ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐਫਆਈ) ਨੇ ਹਾਲ ਹੀ ਵਿੱਚ ਏਸ਼ਿਆਈ ਚੈਂਪੀਅਨ ਬਣੇ ਬਜਰੰਗ ਪੂਨੀਆ ਅਤੇ ਪਿਛਲੇ ਸਾਲ ਏਸ਼ਿਆਈ ਖੇਡਾਂ ਦੀ ਸੋਨ ਤਗ਼ਮਾ ਜੇਤੂ ਵਿਨੇਸ਼ ਫੋਗਾਟ ਨੂੰ ਦੇਸ਼ ਦੇ ਸਰਵੋਤਮ ਖੇਡ ਐਵਾਰਡ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਦੇਣ ਦੀ ਸਿਫ਼ਾਰਿਸ਼ ਕੀਤੀ ਹੈ। ਡਬਲਯੂਐਫਆਈ ਨੇ ਅੱਜ ਬਜਰੰਗ ਅਤੇ ਵਿਨੇਸ਼ ਦੇ ਨਾਮ ਪਿਛਲੇ ਦੋ ਸਾਲਾਂ ਦੌਰਾਨ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਵੇਖਦਿਆਂ ਇਸ ਪੁਰਸਕਾਰ ਲਈ ਭੇਜੇ ਹਨ। ਵਿਸ਼ਵ ਦੇ ਅੱਵਲ ਨੰਬਰ ਪਹਿਲਵਾਨ ਬਜਰੰਗ ਨੇ ਹਾਲ ਹੀ ਵਿੱਚ ਸ਼ਿਆਨ ਵਿੱਚ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ 65 ਕਿਲੋ ਭਾਰ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਇਸ 25 ਸਾਲਾ ਭਲਵਾਨ ਨੇ ਬੀਤੇ ਸਾਲ ਜਕਾਰਤਾ ਏਸ਼ਿਆਈ ਖੇਡਾਂ ਵਿੱਚ ਵੀ ਸੋਨਾ ਜਿੱਤਿਆ ਸੀ। ਵਿਨੇਸ਼ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਸਿਰਫ਼ ਕਾਂਸੀ ਦਾ ਤਗ਼ਮਾ ਹੀ ਹਾਸਲ ਕਰ ਸਕੀ ਹੈ, ਹਾਲਾਂਕਿ ਉਹ ਨਵੇਂ ਭਾਰ ਵਰਗ 53 ਕਿਲੋ ਵਿੱਚ ਲੜ ਰਹੀ ਸੀ। ਉਹ 2018 ਦੌਰਾਨ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਸੀ। ਇਨ੍ਹਾਂ ਦੋਵਾਂ ਭਲਵਾਨਾਂ ਤੋਂ ਇਲਾਵਾ ਡਬਲਯੂਐਫਆਈ ਨੇ ਰਾਹੁਲ ਅਵਾਰੇ, ਹਰਪ੍ਰੀਤ ਸਿੰਘ, ਦਿਵਿਆ ਕਾਕਰਾਨ ਅਤੇ ਪੂਜਾ ਢਾਂਡਾ ਦੇ ਨਾਮ ਅਰਜਨ ਪੁਰਸਕਾਰ ਲਈ ਭੇਜੇ ਹਨ।
ਬੀਤੇ ਸਾਲ ਬਜਰੰਗ ਨੇ ਖੇਲ ਰਤਨ ਨਾ ਮਿਲਣ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਅਦਾਲਤ ਜਾਣ ਦੀ ਧਮਕੀ ਦਿੱਤੀ ਸੀ। ਉਦੋਂ ਕ੍ਰਿਕਟਰ ਵਿਰਾਟ ਕੋਹਲੀ ਅਤੇ ਵੇਟਲਿਫਟਰ ਮੀਰਬਾਈ ਚਾਨੂ ਨੂੰ ਇਹ ਐਵਾਰਡ ਮਿਲਿਆ ਸੀ। ਡਬਲਯੂਐਫਆਈ ਨੇ ਕੋਚਾਂ ਨੂੰ ਦਿੱਤੇ ਜਾਣ ਵਾਲੇ ਦਰੋਣਾਚਾਰੀਆ ਐਵਾਰਡ ਲਈ ਵੀਰੇਂਦਰ ਕੁਮਾਰ, ਸੁਜੀਤ ਮਾਨ, ਨਰਿੰਦਰ ਕੁਮਾਰ ਅਤੇ ਵਿਕਰਮ ਕੁਮਾਰ ਦੇ ਨਾਮ ਨਾਮਜ਼ਦ ਕੀਤੇ ਹਨ। ਭੀਮ ਸਿੰਘ ਅਤੇ ਜੈ ਪ੍ਰਕਾਸ਼ ਦਾ ਨਾਮ ਧਿਆਨਚੰਦ ਤਾਉਮਰ ਪ੍ਰਾਪਤੀ ਪੁਰਸਕਾਰ ਲਈ ਭੇਜਿਆ ਗਿਆ ਹੈ।