ਗ਼ਰੀਬਾਂ ਤੇ ਮਜ਼ਦੂਰਾਂ ਨੂੰ ਪਈ ਕਰੋਨਾ ਸੰਕਟ ਦੀ ਸਭ ਤੋਂ ਵੱਧ ਮਾਰ: ਮੋਦੀ

ਨਵੀਂ ਦਿੱਲੀ- ‘ਲੌਕਡਾਊਨ’ ਵਿਚ ਦਿੱਤੀਆਂ ਜਾ ਰਹੀਆਂ ਢਿੱਲਾਂ ਦਾ ਦਾਇਰਾ ਵਧਣ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਚੌਕਸ ਕੀਤਾ ਹੈ ਕਿ ਕੋਵਿਡ-19 ਖ਼ਿਲਾਫ਼ ਜੰਗ ’ਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਵਰਤੀ ਜਾਵੇ। ਉਨ੍ਹਾਂ ਲੋਕਾਂ ਨੂੰ ‘ਵੱਧ ਚੇਤਨ ਤੇ ਸਾਵਧਾਨ’ ਰਹਿਣ ਲਈ ਕਿਹਾ ਤੇ ਨਾਲ ਹੀ ਇਹ ਵੀ ਮੰਨਿਆ ਕਿ ਇਸ ਸੰਕਟ ਦੀ ਸਭ ਤੋਂ ਵੱਧ ਮਾਰ ਗਰੀਬਾਂ ਤੇ ਮਜ਼ਦੂਰਾਂ ਨੂੰ ਸਹਿਣੀ ਪਈ ਹੈ।

ਮੋਦੀ ਨੇ ਕਿਹਾ ਕਿ ਜਿਸ ਦਰਦ ’ਚੋਂ ਗਰੀਬ, ਕੰਮਕਾਜੀ ਵਰਗ ਤੇ ਮਜ਼ਦੂਰ ਗੁਜ਼ਰ ਰਹੇ ਹਨ, ਉਨ੍ਹਾਂ ਨੂੰ ਲਫ਼ਜ਼ਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨਾਲ ਹੀ ਕਿਹਾ ਕਿ ਮੌਜੂਦਾ ਸਥਿਤੀ ਜਾਂਚ-ਪਰਖ਼ ਤੇ ਭਵਿੱਖ ਲਈ ਸਬਕ ਸਿੱਖਣ ਦਾ ਮੌਕਾ ਵੀ ਲੈ ਕੇ ਆਈ ਹੈ। ਮਹੀਨਾਵਾਰ ‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਰਥਵਿਵਸਥਾ ਦਾ ਵੱਡਾ ਹਿੱਸਾ ਕਾਰਜਸ਼ੀਲ ਹੋ ਗਿਆ ਹੈ ਤੇ ਹੋਰ ਢਿੱਲ ਵੀ ਜਲਦੀ ਦਿੱਤੀ ਜਾਵੇਗੀ, ਪਰ ਲੋਕ ਸਾਵਧਾਨੀ ਵਰਤਣੀ ਨਾ ਤਿਆਗਣ।

ਉਨ੍ਹਾਂ ਕਿਹਾ ਕਿ ‘ਕਾਫ਼ੀ ਕਸ਼ਟ ਝੱਲ ਕੇ’ ਮੁਲਕ ਨੇ ਸਥਿਤੀ ’ਤੇ ਸਮਝਦਾਰੀ ਨਾਲ ਕਾਬੂ ਪਾਇਆ ਹੈ ਤੇ ਇਹ ਸਭ ‘ਵਿਅਰਥ ਨਹੀਂ ਜਾਣਾ ਚਾਹੀਦਾ।’ ਉਨ੍ਹਾਂ ਕਿਹਾ ਕਿ ਹਾਲੇ ਵੀ ਕਰੋਨਾ ਖ਼ਿਲਾਫ਼ ਮੁਹਿੰਮ ਉਸੇ ਗੰਭੀਰਤਾ ਨਾਲ ਜਾਰੀ ਹੈ। ਉਨ੍ਹਾਂ ਖਾਸ ਤੌਰ ’ਤੇ ਕਿਹਾ ਕਿ ਪੂਰਬੀ ਖੇਤਰ, ਜਿੱਥੋਂ ਸਭ ਤੋਂ ਵੱਧ ਪਰਵਾਸੀ ਕਾਮੇ ਆਉਂਦੇ ਹਨ, ਨੂੰ ਸਭ ਤੋਂ ਵੱਧ ਮੁਸ਼ਕਲ ਝੱਲਣੀ ਪਈ ਹੈ।

ਉਨ੍ਹਾਂ ਕਿਹਾ ਕਿ ਇਸ ਖਿੱਤੇ ਦਾ ਵਿਕਾਸ ਮਜ਼ਦੂਰਾਂ ਦੇ ਕੌਸ਼ਲ ਨੂੰ ਧਿਆਨ ਵਿਚ ਰੱਖ ਕੇ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਰਵਾਸੀ ਕਮਿਸ਼ਨ ਕਾਇਮ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰੋਨਾਵਾਇਰਸ ਖ਼ਿਲਾਫ਼ ਲੜਾਈ ਦਾ ਪੰਧ ਲੰਮਾ ਹੈ। ਭਾਰਤ ’ਚ ਕੋਈ ਵੀ ਵਰਗ ਇਸ ਦੇ ਮਾਰੂ ਪ੍ਰਭਾਵ ਤੋਂ ਬਚ ਨਹੀਂ ਸਕਿਆ ਹੈ।

Previous articleਦੁਕਾਨਾਂ ਖੁੱਲ੍ਹਣ ਤੇ ਕਰਫ਼ਿਊ ਦਾ ਸਮਾਂ ਬਦਲਿਆ
Next articleਕਰੋਨਾ: ਭਾਰਤ ਪੀੜਤ ਮੁਲਕਾਂ ਦੀ ਸੂਚੀ ਵਿੱਚ ਅੱਠਵੇਂ ਸਥਾਨ ’ਤੇ ਪਹੁੰਚਿਆ