ਖੰਨਾ- ਨਗਰ ਕੌਂਸਲ ਵਿਚ ਲੱਖਾਂ ਰੁਪਏ ਦੇ ਡੀਜ਼ਲ ਘੁਟਾਲੇ ਦਾ ਪਰਦਾਫਾਸ਼ ਹੋਇਆ ਹੈ। ਭਾਰਤੀ ਜਨਤਾ ਪਾਰਟੀ ਦੇ ਆਰਟੀਆਈ ਸੈੱਲ ਨਾਲ ਸਬੰਧਤ ਜ਼ਿਲ੍ਹਾ ਪ੍ਰਧਾਨ ਸਤੀਸ਼ ਸ਼ਰਮਾ ਨੇ ਪੰਜਾਬ ਦੇ ਲੋਕਡ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ, ਚੀਫ਼ ਡਾਇਰੈਕਟਰ ਵਿਜੀਲੈਂਸ ਵਿਭਾਗ ਪੰਜਾਬ, ਡਾਇਰੈਕਟ ਲੋਕਲ ਬਾਡੀਜ਼ ਪੰਜਾਬ ਅਤੇ ਡਿਪਟੀ ਡਾਇਰੈਕਟਰ ਲੁਧਿਆਣਾ ਨੂੰ ਭੇਜੇ ਪੱਤਰਾਂ ਵਿਚ ਮੰਗ ਕੀਤੀ ਹੈ ਕਿ ਨਗਰ ਕੌਸਲ ਖੰਨਾ ਦੇ ਪ੍ਰਧਾਨ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਕੀਤੇ ਗਏ ਲੱਖਾਂ ਰੁਪਏ ਦੇ ਡੀਜ਼ਲ ਖਰੀਦ ਘੁਟਾਲੇ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ ਅਤੇ ਇਸ ਸਬੰਧੀ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਸਤੀਸ਼ ਸ਼ਰਮਾ ਨੇ ਦੱਸਿਆ ਕਿ ਨਗਰ ਕੌਸਲ ਅਧੀਨ ਮਲੇਰਕੋਟਲਾ ਰੋਡ ਸਥਿਤ ਡਿਸਪੋਜ਼ਲ ਤੇ ਜਨਰੇਟਰ ਨੂੰ ਚਲਾਉਣ ਲਈ ਵਰਤੇ ਡੀਜ਼ਲ ਦੀ ਖ਼ਰੀਦ ਸਬੰਧੀ ਆਰਟੀਆਈ ਐਕਟ ਅਧੀਨ ਲਾਗ ਬੁੱਕਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਪ੍ਰਾਪਤ ਕੀਤੀਆਂ ਗਈਆਂ ਅਤੇ ਉਨ੍ਹਾਂ ਕਾਗਜ਼ਾਤਾਂ ਨੂੰ ਵਾਚਣ ਉਪਰੰਤ ਇਹ ਹੈਰਾਨੀਜਨਕ ਤੱਥ ਸਾਹਮਣੇ ਆਏ ਕਿ ਇਸ ਮਾਮਲੇ ਵਿਚ ਲੱਖਾਂ ਰੁਪਏ ਦੇ ਘੁਟਾਲੇ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਕ ਜਨਰੇਟਰ ਵਿਚ ਮਾਰਚ-2015 ਤੋਂ ਸਤੰਬਰ-2018 ਤੱਕ 45 ਮਹੀਨਿਆਂ ਵਿਚ ਹਰੇਕ ਮਹੀਨੇ 800 ਲੀਟਰ ਡੀਜ਼ਲ ਦੀ ਖ਼ਪਤ ਅਨੁਸਾਰ 34600 ਲੀਟਰ ਡੀਜ਼ਲ ਵਰਤਿਆ ਦਿਖਾਇਆ ਗਿਆ ਹੈ ਅਤੇ ਇਸ ਦੀ ਖਰੀਦ ’ਤੇ 28 ਲੱਖ ਰੁਪਏ ਤੋਂ ਵਧੇਰੇ ਦਾ ਡੀਜ਼ਲ ਖ਼ਰੀਦਿਆ ਦੱਸਿਆ ਗਿਆ ਹੈ ਅਤੇ ਸਾਰਾ ਡੀਜ਼ਲ 1225 ਘੰਟਿਆਂ ਵਿਚ ਵਰਤਿਆ ਦਰਸਾਇਆ ਗਿਆ ਹੈ, ਜਦੋਂ ਕਿ ਡਿਸਪੋਜ਼ਲ ਉੱਪਰ ਬਿਜਲੀ ਵਿਭਾਗ ਵੱਲੋਂ ਬਿਜਲੀ ਦਾ ਕੁਨੈਕਸ਼ਨ ਹੋਟ ਲਾਈਨ ਨਾਲ ਜੁੜਨ ਕਰਕੇ ਸਪਲਾਈ ਬਹੁਤ ਹੀ ਘੱਟ ਬੰਦ ਹੋਈ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਨਗਰ ਕੌਸਲ ਪ੍ਰਧਾਨ ਅਤੇ ਅਧਿਕਾਰੀਆਂ ਵੱਲੋਂ ਆਪਣੇ ਕੁਝ ਚਹੇਤਿਆਂ ਅਤੇ ਕੁਝ ਕਾਂਗਰਸੀ ਕੌਸਲਰਾਂ ਨੂੰ ਆਪਣੀਆਂ ਪ੍ਰਾਈਵੇਟ ਕਾਰਾਂ ਵਿਚ ਨਗਰ ਕੌਸਲ ਖੰਨਾ ਦੇ ਖ਼ਾਤੇ ਵਿੱਚੋਂ ਡੀਜ਼ਲ ਪਾਉਣ ਲਈ ਪਰਚੀਆਂ ਜਾਰੀ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਕੌਸਲ ਨੂੰ ਲੱਖਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ। ਇਸ ਮੌਕੇ ਪਰਮਿੰਦਰ ਸਿੰਘ, ਰਮਨ ਕੁਮਾਰ ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ ਲਾਡੀ, ਸੁਰੇਸ਼ ਕੁਮਾਰ ਭੋਲਾ ਹਾਜ਼ਰ ਸਨ।
INDIA ਖੰਨਾ ਨਗਰ ਕੌਂਸਲ ਵਿਚ ਡੀਜ਼ਲ ਘੁਟਾਲੇ ਦਾ ਪਰਦਾਫਾਸ਼