ਖੇੜੀ ਗੰਡਿਆਂ ਤੋਂ ਲਾਪਤਾ ਬੱਚਿਆਂ ਦੀ ਕੋਈ ਉੱਘ-ਸੁੱਘ ਨਹੀਂ

‘ਟ੍ਰੈਕ ਦੀ ਮਿਸਿੰਗ ਚਾਈਲਡ’ ਰਾਹੀਂ ਪੂਰੇ ਦੇਸ਼ ਦੀ ਪੁਲੀਸ ਨਾਲ ਰਾਬਤਾ; ਟੀਮਾਂ ਦਾ ਗਠਨ

ਪਟਿਆਲਾ ਤੋਂ ਰਾਜਪੁਰਾ ਰੋਡ ਸਥਿਤ ਪਿੰਡ ਖੇੜੀ ਗੰਡਿਆਂ ਤੋਂ ਭੇਤਭਰੀ ਹਾਲਤ ’ਚ ਲਾਪਤਾ ਹੋਏ ਦੋ ਬੱਚਿਆਂ ਦਾ 50 ਘੰਟਿਆਂ ਮਗਰੋਂ ਵੀ ਕੋਈ ਥਹੁ-ਪਤਾ ਨਹੀਂ ਲੱਗ ਸਕਿਆ ਹੈ। ਪਟਿਆਲਾ ਪੁਲੀਸ ਲਈ ਇਹ ਮਾਮਲਾ ਵੱਕਾਰ ਦਾ ਸਵਾਲ ਬਣਿਆ ਹੋਇਆ ਹੈ ਤੇ ਬੱਚਿਆਂ ਦੀ ਭਾਲ ਲਈ ਵੱਡੇ ਪੱਧਰ ’ਤੇ ਮੁਹਿੰਮ ਵਿੱਢ ਦਿੱਤੀ ਗਈ ਹੈ। ਐੱਸਐੱਸਪੀ ਮਨਦੀਪ ਸਿੱਧੂ ਨੇ ਬੱਚਿਆਂ ਸਬੰਧੀ ਸੂਚਨਾ ਭਾਰਤ ਸਰਕਾਰ ਦੇ ‘ਟ੍ਰੈਕ ਦੀ ਮਿਸਿੰਗ ਚਾਈਲਡ’ ਸਿਸਟਮ ’ਤੇ ਵੀ ਸਾਂਝੀ ਕਰ ਦਿੱਤੀ ਹੈ। ਇਸ ਤਹਿਤ ਪੂਰੇ ਦੇਸ਼ ਦੀ ਪੁਲੀਸ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਸਿੱਧੂ ਨੇ ਵੱਖ-ਵੱਖ ਟੀਮਾਂ ਦਾ ਗਠਨ ਕਰ ਦਿੱਤਾ ਹੈ। ਇਨ੍ਹਾਂ ਟੀਮਾਂ ਨੂੰ ਸੀਸੀਟੀਵੀ ਚੈੱਕ ਕਰਨ, ਮੋਬਾਈਲ ਫੋਨਾਂ ਦੀ ਲੋਕੇਸ਼ਨ ਵਾਚਣ ਤੇ ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਸੀਆਈਏ ਵਿੰਗ ਵੀ ਵੱਖ-ਵੱਖ ਨੁਕਤਿਆਂ ਤੋਂ ਮਾਮਲੇ ਦੀ ਜਾਂਚ ਕਰ ਰਿਹਾ ਹੈ। ਪੁਲੀਸ ਮੁਖੀ ਮੁਤਾਬਕ ਲੋਕਾਂ ਦੀ ਮਦਦ ਨਾਲ ਇਲਾਕੇ ਦੇ ਝੋਨਾ ਲੱਗੇ ਖੇਤਾਂ, ਖ਼ਤਾਨਾਂ, ਬੇਆਬਾਦ ਥਾਵਾਂ, ਮੋਟਰਾਂ, ਕੁੱਪਾਂ, ਗੁਹਾਰਿਆਂ, ਧਾਰਮਿਕ ਅਸਥਾਨਾਂ ’ਚ ਵੀ ਬੱਚਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਗੋਤਾਖੋਰਾਂ ਰਾਹੀਂ ਭਾਖੜਾ ਵਿਚ ਵੀ ਤਲਾਸ਼ ਜਾਰੀ ਹੈ। ਕਾਰ ਸਵਾਰਾਂ ਵੱਲੋਂ ਬੱਚੇ ਅਗਵਾ ਕਰਨ ਦੀਆਂ ਕਿਆਸਰਾਈਆਂ ਵੀ ਪੁਲੀਸ ਜਾਂਚ ਦੌਰਾਨ ਸਹੀ ਸਾਬਿਤ ਨਹੀਂ ਹੋਈਆਂ। ਜ਼ਿਕਰਯੋਗ ਹੈ ਕਿ ਖੇੜੀ ਗੰਡਿਆਂ ਵਾਸੀ ਦੀਦਾਰ ਸਿੰਘ ਦੇ ਪੁੱਤਰ ਜਸ਼ਨਦੀਪ ਸਿੰਘ (10) ਅਤੇ ਹਸ਼ਨਦੀਪ ਸਿੰਘ (6) 22 ਜੁਲਾਈ ਦੀ ਰਾਤ ਪਿੰਡ ਵਿਚਲੀ ਦੁਕਾਨ ਤੋਂ ਕੋਲਡ ਡਰਿੰਕ ਲੈਣ ਗਏ ਲਾਪਤਾ ਹੋ ਗਏ ਸਨ। ਪੁਲੀਸ ਪਰਿਵਾਰਕ ਮੈਂਬਰਾਂ ਤੋਂ ਉਨ੍ਹਾਂ ਦੀ ਕਿਸੇ ਨਾਲ ਰੰਜਿਸ਼ ਹੋਣ ਦੇ ਨੁਕਤੇ ਤੋਂ ਵੀ ਪੜਤਾਲ ਕਰ ਰਹੀ ਹੈ। ਪੁਲੀਸ ਨੇ ਪਿੰਡ ਦੀ ਇੱਕ ਔਰਤ ’ਤੇ ਸ਼ੱਕ ਜ਼ਾਹਰ ਕੀਤਾ ਹੈ। ਐੱਸਐੱਸਪੀ ਨੇ ਦੱਸਿਆ ਕਿ ਟ੍ਰੈਕਿੰਗ ਸਿਸਟਮ ਤੋਂ ਇਲਾਵਾ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਸਮੇਤ ਰਾਜ ਦੇ ਸਾਰੇ ਪੁਲੀਸ ਕਮਿਸ਼ਨਰ, ਗੁਆਂਢੀ ਰਾਜਾਂ ਸਮੇਤ ਪੂਰੇ ਦੇਸ਼ ਦੇ ਥਾਣਾ ਮੁਖੀਆਂ ਨਾਲ ਵੀ ਬੱਚਿਆਂ ਦੇ ਵੇਰਵੇ ਸਾਂਝੇ ਕੀਤੇ ਗਏ ਹਨ। ਪਟਿਆਲਾ ਜ਼ਿਲ੍ਹੇ ਵਿਚ ਬੱਚਿਆਂ ਦੇ ਪੋਸਟਰ ਲਾ ਦਿੱਤੇ ਗਏ ਹਨ।

Previous articleਕਸ਼ਮੀਰ: ਤੀਜੀ ਧਿਰ ਦੀ ਵਿਚੋਲਗੀ ਪ੍ਰਵਾਨ ਨਹੀਂ: ਰਾਜਨਾਥ ਸਿੰਘ
Next articleਟੋਕੀਓ ਓਲੰਪਿਕ ਦੇ ਤਗ਼ਮਿਆਂ ਦੀ ਘੁੰਡ ਚੁਕਾਈ