(ਸਮਾਜ ਵੀਕਲੀ)
ਅੱਗ ਦੀ ਲਪਟ ਜੇ ਜ਼ਿੰਦਗ਼ੀ,
ਹੈ ਸਵੀਕਾਰ ਤੂੰ , ਮਿਲ ਗਲੇ
ਕੁਕਨਸਾਂ ਦਾ ਇਸ਼ਕ , ਜਾਨ ਤੂੰ,
ਡੀਕਦੇ ਯਾਰ ਨੂੰ ..ਲਾ ਗਲੇ
ਲਪਟ ਜੇ ਅੱਗ ਦੀ…………
ਕੁਕਨਸਾਂ ਦਾ ਇਸ਼ਕ , ਜਾਨ ਤੂੰ,
ਡੀਕਦੇ ਯਾਰ ਨੂੰ ..ਲਾ ਗਲੇ
ਲਪਟ ਜੇ ਅੱਗ ਦੀ…………
ਪੌਣ ਹੈ ਧੜਕਦੀ ਜਿਸਮ ਵਿਚ,
ਦਮ ਜਿਵੇਂ ਸਹਿਕਦੇ ਖ਼ਾਕ ਵਿਚ
ਜੀਵਨ ਜਿਉਂ ਪਨਪਦਾ ਕੁੱਖ਼ ਵਿੱਚ
ਵਾਸ਼ਨਾ ਲਚਕਦੀ ਢਾਕ ਵਿੱਚ
ਬੰਜ਼ਰੀਂ ਥੋਹਰ ਨੇ ਮਹਿਕਦੇ
ਟਹਿਕਦੇ ਸੋਹਣੇ ਫੁੱਲ਼ ਖਿਲੇ
ਲਪਟ ਜੇ ਅੱਗ ਦੀ ਜ਼ਿੰਦਗ਼ੀ…….
ਅੰਗਿਆਰਾਂ ਉਤੇ ਸਿਰਜਣੇ
ਸ਼ੌਂਕ ਦੇ ਮਹਿਰਮਾ ਆਲ੍ਹਣੇ
ਗੋਦ ਦੀ ਨਿੱਘ ਵਿਚ ਬੋਟ ਵੀ
ਅੰਬਰ ਛੂੰਹਦੇ ਪਾਲਣੇ
ਚਹਿਕਦੇ ਪੀੜ ਲੈ ਹਿਜਰ ਦੀ
ਪੀ ਰਹੇ ਹੰਝ ਸਾਡੇ ਗਲ਼ੇ
ਲਪਟ ਜੇ ਅੱਗ ਦੀ………….
ਖੰਭ ਨਾ ਮੱਚਦੇ ਛੂਹ ਲਵੀ
ਜਿਸਮ ਤੇਰਾ ਲੂਹ ਏ ਜਾਣਗੇ
ਤਪਸ਼ ਹੈ ਸੂਰਜਾਂ ਦੀ ਦਿਲੀਂ
ਛੂੰਹਦਿਆਂ ਰੂਹ ਤਿਰੀ ਹੋ ਜਾਣਗੇ
ਅੱਗ ਨੇ ਜਨਮਿਆਂ ਅੱਗ ਹਾਂ
ਲੇਖ਼ ਕਦ ਬੱਦਲ਼ੀ ਨਾਲ਼ ਰਲ਼ੇ
ਲਪਟ ਜੇ ਅੱਗ ਦੀ ਜ਼ਿੰਦਗ਼ੀ…..
ਅੰਗਿਆਰੇ ਅਸਾਂ ਉਗਲ਼ਦੇ
ਰੇਤਗੜ੍ਹ ਨੂਰ ਜਿਹੇ ਗੀਤ ਨੇ
ਕਲਮ ਸਾਡੀ ਕਮਾਨਾਂ ਜਿਹੀ
ਤੀਰ ਸ਼ਬਦਾਂ ਦੇ ਹੀ ਮੀਤ ਨੇ
ਬੋਲ *ਬਾਲੀ* ਜੁਬਾਨੋ ਕਿਰੇ
ਜਾਣ ਪੈਰਾਂ ਤੋਂ ਨਾ ਯਾਰ ਮਲ਼ੇ
ਲਪਟ ਜੇ ਅੱਗ ਦੀ ਜ਼ਿੰਦਗ਼ੀ…..
ਬਲਜਿੰਦਰ ਸਿੰਘ “ਬਾਲੀ ਰੇਤਗੜ੍ਹ”
94651-29168