ਚੰਡੀਗੜ੍ਹ (ਸਮਾਜਵੀਕਲੀ) : ਡੱਡੂਮਾਜਰਾ ਸਥਿਤ ਗਾਰਬੇਜ ਪ੍ਰਾਸੈਸਿੰਗ ਪਲਾਂਟ ਨੂੰ ਚੰਡੀਗੜ੍ਹ ਨਗਰ ਨਿਗਮ ਨੇ ਆਪਣੇ ਕਜ਼ਬੇ ਵਿੱਚ ਲੈ ਲਿਆ ਹੈ ਪਰ ਨਿਗਮ ਦੀ ਕੂੜਾ ਪ੍ਰਬੰਧਨ ਯੋਜਨਾ ਦੀ ਕਥਿਤ ਮੱਠੀ ਚਾਲ ਨੂੰ ਦੇਖਦਿਆਂ ਸ਼ਹਿਰ ਵਿੱਚ ਕੂੜੇ ਦੇ ਨਿਬੇੜੇ ਦੀ ਸਮੱਸਿਆ ਦਾ ਛੇਤੀ ਹੀ ਕੋਈ ਠੋਸ ਹੱਲ ਨਿਕਲਦਾ ਦਿਖਾਈ ਨਹੀਂ ਦੇ ਰਿਹਾ।
ਇਸ ਪਲਾਂਟ ਦਾ ਅੱਗੇ ਸੰਚਾਲਨ ਕਿਵੇਂ ਅਤੇ ਕਿਸ ਨੇ ਕਰਨਾ ਹੈ, ਇਸ ਬਾਰੇ ਕੋਈ ਵਿਚਾਰ ਨਹੀਂ ਕੀਤਾ ਗਿਆ। ਮੌਜੂਦਾ ਸਮੇਂ ਵੀ ਸ਼ਹਿਰ ਵਿੱਚ ਪੁਰਾਣੇ ਤਰੀਕੇ ਨਾਲ ਹੀ ਪ੍ਰਾਈਵੇਟ ਗਾਰਬੇਜ ਕੁਲੈਕਟਰਾਂ ਵੱਲੋਂ ਕੂੜਾ ਇਕੱਤਰ ਕੀਤਾ ਜਾ ਰਿਹਾ ਹੈ ਤੇ ਗਿੱਲਾ ਤੇ ਸੁੱਕਾ ਕੂੜਾ ਵੱਖਰਾ ਕਰਨ ਦੀ ਯੋਜਨਾ ਵੀ ਪੂਰੀ ਤਰ੍ਹਾਂ ਸਿਰੇ ਨਹੀਂ ਚੜ੍ਹੀ ਹੈ।
ਡੱਡੂਮਾਜਰਾ ਦੇ ਡੰਪਿੰਗ ਗਰਾਉਂਡ ਵਿੱਚ ਹਜ਼ਾਰਾਂ ਕੁਇੰਟਲ ਕੂੜਾ ਜਮ੍ਹਾਂ ਹੈ ਜਿਸ ਨੂੰ ਲੈ ਕੇ ਡੱਡੂਮਾਜਰਾ ਅਤੇ ਆਸਪਾਸ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਨਗਰ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਦਾ ਕਹਿਣਾ ਹੈ ਨਗਰ ਨਿਗਮ ਵੱਲੋਂ ਮਾਹਿਰਾਂ ਦੇ ਰਾਏ ਲੈਣ ਤੋਂ ਬਾਅਦ ਹੀ ਪਲਾਂਟ ਦੇ ਅਗਾਊਂ ਪ੍ਰਬੰਧਾਂ ਬਾਰੇ ਕੋਈ ਫੈਸਲਾ ਲਿਆ ਜਾਵੇਗਾ।