ਗ਼ਜ਼ਲ / ਮਲਕੀਤ ਮੀਤ

ਮਲਕੀਤ ਮੀਤ

(ਸਮਾਜ ਵੀਕਲੀ)

ਦਿਲ ਸੜੇ, ਜਿਗਰ ਸੜੇ, ਘਰ ਸੜੇ ਪਰ ਤੈਨੂੰ ਕੀ ?
ਤੂੰ ਦੇਖਦਾ ਸਭ ਕੁੱਝ ਰਿਹਾ ਖੜ੍ਹੇ-ਖੜ੍ਹੇ ਪਰ ਤੈਨੂੰ ਕੀ ?

ਜੰਗਲ ਸਾਰਾ ਸੜ ਗਿਆ ਤੇਰੀ ਨਜ਼ਰ ਦੇ ਸਾਮ੍ਹਣੇ,
ਗਰਜੇ ਨਾ ਬੱਦਲ਼, ਤੇ ਨਾ ਡਿੱਗੇ ਗੜੇ ਪਰ ਤੈਨੂੰ ਕੀ ?

ਢਿੱਡ ਦੀ ਅੱਗ ਨੇ ਜਦੋਂ, ਢਿੱਡ ਦੇ ਹੀ ਜਾਏ ਖੋਹ ਲਏ,
ਬਾਣ ਅਗਨੀ ਦੇ ਫ਼ਿਰਨ ਸੀਨੇ ਚੜ੍ਹੇ ਪਰ ਤੈਨੂੰ ਕੀ ?

ਆ ਵੀ ਸਕਦਾ ਸੈਂ,ਤੈਨੂੰ ਕੋਈ ਰੋਕ ਸੀ, ਨਾ ਟੋਕ ਸੀ,
ਆਲ੍ਹਣੇ ਦੇ ਬੋਟ ਅਰਜ਼ਾਂ ਤੇ ਅੜੇ ਪਰ ਤੈਨੂੰ ਕੀ ?

ਸੜ ਜਾਣ ਸੱਭੇ ਸਿਆਸਤਾਂ, ਵੋਟਾਂ, ਤੇ ਵੋਟ ਮਾਫ਼ੀਆ,
ਧਰਤੀ ਦਾ ਰੱਬ ਬਣ ਬਹਿ ਗਏ,ਏਨੇ ਧੜੇ ਪਰ ਤੈਨੂੰ ਕੀ?

ਕੌਣ ਸਿਵੇ ਦੀ ਅੱਗ ਤੇ, ਸੇਕੇ ਸਿਆਸੀ ਰੋਟੀਆਂ ?
ਰਾਤ ਦਿਨ ਅਗਨੀ ਦੇ ਵਿੱਚ, ਕਿੰਨੇ ਰੜ੍ਹੇ ਪਰ ਤੈਨੂੰ ਕੀ ?

ਠਾਰ ਦੇ ਦੁਨੀਆਂ, ਤੂੰ ਕਰ ਦੇ ਬਖ਼ਸ਼ਿਸ਼ਾਂ ਤੇ ਰਹਿਮਤਾਂ ,
“ਮੀਤ” ਲਿਖਦੈ ਸੁਲਗਦੇ ਅੱਖਰ ਬੜੇ ਪਰ ਤੈਨੂੰ ਕੀ ?

– ਮਲਕੀਤ ਮੀਤ

Previous articleBiden announces measures to narrow racial wealth gap
Next articleकोर्ट की अवमानना करने वाले अधिकारियों को योगी सरकार दे रही है प्रमोशन – रिहाई मंच