ਗਲਾਸਗੋ ”ਚ ਸ਼ੱਕੀ ਵਿਅਕਤੀ ਦੇ ਚਾਕੂ ਹਮਲੇ ”ਚ 3 ਹਲਾਕ, ਪੁਲਸ ਨੇ ਹਮਲਾਵਰ ਕੀਤਾ ਢੇਰ

ਲੰਡਨ, ਰਾਜਵੀਰ ਸਮਰਾ (ਸਮਾਜਵੀਕਲੀ) :  ਗਲਾਸਗੋ ਵਿਚ ਇਕ ਸ਼ੱਕੀ ਵਿਅਕਤੀ ਦੇ ਹਮਲੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਹਮਲਾਵਰ ਨੇ ਚਾਕੂ ਨਾਲ ਲੋਕਾਂ ‘ਤੇ ਹਮਲਾ ਕੀਤਾ। ਪੁਲਸ ਨੇ ਹਮਲਾਵਰ ਨੂੰ ਢੇਰ ਕਰ ਦਿੱਤਾ ਹੈ ਤੇ ਘਟਨਾ ਦੀ ਅੱਤਵਾਦੀ ਐਂਗਲ ਤੋਂ ਜਾਂਚ ਕਰ ਰਹੀ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਸ ਘਟਨਾ ਵਿਚ ਮਾਰੇ ਗਏ ਲੋਕਾਂ ਦੇ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਘਟਨਾ ਦੌਰਾਨ ਤਿੰਨ ਲੋਕ ਇਕ ਹੋਟਲ ਦੀਆਂ ਪੌੜੀਆਂ ‘ਤੇ ਫਸ ਗਏ ਤੇ ਹਮਲਾਵਰ ਦੀ ਲਪੇਟ ਵਿਚ ਆ ਗਏ।

ਇਕ ਚਸ਼ਮਦੀਦ ਨੇ ਸਕਾਈ ਨਿਊਜ਼ ਨੂੰ ਦੱਸਿਆ ਕਿ ਉਸ ਨੇ ਖੂਨ ਨਾਲ ਲੱਥ-ਪੱਥ ਕਈ ਲੋਕਾਂ ਨੂੰ ਦੇਖਿਆ, ਜਿਨ੍ਹਾਂ ਨੂੰ ਹਸਪਤਾਲ ਦੇ ਕਰਮਚਾਰੀ ਸੰਭਾਲ ਰਹੇ ਸਨ। ਹਮਲੇ ਵਿਚ ਇਕ ਪੁਲਸ ਅਧਿਕਾਰੀ ਵੀ ਜ਼ਖਮੀ ਹੋਇਆ ਹੈ। ਪੁਲਸ ਨੇ ਵੈਸਟ ਜਾਰਜ ਸਟ੍ਰੀਟ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਪੁਲਸ ਨੇ ਕਿਹਾ ਹੈ ਕਿ ਉਹ ਇਸ ਘਟਨਾ ਦੀ ਅੱਤਵਾਦੀ ਐਂਗਲ ਤੋਂ ਜਾਂਚ ਕਰ ਰਹੀ ਹੈ। ਹਮਲਾਵਰ ਢੇਰ ਕਰ ਦਿੱਤਾ ਗਿਆ ਹੈ ਤੇ ਹੁਣ ਆਮ ਲੋਕਾਂ ਦੇ ਲਈ ਕੋਈ ਖਤਰਾ ਨਹੀਂ ਹੈ।

ਅਜੇ ਹਾਲ ਹੀ ਵਿਚ ਬ੍ਰਿਟੇਨ ਦੀ ਰਾਜਧਾਨੀ ਲੰਡਨ ਤੋਂ 65 ਕਿਲੋਮੀਟਰ ਦੂਰ ਸਥਿਤ ਰੀਡਿੰਗ ਸ਼ਹਿਰ ਦੇ ਇਕ ਪਾਰਕ ਵਿਚ ਚਾਕੂਬਾਜ਼ੀ ਦੀ ਘਟਨਾ ਵਿਚ ਤਿੰਨ ਲੋਕਾਂ ਦੀ ਜਿਥੇ ਮੌਤ ਹੋ ਗਈ ਸੀ ਉਥੇ ਹੀ ਕਈ ਲੋਕ ਜ਼ਖਮੀ ਹੋ ਗਏ ਸਨ। ਪੁਲਸ ਨੇ ਹਮਲੇ ਦੇ ਦੋਸ਼ੀ 29 ਸਾਲਾ ਇਕ ਲੀਬੀਆਈ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਸੀ। ਸਥਾਨਕ ਟੇਮਸ ਵੈਲੀ ਪੁਲਸ ਨੇ ਇਸ ਕਤਲਕਾਂਡ ਦੀ ਜਾਂਚ ਤੋਂ ਬਾਅਦ ਇਕ ਬਿਆਨ ਵਿਚ ਹਮਲੇ ਨੂੰ ਅੱਤਵਾਦੀ ਘਟਨਾ ਮੰਨਿਆ ਸੀ।

Previous articleHK bans annual pro-democracy rally for 1st time in 17 yrs
Next articleਇੰਗਲੈਂਡ ”ਚ ਡਰਾਈਵਿੰਗ ਕਲਾਸਾਂ ਅਤੇ ਟੈਸਟ ਜੁਲਾਈ ਤੋਂ ਹੋਣਗੇ ਦੁਬਾਰਾ ਸ਼ੁਰੂ