ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਸਿਹਤ ਅਤੇ ਪੌਸ਼ਟਿਕ ਖੁਰਾਕ ਸਬੰਧੀ ਜਾਗੂਕਤਾ ਕੈਂਪ ਲਗਾਏ

ਜਲੰਧਰ, (ਸਮਾਜ ਵੀਕਲੀ ਬਿਊਰੋ) – ਮਹਿਲਾਵਾਂ ਨੂੰ ਅਨੀਮਿਆਂ ਦੇ ਖਾਤਮੇ ਅਤੇ ਅਸੰਤੁਲਿਤ ਖੁਰਾਕ ਪ੍ਰਤੀ ਜਾਗਰੂਕ ਕਰਨ ਲਈ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਵਲੋਂ ਜ਼ਿਲ੍ਹੇ ਦੇ 11 ਬਲਾਕਾਂ ਵਿੱਚ ਪੋਸ਼ਣ ਅਭਿਆਨ ਤਹਿਤ ਕੈਂਪ ਲਗਾਏ ਗਏ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ ਨੇ ਕਿਹਾ ਕਿ ਸਿਹਤ ਅਤੇ ਸੰਤੁਲਿਤ ਖੁਰਾਕ ਸਬੰਧੀ ਅੱਜ ਕੈਂਪ ਜਮਸ਼ੇਰ ਖਾਸ, ਸੋਫੀ ਪਿੰਡ, ਮਿੱਠਾਪੁਰ, ਗੜਾ, ਕੋਟ ਕਲਾਂ, ਜੰਡੂ ਸਿੰਗਾ, ਮਹਿਤਪੁਰ, ਕਾਲਾ ਬੱਕਰਾ, ਲੋਹਾਰਨੰਗਲ ਅਤੇ ਹੋਰ ਥਾਵਾਂ ’ਤੇ ਲਗਾਏ ਗਏ ਜਿਸ ਵਿੱਚ ਔਰਤਾਂ ਨੂੰ ਅਨੀਮਿਆ ਰੋਗ ਅਤੇ ਅਸੰਤੁਲਿਤ ਭੋਜਨ ਬਾਰੇ ਜਾਗਰੂਕ ਕੀਤਾ ਗਿਆ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਕੈਂਪਾ ਵਿੱਚ ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਰੋਜ਼ਾਨਾ ਪੌਸ਼ਟਿਕ ਆਹਾਰ ਲੈਣ ਦੇ ਲਾਭਾਂ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੰਕ ਫੂਡ ਅਤੇ ਅਸੰਤੁਲਿਕ ਖੁਰਾਕ ਲੋਕਾਂ ਦੀ ਸਿਹਤ ਵਿੱਚ ਵਿਗਾੜ ਦਾ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ ਇਸ ਲਈ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਪੌਸ਼ਟਿਕ ਖੁਰਾਕ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਵੇਰ ਅਤੇ ਸ਼ਾਮ ਦੀ ਸੈਰ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਇਨ੍ਹਾਂ ਖੇਤਰਾਂ ਵਿੱਚ ਪੌਸ਼ਟਿਕ ਖੁਰਾਕ ਲੈਣ ਸਬੰਧੀ ਜਾਗਰੂਕਤਾ ਰੈਲੀਆਂ ਵੀ ਕੱਢੀਆਂ ਗਈ। ਉਨ੍ਹਾਂ ਦੱਸਿਆ ਕਿ ਪੋਸਣ ਅਭਿਆਨ ਦਾ ਮੁੱਖ ਮੰਤਵ 0 ਤੋਂ 6 ਸਾਲ ਦੇ ਬੱਚਿਆਂ, ਕਿਸ਼ੋਰ ਲੜਕੀਆਂ , ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਵਿੱਚ ਪੌਸ਼ਟਿਕ ਖੁਰਾਕ ਦੇ ਪੱਧਰ ਵਿੱਚ ਸੁਧਾਰ ਲਿਆਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਿਹਤ ਅਧਿਕਾਰੀਆਂ ਵਲੋਂ ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਬੱਚੇ ਦੇ ਜਨਮ ਦੇ ਤੁਰੰਤ ਬਾਅਦ ਮਾਂ ਦਾ ਦੁੱਧ ਪਿਲਾਉਣ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਮੁਹੱਈਅਆ ਕਰਵਾਈ ਗਈ। ਇਸ ਮੌਕੇ ਸਿਹਤ ਵਿਭਾਗ ਦੇ ਡਾਕਟਰਾਂ, ਏ.ਐਨ.ਐਮਜ਼, ਸੁਪਰਵਾਈਜਰਾਂ, ਆਂਗਨਵਾੜੀ ਵਰਕਰਾਂ ਅਤੇ ਗਰਭਵਤੀ ਮਹਿਲਾਵਾਂ ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਵਲੋਂ ਬੜੇ ਉਤਸ਼ਾਹ ਨਾਲ ਸਿਰਕਤ ਕੀਤੀ ਗਈ।

Previous articleਪਾਕਿ ਕੋਵਿੰਦ ਲਈ ਹਵਾਈ ਖੇਤਰ ਨਹੀਂ ਖੋਲ੍ਹੇਗਾ
Next articleਪੰਜਾਬ ਬੰਦ ਦੌਰਾਨ ਨਕੋਦਰ ’ਚ ਗੋਲੀ ਚੱਲੀ, ਦੋ ਜ਼ਖ਼ਮੀ