ਨਵੀਂ ਦਿੱਲੀ: ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਉਹ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਦੀ ਕਾਫੀ ਇੱਜ਼ਤ ਕਰਦੇ ਹਨ ਅਤੇ ਉਨ੍ਹਾਂ ਦੇ ਰਿਸ਼ਤਿਆਂ ’ਤੇ ਜਿਹੜ ਵਿਅਕਤੀ ਸਵਾਲ ਉਠਾਉਂਦੇ ਹਨ ਉਨ੍ਹਾਂ ਲੋਕਾਂ ਦੀ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਗਾਂਗੁਲੀ ਨੇ ਸ਼ਾਸਤਰੀ ਨਾਲ ਮਤਭੇਦਾਂ ਦੀਆਂ ਖ਼ਬਰਾਂ ਨੂੰ ਕੋਰੀ ਅਫ਼ਵਾਹ ਦੱਸਿਆ ਸੀ। ਸ਼ਾਸਤਰੀ ਨੇ ਟੀਵੀ ਚੈਨਲ ਇੰਡੀਆ ਟੂਡੇ ਦੇ ਪ੍ਰੋਗਰਾਮ ‘ਇੰਸਪੀਰੇਸ਼ਨ’ ’ਚ ਕਿਹਾ, ‘‘ਜਿੱਥੋਂ ਤੱਕ ਸੌਰਵ-ਸ਼ਾਸਤਰੀ ਦੀ ਗੱਲ ਹੈ ਤਾਂ ਇਹ ਮੀਡੀਆ ਲਈ ਚਾਟ ਤੇ ਭੇਲਪੂਰੀ ਵਾਂਗ ਮਿਰਚ ਮਸਾਲਾ ਹੈ। ਭਾਰਤੀ ਕੋਚ ਨੇ ਕਿਹਾ, ‘‘ਗਾਂਗੁਲੀ ਨੇ ਕ੍ਰਿਕਟਰ ਵਜੋਂ ਜੋ ਕੁਝ ਕੀਤਾ ਮੈਂ ਉਸ ਦਾ ਕਾਫੀ ਸਨਮਾਨ ਕਰਦਾ ਹਾਂ। ਉਸ ਨੇ ਸੱਟੇਬਾਜ਼ੀ ਮਾਮਲੇ ਤੋਂ ਬਾਅਦ ਭਾਰਤੀ ਕ੍ਰਿਕਟ ਦੀ ਕਮਾਂਡ ਸਭ ਤੋਂ ਮੁਸ਼ਕਿਲ ਸਮੇਂ ’ਚ ਸੰਭਾਲੀ। ਤੁਹਾਨੂੰ ਵਾਪਸੀ ਲਈ ਲੋਕਾਂ ’ਤੇ ਭਰੋਸਾ ਚਾਹੀਦਾ ਹੁੰਦਾ ਹੈ ਅਤੇ ਮੈਂ ਉਸ ਦਾ ਸਨਮਾਨ ਕਰਦਾ ਹਾਂ। ਜੇਕਰ ਕੋਈ ਸਨਮਾਨ ਨਹੀਂ ਕਰਦਾ ਹੈ ਤਾਂ ਮੈਨੂੰ ਉਸ ਦੀ ਕੋਈ ਪ੍ਰਵਾਹ ਨਹੀਂ।’’ ਸ਼ਾਸਤਰੀ ਤੇ ਗਾਂਗੁਲੀ ਵਿਚਾਲੇ ਮਤਭੇਦ 2016 ’ਚ ਜਨਤਕ ਹੋਏ ਸਨ ਜਦੋਂ ਸ਼ਾਸਤਰੀ ਨੇ ਕੋਚ ਦੇ ਅਹੁਦੇ ਲਈ ਅਰਜ਼ੀ ਦਿੱਤੀ ਸੀ ਅਤੇ ਗਾਂਗੂਲੀ ਉਸ ਸਮੇਂ ਕ੍ਰਿਕਟ ਸਲਾਹਕਾਰ ਕਮੇਟੀ ’ਚ ਸੀ। ਉਸ ਨੇ ਅਨਿਲ ਕੁੰਬਲੇ ਨੂੰ ਚੁਣਿਆ ਸੀ। ਸ਼ਾਸਤਰੀ ਨੇ ਬਿਨਾ ਕਿਸੇ ਲੋਕਤੰਤਰਿਕ ਤਰੀਕੇ ਤੋਂ ਤਿੰਨ ਸਾਲਾਂ ਤੱਕ ਬੋਰਡ ਦੇ ਸੰਚਾਲਨ ਤੋਂ ਬਾਅਦ ਗਾਂਗੂਲੀ ਦੇ ਪ੍ਰਧਾਨ ਬਣਨ ਨੂੰ ਸ਼ਾਨਦਾਰ ਕਰਾਰ ਦਿੱਤਾ। ਉਸ ਨੇ ਕਿਹਾ, ‘‘ਗਾਂਗੁਲੀ ਦਾ ਪ੍ਰਧਾਨ ਬਣਨਾ ਸ਼ਾਨਦਾਰ। ਸਭ ਤੋਂ ਪਹਿਲਾਂ ਮੈਂ ਇਸ ਗੱਲ ਨੂੰ ਲੈ ਕੇ ਉਤਸ਼ਾਹਿਤ ਹਾਂ ਕਿ ਭਾਰਤੀ ਕ੍ਰਿਕਟ ਬੋਰਡ ਮੁੜ ਹੋਂਦ ’ਚ ਹੈ। ਅਸੀਂ ਤਿੰਨ ਸਾਲਾਂ ਤੱਕ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਤੋਂ ਬਿਨਾ ਖੇਡੇ। ਇਸੇ ਦੌਰਾਨ ਸ਼ਾਸਤਰੀ ਨੇ ਕਿਹਾ ਕਿ ਸਿਰਫ਼ ਮਹਿੰਦਰ ਸਿੰਘ ਧੋਨੀ ਨੂੰ ਪਤਾ ਹੈ ਕਿ ਉਸ ਦਾ ਸ਼ਰੀਰ ਬਰੇਕ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਦੀ ਕਠੋਰਤਾ ਦਾ ਸਾਹਮਣਾ ਕਰ ਸਕੇਗਾ ਜਾਂ ਨਹੀਂ। ਉਸ ਨੇ ਕਿਹਾ ਕਿ ਅਗਲੇ ਸਾਲ ਹੋਣ ਵਾਲੇ ਟੀ20 ਵਿਸ਼ਵ ਕੱਪ ਲਈ ਲੋਕੇਸ਼ ਰਾਹੁਲ ਵਿਕਟਕੀਪਿੰਗ ਲਈ ਗੰਭੀਰ ਬਦਲ ਹੈ ਅਤੇ ਰਿਸ਼ਭ ਪੰਤ ਨੂੰ ਧੀਰਜ ਰੱਖਣ ਦੀ ਲੋੜ ਹੈ। ਸ਼ਾਸਤਰੀ ਨੇ ਆਸਟਰੇਲੀਆ ’ਚ ਹੋਣ ਵਾਲੇ ਇਸ ਵੱਕਾਰੀ ਮੁਕਾਬਲੇ ਲਈ ਰਾਹੁਲ ਨੂੰ ਦੂਹਰੀ ਭੂਮਿਕਾ ਦੇਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ। ਉਸ ਨੇ ਕਿਹਾ ਕਿ ਧੋਨੀ ਦਾ ਬਰੇਕ ਲੈਣ ਸਮਝਦਾਰੀ ਭਰਿਆ ਹੈ। ਸ਼ਾਸਤਰੀ ਨੇ ਕਿਹਾ ਕਿ ਉਸ ਨੂੰ ਉਸ ਸਮੇਂ ਦਾ ਇੰਤਜ਼ਾਰ ਹੈ ਜਦੋਂ ਉਹ ਮੁੜ ਖੇਡਣਾ ਸ਼ੁਰੂ ਕਰੇਗਾ। ਉਸ ਨੇ ਕਿਹਾ ਕਿ ਟੀ20 ਕ੍ਰਿਕਟ ਬਿਲਕੁਲ ਉਸ ਮੁਤਾਬਕ ਹੈ ਪਰ ਕੀ ਉਸ ਦਾ ਸ਼ਰੀਰ ਸਖ਼ਤ ਚੁਣੌਤੀਆਂ ਦਾ ਸਾਹਮਣਾ ਕਰ ਸਕਦਾ ਹੈ ਜਾਂ ਨਹੀਂ, ਇਸ ਦਾ ਜਵਾਬ ਉਹੀ ਦੇ ਸਕਦਾ ਹੈ।ਸ਼ਾਸਤਰੀ ਨੇ ਹਾਲਾਂਕਿ ਮੰਨਿਆ ਕਿ ਰਾਹੁਲ ਬਦਲ ਵਜੋਂ ਉੱਭ ਸਕਦਾ ਹੈ ਕਿਉਂ ਉਹ ਆਈਪੀਐੱਲ ਤੋਂ ਇਲਾਵਾ ਸੀਮਿਤ ਓਵਰਾਂ ਦੇ ਘਰੇਲੂ ਕ੍ਰਿਕਟ ’ਚ ਕਰਨਾਟਕ ਲਈ ਵਿਕਟਕੀਪਿੰਗ ਕਰਦਾ ਹੈ। ਉਸ ਨੇ ਕਿਹਾ ਕਿ ਬੇਸ਼ੱਕ ਉਹ ਬਦਲ ਹੋਵੇਗਾ।
Sports ਗਾਂਗੁਲੀ ਲਈ ਕਾਫੀ ਆਦਰ ਦੀ ਭਾਵਨਾ: ਸ਼ਾਸਤਰੀ