(ਸਮਾਜ ਵੀਕਲੀ)
ਇਰਾਦਾ ਪਰਖ ਦਿੰਦਾ ਹੈ,ਕਿ ਜਿਤਣਾ ਹਾਰ ਤੋਂ ਪਹਿਲਾਂ।
ਕਿ ਮਨ ਹੁਸਿਆਰ ਰਹਿੰਦਾ ਹੈ,ਜ਼ੋ ਆਉਂਦੇ ਵਾਰ ਤੋਂ ਪਹਿਲਾਂ।
ਨਹੀਂ ਝੁਕਦਾ ਕਦੇ ਅਣਖੀ,ਕਿਸੇ ਵੀ ਜੁ਼ਲਮ ਦੇ ਅੱਗੇ,
ਦਵੇਗਾ ਮਾਤ ਜਾਲਿਮ ਨੂੰ,ਉਦ੍ਹੇ ਹੰਕਾਰ ਤੋਂ ਪਹਿਲਾਂ।
ਵਤਨ ਮੇਰੇ ਦੀ ਮਿੱਟੀ ਹੈ,ਪਵਿੱਤਰ ਰੂਹ ਰਵਾਂ ਮੇਰੀ,
ਸ਼ਹੀਦਾਂ ਰੰਗਿਆਂ ਜਿਸ ਨੂੰ,ਤਜ਼ੁਰਬੇਕਾਰ ਤੋਂ ਪਹਿਲਾਂ।
ਹਮੇਸ਼ਾਂ ਢਾਲ ਬਣਦੀ ਹੈ,ਬਣੇ ਜਦ ਲਾਟ ਸ਼ਬਦਾਂ ਦੀ,
ਕਲਮ ਇਤਹਾਸ ਰਚ ਦੇਵੇ,ਸਦਾ ਤਲਵਾਰ ਤੋਂ ਪਹਿਲਾਂ।
ਭਰਾਵਾਂ ਵਾਂਗ ਸਭ ਦੋਸਤ,ਮੇਰੇ ਗ਼ਮ ਸਾਥ ਦਿੰਦੇ ਨੇ,
ਕਰਾਂ ਇਤਬਾਰ ਮੈਂ ਸਭ ਤੇ,ਮੇਰੇ ਇਖ਼ਤਿਆਰ ਤੋਂ ਪਹਿਲਾਂ।
ਤੇਰੇ ਕਹਿਣੇ ਚ ਰਹਿੰਦਾ ਹਾਂ,ਤੇਰਾ ਹੀ ਸਾਥ ਹੈ ਜਿੰਦੇ,
ਤੇਰੀ ਮੰਨੀ ਹਰਿਕ ਸੱਜਣ ਮੈ ਪਰਵਾਰ ਤੋਂ ਪਹਿਲਾਂ।
ਸਦਾ ਸੀ ਵਰਜਦਾ ਬਾਪੂ,ਕਿ ਰਸਤਾ ਭਟਕ ਨਾ ਜਾਵਾਂ,
ਹਰਿਕ ਇੱਛਾ ਕਰੀ ਪੂਰੀ ਮੇਰੇ ਇੰਤਜਾਰ ਤੋਂ ਪਹਿਲਾਂ।
ਕਿ ਮਾਂ ਮੂਰਤ ਹੈ ਮਮਤਾ ਦੀ,ਸਦਾ ਚੇਤੇ ਵਿੱਚ ਰਹਿੰਦੀ ਏਂ,
ਝੁਕੇ ਨਾ ਸਿਰ ਕਿਸੇ ਅੱਗੇ,ਤੇਰੇ ਸਤਿਕਾਰ ਤੋਂ ਪਹਿਲਾਂ।
ਮੇਜਰ ਸਿੰਘ ਰਾਜਗੜ੍ਹ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly