ਯੇਰੂਸ਼ਲਮ (ਸਮਾਜ ਵੀਕਲੀ) : ਸੰਯੁਕਤ ਰਾਸ਼ਟਰ ਵੱਲੋਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਅਤੇ ਇਜ਼ਰਾਇਲੀ ਨੇਤਾਵਾਂ ਵੱਲੋਂ ਹਮਲਾਵਰ ਢੰਗ ਨਾਲ ਜਵਾਬੀ ਕਾਰਵਾਈ ਕਰਨ ਦੀ ਚਿਤਾਵਨੀ ਦੇ ਬਾਵਜੂਦ ਸ਼ਨਿਚਰਵਾਰ ਨੂੰ ਗਾਜ਼ਾ ਪੱਟੀ ਤੋਂ ਇਜ਼ਰਾਈਲ ਵੱਲ ਫਿਰ ਰਾਕੇਟ ਦਾਗੇ ਗਏ। ਇਜ਼ਰਾਇਲੀ ਪੁਲੀਸ ਅਤੇ ਕੱਟੜਪੰਥੀ ਯਹੂਦੀ ਗੁੱਟਾਂ ਨਾਲ ਫਲਸਤੀਨੀਆਂ ਦੀ ਹਿੰਸਕ ਝੜਪ ਕਾਰਨ ਯੇਰੂਸ਼ਲਮ ’ਚ ਤਣਾਅ ਵਧ ਗਿਆ ਹੈ। ਇਜ਼ਰਾਈਲ ਅਤੇ ਗਾਜ਼ਾ ਵਿਚਕਾਰ ਕਈ ਮਹੀਨਿਆਂ ਮਗਰੋਂ ਸਰਹੱਦ ਪਾਰੋਂ ਵੱਡੇ ਪੈਮਾਨੇ ’ਤੇ ਹਿੰਸਾ ਹੋਈ ਹੈ।
ਫ਼ੌਜ ਨੇ ਦੱਸਿਆ ਕਿ ਕੱਟੜਪੰਥੀਆਂ ਨੇ ਦੱਖਣੀ ਇਜ਼ਰਾਈਲ ਦੇ ਸਦੇਰੋਤ ਕਸਬੇ ਵੱਲ ਰਾਕੇਟ ਦਾਗੇ, ਜਿਨ੍ਹਾਂ ਨੂੰ ਹਵਾਈ ਰੱਖਿਆ ਬਲਾਂ ਨੇ ਨਾਕਾਮ ਬਣਾ ਦਿੱਤਾ। ਉਨ੍ਹਾਂ ਦੱਸਿਆ ਕਿ ਸ਼ਨਿਚਰਵਾਰ ਸਵੇਰੇ ਗਾਜ਼ਾ ਪੱਟੀ ’ਚੋਂ ਕੱਟੜਪੰਥੀਆਂ ਨੇ ਇਜ਼ਰਾਈਲ ਵੱਲ 36 ਰਾਕੇਟ ਦਾਗੇ ਜਦਕਿ ਇਜ਼ਰਾਇਲੀ ਫ਼ੌਜ ਨੇ ਵੀ ਸੱਤਾਧਾਰੀ ਹਮਾਸ ਗੁੱਟ ਦੇ ਟਿਕਾਣਿਆਂ ’ਤੇ ਮੋੜਵੇਂ ਹਮਲੇ ਕੀਤੇ। ਇਹ ਰਾਕੇਟ ਉਸ ਵੇਲੇ ਦਾਗੇ ਗਏ ਜਦੋਂ ਸੈਂਕੜੇ ਫਲਸਤੀਨੀ ਲੋਕਾਂ ਦੀ ਪੂਰਬੀ ਯੇਰੂਸ਼ਲਮ ’ਚ ਇਜ਼ਰਾਇਲੀ ਪੁਲੀਸ ਨਾਲ ਝੜਪ ਹੋਈ। ਝੜਪ ’ਚ ਘੱਟੋ-ਘੱਟ ਚਾਰ ਪੁਲੀਸ ਮੁਲਾਜ਼ਮ ਅਤੇ ਛੇ ਮੁਜ਼ਾਹਰਾਕਾਰੀ ਜ਼ਖ਼ਮੀ ਹੋਏ ਹਨ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਕਿਹਾ ਕਿ ਉਨ੍ਹਾਂ ਨੇ ਗਾਜ਼ਾ ਅਤੇ ਯੇਰੂਸ਼ਲਮ ਦੇ ਮੁੱਦੇ ’ਤੇ ਉੱਚ ਸੁਰੱਖਿਆ ਅਧਿਕਾਰੀਆਂ ਨਾਲ ਚਰਚਾ ਕੀਤੀ ਹੈ ਅਤੇ ਉਨ੍ਹਾਂ ਨੂੰ ਗਾਜ਼ਾ ’ਚ ਪੈਦਾ ਹੋ ਰਹੀ ਹਰ ਸਥਿਤੀ ਲਈ ਤਿਆਰ ਰਹਿਣ ਲਈ ਆਖਿਆ ਹੈ। ਇਸੇ ਦੌਰਾਨ ਇਸ ਖਿੱਤੇ ਸਬੰਧੀ ਸੰਯੁਕਤ ਰਾਸ਼ਟਰ ਦੇ ਸਫ਼ੀਰ ਟੋਰ ਵੈਨੇਸਲੈਂਡ ਨੇ ਹਿੰਸਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਆਲਮੀ ਸੰਸਥਾ ਸ਼ਾਂਤੀ ਬਹਾਲੀ ਲਈ ਦੋਵੇਂ ਧਿਰਾਂ ਦੇ ਆਗੂਆਂ ਨਾਲ ਕੰਮ ਕਰ ਰਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly