ਗਾਂਧੀ ਪਰਿਵਾਰ ਦੀ ਸਰਕਾਰ ਦੇਸ਼ ਦੇ ਲੋਕਾਂ ਦਾ ਭਲਾ ਨਹੀਂ ਕਰ ਸਕਦੀ: ਸ਼ਾਹ

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਪ੍ਰਿਯੰਕਾ ਗਾਂਧੀ ਦੇ ਰਾਜਨੀਤੀ ਵਿਚ ਸਰਗਰਮ ਹੋਣ ਦੇ ਫ਼ੈਸਲੇ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਇਕ ਪਰਿਵਾਰ ਵਲੋਂ ਚਲਾਈ ਜਾਂਦੀ ਸਰਕਾਰ ਲੋਕਾਂ ਦਾ ਭਲਾ ਨਹੀਂ ਕਰ ਸਕਦੀ ਤੇ ਇਹ ‘ਮਜਬੂਰ’ ਸਰਕਾਰ ਸਾਬਿਤ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਅਗਵਾਈ ਹੇਠਲੀ ਤ੍ਰਿਣਮੂਲ ਕਾਂਗਰਸ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ ਦੌਰਾਨ ਰਾਜ ਵਿਚ ਲੋਕਤੰਤਰ ਦੀ ਬਹਾਲੀ ਹੋ ਸਕਦੀ ਹੈ। ਪ੍ਰਿਯੰਕਾ ਗਾਂਧੀ ਦੇ ਸਰਗਰਮ ਰਾਜਨੀਤੀ ਵਿਚ ਦਾਖ਼ਲੇ ’ਤੇ ਵਿਅੰਗ ਕੱਸਦਿਆਂ ਸ੍ਰੀ ਸ਼ਾਹ ਨੇ ਕਿਹਾ ‘‘ ਕਿਸੇ ਪਰਿਵਾਰ ਵਲੋਂ ਚਲਾਈ ਜਾਂਦੀ ਸਰਕਾਰ ਲੋਕਾਂ ਦਾ ਭਲਾ ਨਹੀਂ ਕਰ ਸਕਦੀ ਤੇ ਇਹ ਮਹਿਜ਼ ਮਜਬੂਰ ਸਰਕਾਰ ਹੀ ਸਾਬਿਤ ਹੋ ਸਕਦੀ ਹੈ। ਯੂਪੀਏ ਸ਼ਾਸਨ ਦੌਰਾਨ ਅਸੀਂ 2ਜੀ ਵਰਗੇ ਵੱਡੇ ਘਪਲੇ ਦੇਖੇ ਸਨ। ਹੁਣ ਇਸ ਵਿਚ ਪ੍ਰਿਯੰਕਾ ਜੀ ਗਾਂਧੀ ਵੀ ਸ਼ਾਮਲ ਹੋ ਗਈ ਹੈ ਤਾਂ ਘਪਲੇ ਦੀ ਰਕਮ ਕਿੰਨੀ ਹੋਵੇਗੀ?’’ ਉਧਰ ਉੜੀਸਾ ਦੇ ਕਟਕ ਜ਼ਿਲੇ ਵਿਚ ਕੁਲੀਆ ਵਿਖੇ ਭਾਜਪਾ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਵਲੋਂ ਬਣਾਇਆ ਜਾ ਰਿਹਾ ਮਹਾਂਗਠਬੰਧਨ ਮਜਬੂਰ ਗੱਠਜੋੜ ਸਾਬਿਤ ਹੋਵੇਗਾ ਅਤੇ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਲੋਕ ਸਭਾ ਚੋਣਾਂ ਤੋਂ ਬਾਅਦ ਮੁੜ ਸੱਤਾ ਪ੍ਰਾਪਤ ਕਰੇਗੀ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਹੀ ਪਾਕਿਸਤਾਨ ਦੇ ਦੁਸਾਹਸ ਦਾ ਟਾਕਰਾ ਕਰ ਸਕਦੀ ਹੈ। ਉਨ੍ਹਾਂ ਕਿਹਾ ‘‘ਰਾਹੁਲ ਬਾਬਾ (ਕਾਂਗਰਸ ਪ੍ਰਧਾਨ ਰਾਹੁਲ ਗਾਂਧੀ) ਦੀਆਂ ਚਾਰ ਪੀੜ੍ਹੀਆਂ ਸੱਤਾ ਵਿਚ ਰਹੀਆਂ ਹਨ ਪਰ ਦੇਸ਼ ਹਾਲੇ ਤੱਕ ਗਰੀਬੀ ਨਾਲ ਜੂਝ ਰਿਹਾ ਹੈ। ਉਨ੍ਹਾਂ ਰਾਜ ਵਿਚ ਸੱਤਾਧਾਰੀ ਬੀਜੂ ਜਨਤਾ ਦਲ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਇਸ ਪਾਰਟੀ ਨੇ ਉੜੀਸਾ ਨੂੰ ਪੱਛੜਿਆ ਰੱਖਿਆ ਹੋਇਆ ਹੈ ਹਾਲਾਂਕਿ ਕੇਂਦਰ ਵਲੋਂ ਫੰਡ ਦੇਣ ਵਿਚ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਚੌਵੀ ਘੰਟੇ ਦੇਸ਼ ਦੀ ਸੁਰੱਖਿਆ ਲਈ ਸੋਚਦੇ ਰਹਿੰਦੇ ਹਨ ਤੇ ਸਾਡੀਆਂ ਸਰਹੱਦਾਂ ਦੀ ਸੁਰੱਖਿਆ ਲਈ ਸਰਗਰਮ ਰਹਿੰਦੇ ਹਨ ਜਦਕਿ ਮਹਾਂਗਠਬੰਧਨ ਦੇ ਆਗੂ ਅਜਿਹਾ ਕਰਨ ਦੇ ਸਮੱਰਥ ਨਹੀਂ ਹੋ ਸਕਦੇ। ਉਨ੍ਹਾਂ ਆਖਿਆ ਕਿ ਜਦੋਂ ਪਾਕਿਸਤਾਨ ਨੇ ਉੜੀ ਵਿਚ ਹਮਲਾ ਕੀਤਾ ਸੀ ਤਾਂ ਮੋਦੀ ਨੇ ਦਸ ਦਿਨਾਂ ਵਿਚ ਸਰਜੀਕਲ ਸਟ੍ਰਾਈਕ ਕਰ ਕੇ ਬਦਲਾ ਲਿਆ ਸੀ।

Previous articleਸੰਸਦ ’ਚ ਔਰਤਾਂ ਲਈ ਰਾਖ਼ਵਾਂਕਰਨ ਯਕੀਨੀ ਬਣਾਵਾਂਗੇ: ਰਾਹੁਲ
Next articleਆਈਸੀਸੀ ਵੱਲੋਂ ਟੀ-20 ਵਿਸ਼ਵ ਕੱਪ 2020 ਦਾ ਐਲਾਨ