾਣਾ ਸਦਰ ਮਾਨਸਾ ਵਿੱਚ ਗਾਇਕ ਸਿੱਧੂ ਮੂਸੇਵਾਲਾ ਖਿਲਾਫ਼ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲੀਸ ਨੇ ਗੀਤ ਦੀ ਸੀ.ਡੀ ਦੀ ਕਾਪੀ ਮੰਗਵਾ ਲਈ ਹੈ ਅਤੇ ਜਾਂਚ ਉਪਰੰਤ ਬਾਕਾਇਦਾ ਕਾਰਵਾਈ ਕੀਤੀ ਜਾਵੇਗੀ।
Uncategorized ਗੀਤ ’ਚ ਮਾਈ ਭਾਗੋ ਦਾ ਜ਼ਿਕਰ ਕਰ ਕੇ ਸਿੱਧੂ ਮੂਸੇਵਾਲਾ ਵਿਵਾਦਾਂ ’ਚ...