ਕੌਮੀ ਵਿਦਵਾਨਾਂ ਦਾ ਹੁੰਦਾ ਰਹੇਗਾ ਸਤਿਕਾਰ- ਸੰਤ ਕ੍ਰਿਸ਼ਨ ਨਾਥ ਚਹੇੜੂ
ਹੁਸ਼ਿਆਰਪੁਰ /ਜਲੰਧਰ, (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਡੇਰਾ ਬਾਬਾ ਫੂਲ ਨਾਥ ਜੀ ਤਪੱਸਵੀ ਸਥਾਨ ਸੰਤ ਬਾਬਾ ਬ੍ਰਹਮ ਨਾਥ ਜੀ ਦੇ ਗੱਦੀ ਨਸ਼ੀਨ ਸ੍ਰੀਮਾਨ ਸੰਤ ਕ੍ਰਿਸ਼ਨ ਨਾਥ ਚਹੇੜੂ ਵਾਲਿਆਂ ਵਲੋਂ ਕੌਮ ਅਤੇ ਮਿਸ਼ਨ ਲਈ ਕੰਮ ਕਰਨ ਵਾਲੇ ਵੱਖ ਵੱਖ ਬੁੱਧੀਜੀਵੀਆਂ ਗਾਇਕਾਂ ਵਿਦਵਾਨਾਂ ਲੇਖਕਾਂ ਦਾ ਸਮੇਂ ਸਮੇਂ ਸਤਿਕਾਰ ਕੀਤਾ ਜਾਂਦਾ ਰਿਹਾ ਹੈ। ਜਿਸ ਕੜੀ ਦੇ ਤਹਿਤ ਹੀ ਉਨ੍ਹਾਂ ਦੇ ਸਾਲਾਨਾ ਸਮਾਗਮ ਵਿੱਚ ਕੌਮ ਦੇ ਮਹਾਨ ਲੇਖਕ ਸਤਿਕਾਰਯੋਗ ਸ੍ਰੀ ਮਹਿੰਦਰ ਸੰਧੂ ਮਹੇੜੂ ਜੀ ਅਤੇ ਸਵਰਗੀ ਪ੍ਰੋਫ਼ੈਸਰ ਲਾਲ ਸਿੰਘ ਜੀ ਦੇ ਪਰਿਵਾਰ ਨੂੰ ਮਹਾਂਪੁਰਸ਼ਾਂ ਵਲੋਂ ਗੋਲਡ ਮੈਡਲ ਦੇ ਕੇ ਸਨਮਾਨਿਆ ਗਿਆ ।
ਇਸ ਮੌਕੇ ਮਹਾਂਪੁਰਸ਼ਾਂ ਨੇ ਆਖਿਆ ਕਿ ਇਹ ਸਨਮਾਨ ਉਸ ਸ਼ਖਸੀਅਤ ਨੂੰ ਦਿੱਤਾ ਜਾਂਦਾ ਹੈ ਜੋ ਕੌਮ ਅਤੇ ਸਮਾਜ ਦੇ ਭਲੇ ਲਈ ਹਮੇਸ਼ਾਂ ਕਾਰਜਸ਼ੀਲ ਹੁੰਦਿਆਂ ਸਮਾਜ ਵਿੱਚ ਰਹਿਬਰਾਂ ਦੇ ਮਿਸ਼ਨ ਦਾ ਹੋਕਾ ਦੇਵੇ । ਉਨ੍ਹਾਂ ਕਿਹਾ ਕਿ ਮਹਿੰਦਰ ਸੰਧੂ ਮਹੇੜੂ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਵਿਚ ਡਟੇ ਹੋਏ ਹਨ ਅਤੇ ਇਨ੍ਹਾਂ ਦੀ ਕਲਮ ਵਲੋਂ ਅਨੇਕਾਂ ਮਿਸ਼ਨਰੀ ਗੀਤ ਸਮਾਜ ਨੂੰ ਸੇਧ ਦੇਣ ਵਾਲੇ ਵੱਖ ਵੱਖ ਗਾਇਕਾਂ ਕਲਾਕਾਰਾਂ ਦੀਆਂ ਆਵਾਜ਼ਾਂ ਵਿਚ ਆਏ ਹਨ । ਇਸੇ ਤਰ੍ਹਾਂ ਸਵਰਗਵਾਸੀ ਪ੍ਰੋਫੈਸਰ ਲਾਲ ਸਿੰਘ ਜੀ ਵਲੋਂ ਅਨੇਕਾਂ ਮਿਸ਼ਨਰੀ ਪੁਸਤਕਾਂ ਕਲਮਬੰਦ ਕਰਕੇ ਸਮਾਜ ਵਿੱਚ ਵੱਡੀ ਸੇਵਾ ਕੀਤੀ ਗਈ । ਉਨ੍ਹਾਂ ਕਿਹਾ ਕਿ ਜੋ ਵੀ ਸਮਾਜ ਵਿਚ ਰਹਿਬਰਾਂ ਦੇ ਮਿਸ਼ਨ ਤੇ ਵਿਲੱਖਣ ਪੈੜਾਂ ਪਾਵੇਗਾ ਉਸ ਸ਼ਖ਼ਸੀਅਤ ਦਾ ਦਰਬਾਰ ਵਲੋਂ ਇਸੇ ਤਰ੍ਹਾਂ ਸਨਮਾਨ ਸਤਿਕਾਰ ਸਦਾ ਕੀਤਾ ਜਾਂਦਾ ਰਹੇਗਾ ।
ਗੋਲਡ ਮੈਡਲ ਮਿਲਣ ਤੇ ਮਹਿੰਦਰ ਸੰਧੂ ਮਹੇੜੂ ਨੂੰ ਪ੍ਰਸਿੱਧ ਗਾਇਕ ਰਣਜੀਤ ਰਾਣਾ , ਕੰਠ ਕਲੇਰ, ਫ਼ਿਰੋਜ਼ ਖ਼ਾਨ, ਅੰਮ੍ਰਿਤਾ ਵਿਰਕ, ਰਾਜਨ ਮੱਟੂ ,ਅਮਰ ਅਰਸ਼ੀ, ਬੂਟਾ ਮੁਹੰਮਦ , ਕੁਲਦੀਪ ਚੁੰਬਰ, ਕੁਲਵਿੰਦਰ ਕਿੰਦਾ, ਤਾਜ ਨਗੀਨਾ, ਦਲਵਿੰਦਰ ਦਿਆਲਪੁਰੀ ਵਲੋਂ ਵੀ ਮੁਬਾਰਕਬਾਦ ਦਿੱਤੀ ਗਈ । ਇਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਮਹਿੰਦਰ ਸੰਧੂ ਮਹੇੜੂ ਨੇ ਕਿਹਾ ਕਿ ਉਹ ਆਖਰੀ ਦਮ ਤਕ ਆਪਣੀ ਕਲਮ ਸਮਾਜ ਦੇ ਹਿੱਤਾਂ ਅਤੇ ਹੱਕਾਂ ਦੀ ਰਾਖੀ ਲਈ ਚਲਾਉਂਦੇ ਰਹਿਣਗੇ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly