ਲੰਦਨ.ਸਮਾਜਵੀਕਲੀ: ਕੋਰੋਨਾਵਾਇਰਸ ਨਾਲ ਨਜਿੱਠਣ ਲਈ ਅਪ੍ਰੈਲ ਮਹੀਨੇ ਗਲਾਸਗੋ ਵਿਖੇ ਬਣਾਏ ਆਰਜ਼ੀ ਹਸਪਤਾਲ ਵਿੱਚ ਇੱਕ ਵੀ ਮਰੀਜ਼ ਭਰਤੀ ਨਹੀਂ ਕੀਤਾ ਗਿਆ। ਸਕਾਟਲੈਂਡ ਭਰ ਵਿੱਚੋਂ ਗਲਾਸਗੋ ਦਾ ਸਕਾਟਿਸ਼ ਈਵੈਂਟ ਸੈਂਟਰ ਆਰਜ਼ੀ ਹਸਪਤਾਲ ਬਣਾਉਣ ਲਈ ਚੁਣਿਆ ਗਿਆ ਸੀ। ਹਸਪਤਾਲ ਬਣਾਉਣ ਲਈ 3 ਹਫ਼ਤੇ ਦਾ ਹੀ ਸਮਾਂ ਲੱਗਿਆ ਸੀ ਪਰ ਖਰਚਾ 43 ਮਿਲੀਅਨ ਪੌਂਡ ਹੋਇਆ ਦੱਸਿਆ ਜਾ ਰਿਹਾ ਹੈ। ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਖੁਸ਼ ਹੁੰਦਿਆਂ ਦੱਸਿਆ ਕਿ ਹਸਪਤਾਲ ਵਿੱਚ ਕਿਸੇ ਵੀ ਮਰੀਜ਼ ਦਾ ਦਾਖਲ ਨਾ ਹੋਣਾ ਸਕਾਟਲੈਂਡ ਲਈ ਵਧੀਆ ਖ਼ਬਰ ਹੈ।
ਅਸੀਂ ਲੋਕਾਂ ਦੀ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕਰਦੇ ਹੋਏ ਪਹਿਲਾਂ ਹੀ ਆਸ ਪ੍ਰਗਟਾਈ ਸੀ ਕਿ ਸ਼ਾਇਦ ਇਸ ਹਸਪਤਾਲ ਨੂੰ ਵਰਤਣ ਦੀ ਲੋੜ ਹੀ ਨਾ ਪਵੇ। ਜ਼ਿਕਰਯੋਗ ਹੈ ਕਿ ਉਕਤ ਹਸਪਤਾਲ ਪਹਿਲੇ ਵਿਸ਼ਵ ਯੁੱਧ ਦੌਰਾਨ ਸਰਬੀਆ ਵਿੱਚ ਸੇਵਾਵਾਂ ਨਿਭਾਉਣ ਵਾਲੀ ਨਰਸ ਲੂਇਸਾ ਜੌਰਡਨ ਦੇ ਨਾਂ ‘ਤੇ ਬਣਾਇਆ ਗਿਆ ਸੀ। ਲੂਇਸਾ ਜੌਰਡਨ 1878 ਵਿੱਚ ਗਲਾਸਗੋ ‘ਚ ਜਨਮੀ ਸੀ ਤੇ 1915 ‘ਚ ਸਰਬੀਆ ਵਿੱਚ ਲਾਗ ਦੀ ਬਿਮਾਰੀ ਤੋਂ ਪੀੜਤ ਹੋ ਕੇ ਪ੍ਰਾਣ ਤਿਆਗ ਗਈ ਸੀ।