ਗਰੀਬ ਦਾ ਜਸ਼ਨ

ਪ੍ਰਿੰਸੀਪਲ:— ਗੁਰਦਿਆਲ ਸਿੰਘ ਫੁੱਲ

(ਸਮਾਜ ਵੀਕਲੀ)

ਨਵਾਂ ਸਾਲ ਮੁਬਾਰਿਕ ਕਿੰਝ ਆਖਾਂ
ਭੁੱਖ ਨਾਲ ਸਤਾਏ ਲੋਕਾਂ ਨੂੰ
ਇਹ ਜਸ਼ਨ ਸਮਾਗਮ ਸੋਂਹਦੇ ਨੇ
ਬਸ ਰੱਜੇ ਪੁੱਜੇ ਲੋਕਾਂ ਨੂੰ।
ਇਹ ਮਾਹ, ਸਤਵਾਰੇ ਤੇ ਸਾਲ ਨਵਾਂ
ਗਿਣਤੀ ਦਾ ਇੱਕ ਪੈਮਾਨਾ ਹੈ
ਦੁੱਖ—ਭੁੱਖ ਨੇ ਲੱਖਾਂ ਨੂੰ ਭਸਮ ਕੀਤਾ
ਲੱਖਾਂ ਤੇ ਹੋਰ ਨਿਸ਼ਾਨਾ ਹੈ।
ਨਵੇਂ ਸਾਲ ਤੇ ਗਣਨਾ ਕਿੰਝ ਹੋਵੇ
ਗੁਰਦਿਆਲ ਸਮਝਾ ਦੇਸ਼ ਦੇ ਲੋਕਾਂ ਨੂੰ
ਇਹ ਜ਼ਸ਼ਨ ਮੁਬਾਰਿਕ …….

ਜੋ ਜੰਮਦੇ ਭੁੱਖੇ ਨੰਗੇ ਨੇ
ਜਾਨਣ ਕੀ ਸਾਰ ਅਜ਼ਾਦੀ ਦੀ
ਜਿੰ਼ਦਗੀ ਦੇ ਦੰਭ ਵੱਚ ਮੌਤ ਛਿਪੀ
ਅਉਧ ਸਿ਼ਲਾਲੇਖ ਬਰਬਾਦੀ ਦੀ
ਇਹ ਬਰਬਾਦੀ—ਬਦਹਾਲੀ ਵਿੱਚ
ਗੁਰਦਿਆਲ ਕਿੰਝ ਬਚਾਈਏ ਢੋਕਾਂ ਨੂੰ
ਇਹ ਜ਼ਸ਼ਨ ਮੁਬਾਰਿਕ ……

ਤਨ ਲਈ ਕੱਜਣ ਜੁੜਿਆ ਨਾ
ਤੇ ਪੇਟ ਜਿਨ੍ਹਾਂ ਦਾ ਖਾਲੀ ਏ
ਫੁੱਟ—ਪਾਥ ਤੇ ਰਾਤਾਂ ਕੱਟਦੇ ਨੇ
ਦਰ ਦਰ ਦੇ ਜੋ ਸਵਾਲੀ ਏ
ਗੁਰਦਿਆਲ ਦਰਸਾ ਰਾਹ ਇਨ੍ਹਾਂ ਦੁੱਖੀਆਂ ਨੂੰ
ਤਨੋਂ ਲਾਹ ਕੇ ਸੁੱਟਣ ਜੋਕਾਂ ਨੂੰ
ਇਹ ਜਸ਼ਨ ਮੁਬਾਰਿਕ …….

ਪੱਲੇ ਗੁਰਬਤ, ਹੰਝੂ, ਹਾਉਂਕੇ ਨੇ
ਨਾ ਮਿਲਦੀ ਦੋ ਡੰਗ ਰੋਟੀ ਏ
ਸੁਣ ਦੇਸ਼ ਮੇਰੇ ਦੇ ਹਾਕਮਾਂ
ਕਿਉਂ ਕਿਸਮਤ ਇਨ੍ਹਾਂ ਦੀ ਖੋਟੀ ਏ
ਗੁਰਦਿਆਲ ਕਰ ਦੁਆ ਮੌਲਾ ਵਰ ਬਖਸ਼ੇ
ਤੀਲ੍ਹਾ—ਤੀਲ੍ਹਾ ਹੁੰਦੀਆ ਝੋਕਾਂ ਨੂੰ
ਇਹ ਜ਼ਸ਼ਨ ਮੁਬਾਰਿਕ …….

ਦੁੱਖ, ਭੁੱਖ ਸੰਤਾਪ ਨੂੰ ਠੱਲ੍ਹ ਪਵੇ
ਨਾ ਬੇਬਸ ਕੋਈ ਕੰਗਾਲ ਹੋਵੇ
ਬੇਗਮਪੁਰੇ ਉਸਾਰੀ ਦੀ ਪਹਿਲ ਹੋਵੇ
ਕੱਠੇ ਹੋ ਗੁਰਦਿਆਲ ਚਲ ਪੁੱਟੀਏ
ਇਸ ਸਫ਼ਰ ਵਿੱਚ ਖੜ੍ਹੀਆਂ ਨੋਕਾਂ ਨੂੰ
ਇਹ ਜਸ਼ਨ ਸਮਾਗਤ ਸੋਂਹਦੇ ਨੇ
ਬੱਸ ਰੱਜੇ ਪੁੱਜੇ ਲੋਕਾਂ ਨੂੰ।

ਪ੍ਰਿੰਸੀਪਲ:— ਗੁਰਦਿਆਲ ਸਿੰਘ ਫੁੱਲ
ਪਿੰਡ ਗਗਨੌਲੀ ਜਿਲ੍ਹਾ ਹੁਸਿ਼ਆਰਪੁਰ।
ਫੋਨ ਨੰ. 94177—80858

Previous articleਮਾਂ
Next articleਗਾਇਕ ਲਹਿੰਬਰ ਹੁਸੈਨਪੁਰੀ-ਰਜਨੀ ਜੈਨ ਆਰੀਆ ਟਰੈਕ ‘ਲਾਲ ਛੋਟੇ-ਛੋਟੇ’ ਨਾਲ ਹੋ ਰਹੇ ਨੇ ਹਾਜ਼ਰ