ਨਵੀਂ ਦਿੱਲੀ : ਸਰਕਾਰ ਨੇ ਸ਼ਹਿਦ ਦੇ ਕਿਊੂਬ ਦੇ ਉਤਪਾਦਨ ਵੱਲ ਕਦਮ ਵਧਾ ਦਿੱਤਾ ਹੈ। ਇਹ ਖੰਡ ਦਾ ਸਿਹਤਮੰਦ ਬਦਲ ਸਾਬਿਤ ਹੋਵੇਗਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਲੋਕ ਸਭਾ ਵਿਚ ਇਹ ਜਾਣਕਾਰੀ ਦਿੱਤੀ।ਗਡਕਰੀ ਨੇ ਦੱਸਿਆ ਕਿ ਭਾਰਤੀ ਸਟੇਟ ਬੈਂਕ ਨਾਲ ‘ਭਾਰਤ ਕ੍ਰਾਫਟ’ ਨਾਮਕ ਈ-ਕਾਮਰਸ ਵੈੱਬਸਾਈਟ ਵਿਕਸਿਤ ਕਰਨ ਦੀ ਵੀ ਗੱਲ ਚੱਲ ਰਹੀ ਹੈ। ਇਸ ਰਾਹੀਂ ਛੋਟੇ, ਦਰਮਿਆਨੇ ਅਤੇ ਮੱਧਮ ਉਦਯੋਗਾਂ ਦੇ ਉਤਪਾਦ ਦੀ ਵਿਕਰੀ ਕੀਤੀ ਜਾ ਸਕੇਗੀ। ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰੀ ਗਡਕਰੀ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਦੇ ਪੂਰਕ ਸਵਾਲਾਂ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਸੀ, ‘ਮਨੀ (ਪੈਸਾ) ਨਹੀਂ, ਹਨੀ (ਸ਼ਹਿਦ) ਦੀ ਲੋੜ ਹੈ।’ ਇਸ ਦੇ ਜਵਾਬ ਵਿਚ ਗਡਕਰੀ ਨੇ ਕਿਹਾ, ‘ਹਨੀ ਤੋਂ ਮਿਲੇਗਾ ਮਨੀ।’ ਉਨ੍ਹਾਂ ਕਿਹਾ ਕਿ ਸ਼ਹਿਦ ਦੇ ਕਿਊੂਬ ਦੀ ਵਰਤੋਂ ਚਾਹ ਵਿਚ ਖੰਡ ਦੇ ਪਾਊਚ ਦੀ ਥਾਂ ਸਿਹਤਮੰਦ ਬਦਲ ਵਜੋਂ ਕੀਤੀ ਜਾ ਸਕੇਗੀ। ਇਸ ਨਾਲ ਸ਼ਹਿਦ ਦਾ ਉਤਪਾਦਨ ਵਧੇਗਾ ਜਿਸ ਦਾ ਫ਼ਾਇਦਾ ਆਦਿਵਾਸੀ ਅਤੇ ਸ਼ਹਿਦ ਉਤਪਾਦਨ ਨਾਲ ਜੁੜੇ ਹੋਰ ਲੋਕਾਂ ਨੂੰ ਮਿਲੇਗਾ।