(ਸਮਾਜ ਵੀਕਲੀ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਾਂਧੀ ਪਰਿਵਾਰ ਦੀ ਲੀਡਰਸ਼ਿਪ ਨੂੰ ਚੁਣੌਤੀ ਦੇਣ ਵਾਲੇ ਪਾਰਟੀ ਦੇ ਹੀ ਕੁਝ ਆਗੁੂਆਂ ਵੱਲੋਂ ਚਲਾਈ ਮੁਹਿੰਮ ਦਾ ਵਿਰੋਧ ਕਰਦਿਆਂ ਕਿਹਾ ਕਿ ਗਾਂਧੀ ਪਰਿਵਾਰ ਹੀ ਪਾਰਟੀ ਦੀ ਗੁਆਚੀ ਸ਼ਾਨ ਬਹਾਲ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਐੱਨਡੀਏ ਦੀ ਸਫਲਤਾ ਦਾ ਮੁੱਖ ਕਾਰਨ ਮਜ਼ਬੂਤ ਅਤੇ ਇਕਜੁੱਟ ਵਿਰੋਧੀ ਧਿਰ ਦੀ ਕਮੀ ਹੈ ਅਤੇ ਇਸ ਸਮੇਂ ਪਾਰਟੀ ਵਿੱਚ ਬਦਲਾਅ ਦੀ ਮੰਗ ਪਾਰਟੀ ਅਤੇ ਦੇਸ਼ ਦੇ ਹਿੱਤ ਲਈ ਨੁਕਸਾਨਦਾਇਕ ਸਾਬਤ ਹੋਵੇਗੀ। ਊਨ੍ਹਾਂ ਕਿਹਾ ਕਿ ਮੁਲਕ ਨੂੰ ਸਿਰਫ ਸਰਹੱਦ ਦੇ ਸਾਰੇ ਪਾਸਿਆਂ ਤੋਂ ਬਾਹਰੀ ਖਤਰਿਆਂ ਦਾ ਹੀ ਸਾਹਮਣਾ ਨਹੀਂ ਕਰਨਾ ਪੈ ਰਿਹਾ ਸਗੋਂ ਇਸ ਦੇ ਸੰਘੀ ਢਾਂਚੇ ਨੂੰ ਵੀ ਖਤਰਾ ਬਣਿਆ ਹੋਇਆ ਹੈ। ਕੈਪਟਨ ਨੇ ਕਿਹਾ ਕਿ ਕਾਂਗਰਸ ਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਸਿਰਫ਼ ਥੋੜ੍ਹੇ ਜਿਹੇ ਲੋਕਾਂ ਲਈ ਹੀ ਨਹੀਂ ਬਲਕਿ ਸਾਰੀ ਪਾਰਟੀ ਅਤੇ ਦੇਸ਼ ਦੇ ਹਿੱਤ ਵਿੱਚ ਸਵੀਕਾਰ ਹੋਵੇ।
ਇਸ ਭੂਮਿਕਾ ਵਿੱਚ ਗਾਂਧੀ ਪਰਿਵਾਰ ਖਰੇ ਉਤਰਦੇ ਹਨ। ਕੈਪਟਨ ਨੇ ਕਿਹਾ ਕਿ ਸੋਨੀਆ ਗਾਂਧੀ ਜਦੋਂ ਤੱਕ ਚਾਹੁਣ ਉਦੋਂ ਤੱਕ ਕਾਂਗਰਸ ਦੀ ਅਗਵਾਈ ਕਰਨ ਅਤੇ ਉਸ ਤੋਂ ਬਾਅਦ ਰਾਹੁਲ ਗਾਂਧੀ ਕਮਾਨ ਸੰਭਾਲਣ ਜੋ ਪਾਰਟੀ ਦੀ ਅਗਵਾਈ ਕਰਨ ਦੇ ਪੂਰੀ ਤਰ੍ਹਾਂ ਨਾਲ ਸਮਰੱਥ ਹਨ। ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਕਾਂਗਰਸ ਵਿੱਚ ਅਜਿਹਾ ਕੋਈ ਆਗੂ ਨਹੀਂ ਹੈ ਜੋ ਪਾਰਟੀ ਨੂੰ ਮਜ਼ਬੂਤ ਲੀਡਰਸ਼ਿਪ ਦੇ ਸਕੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹਾ ਕੋਈ ਵੀ ਕਦਮ ਪਾਰਟੀ ਨੂੰ ਵੰਡਣ ਜਾਂ ਅਸਥਿਰ ਕਰੇਗਾ ਜੋ ਆਧੁਨਿਕ ਭਾਰਤ ਦਾ ਨਿਰਮਾਣ ਕਰਨ ਵਾਲੇ ਪੁਰਖਿਆਂ ਦੇ ਸਿਧਾਂਤਾਂ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀਆਂ ਤਾਨਾਸ਼ਾਹੀ ਤਾਕਤਾਂ ਨੂੰ ਫਾਇਦਾ ਪਹੁੰਚਾਏਗਾ।