ਤ੍ਰਿਪੁਰਾ ਦੀ ਪ੍ਰਿਯੰਕਾ ਦਾਸਗੁਪਤਾ ਅਤੇ ਉਤਰ ਪ੍ਰਦੇਸ਼ ਦੇ ਜਤਿਨ ਕੁਮਾਰ ਕਨੋਜੀਆ ਨੇ ਅੱਜ ਇੱਥੇ ਸ਼ੁਰੂ ਹੋਈਆਂ ਖੇਲੋ ਇੰਡੀਆ ਯੂਥ ਖੇਡਾਂ-2020 ਦੇ ਪਹਿਲੇ ਦਿਨ ਅੰਡਰ-17 (ਮਹਿਲਾ/ਪੁਰਸ਼) ਦੇ ਜਿਮਨਾਸਟਿਕਸ ਵਿੱਚ ਸੋਨ ਤਗ਼ਮੇ ਜਿੱਤ ਕੇ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼ ਕੀਤਾ। ਇਸ ਤੋਂ ਪਹਿਲਾ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਅਤੇ ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਰਵਾਏ ਰੰਗਾਰੰਗ ਪ੍ਰੋਗਰਾਮ ਦੌਰਾਨ ਤੀਸਰੀਆਂ ਖੇਲੋ ਇੰਡੀਆ ਖੇਡਾਂ ਦੀ ਸ਼ੁਰੂਆਤ ਕਰਵਾਈ।
ਸਮਾਰੋਹ ਦੌਰਾਨ ਅਸਾਮ ਦੇ ਸਭਿਆਚਾਰਕ ਵੰਨ-ਸੁਵੰਨਤਾ ਅਤੇ ਦੇਸ਼ ਦੀ ਏਕਤਾ ਨੂੰ ਪੇਸ਼ ਕੀਤਾ ਗਿਆ। ਇੰਦਰਾ ਗਾਂਧੀ ਸਟੇਡੀਅਮ ਵਿੱਚ 25 ਹਜ਼ਾਰ ਦਰਸ਼ਕਾਂ ਤੋਂ ਇਲਾਵਾ ਟੈਲੀਵਿਜ਼ਨ ’ਤੇ ਲੱਖਾਂ ਦਰਸ਼ਕਾਂ ਨੇ ਇਸ ਸਮਾਰੋਹ ਦਾ ਆਨੰਦ ਮਾਣਿਆ। ਏਕਤਾ ਦੀ ਅਨੋਖੀ ਮਿਸਾਲ ਪੇਸ਼ ਕਰਦਿਆਂ ਸਮਾਰੋਹ ਵਿੱਚ ਉਤਰ ਪੂਰਬ ਦੇ ਸੱਤ ਸੂਬਿਆਂ ਦੇ ਖਿਡਾਰੀ ਮਸ਼ਾਲ ਰਿਲੇਅ ਦੇ ਅਖ਼ੀਰ ਵਿੱਚ ਇਕੱਠੇ ਦਿਸੇ, ਜਦਕਿ ਸਟਾਰ ਦੌੜਾਕ ਹਿਮਾ ਦਾਸ ਨੇ ਖੇਡਾਂ ਦੀ ਮਸ਼ਾਲ ਜਲਾਈ। ਸੋਨੋਵਾਲ ਨੇ ਕਿਹਾ, ‘‘ਮੈਂ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਅਤੇ ਅਰੁਣਾਚਲ ਤੋਂ ਲੈ ਕੇ ਗੁਜਰਾਤ ਤੱਕ ਸਾਰੇ ਅਥਲੀਟਾਂ ਦਾ ਤਹਿਦਿਲੋਂ ਸਵਾਗਤ ਕਰਦਾ ਹਾਂ।’’ ਇਸ ਟੂਰਨਾਮੈਂਟ ਦੌਰਾਨ 20 ਖੇਡਾਂ ਵਿੱਚ ਕਰੀਬ 6800 ਖਿਡਾਰੀ ਚੁਣੌਤੀ ਦੇ ਰਹੇ ਹਨ। ਖੇਡਾਂ ਦੇ ਅੱਜ ਪਹਿਲੇ ਦਿਨ ਪ੍ਰਿਯੰਕਾ ਨੇ ਕੁੜੀਆਂ ਦੇ ਅੰਡਰ-17 ਜਿਮਾਨਸਟਿਕ ਵਿੱਚ ਹਰਫ਼ਨਮੌਲਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਮੁੰਡਿਆਂ ਦੇ ਇਸੇ ਉਮਰ ਵਰਗ ਵਿੱਚ ਉਤਰ ਪ੍ਰਦੇਸ਼ ਦੇ ਜਤਿਨ ਨੇ ਵੀ ਅੱਵਲ ਸਥਾਨ ਪ੍ਰਾਪਤ ਕੀਤਾ। ਕੁੜੀਆਂ ਦੇ ਰਿਦਮਿਕ ਜਿਮਨਾਸਟਿਕ ਵਿੱਚ ਮਹਾਰਾਸ਼ਟਰ ਦੀ ਆਸਮੀ ਅੰਕੁਸ਼ ਬੀ ਅਤੇ ਸ਼੍ਰੇਆ ਪ੍ਰਵੀਨ ਭੰਗਾਲੇ ਨੇ ਪਹਿਲਾ ਤੇ ਦੂਜਾ, ਜਦੋਂਕਿ ਉਪਾਸ਼ਾ ਤਾਲੁਕਦਾਰ ਨੇ ਇਨ੍ਹਾਂ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਗੁਜਰਾਤ ਦੀ ਪ੍ਰਮੀਲਾਬੇਨ ਬਾਰੀਆ ਨੇ ਕੁੜੀਆਂ ਦੇ ਅੰਡਰ-21 ਰਿਕਰਵ ਤੀਰਅੰਦਾਜ਼ੀ ਕੁਆਲੀਫਾਈਂਗ ਵਿੱਚ 648 ਅੰਕ ਪ੍ਰਾਪਤ ਕਰਕੇ ਆਪਣਾ ਜਨਮ ਦਿਨ ਮਨਾਇਆ। ਹਿਮਾਮੀ ਕੁਮਾਰੀ (ਹਰਿਆਣਾ) 643 ਅੰਕਾਂ ਨਾਲ ਦੂਜੇ ਸਥਾਨ ’ਤੇ ਰਹੀ, ਜਦੋਂਕਿ ਵਿਸ਼ਵ ਕੈਡੇਟ ਚੈਂਪੀਅਨ ਕੋਮੋਲਿਕਾ ਬਾਰੀ (ਝਾਰਖੰਡ) ਤੀਜੇ ਸਥਾਨ ਰਹੀ। ਇਸੇ ਉਮਰ ਵਰਗੇ ਦੇ ਮੁੰਡਿਆਂ ਦੇ ਰਿਕਰਵ ਤੀਰਅੰਦਾਜ਼ੀ ਦੇ ਕੁਆਲੀਫਾਈਂਗ ਮੁਕਾਬਲੇ ਵਿੱਚ ਹਰਿਆਣਾ ਦਾ ਸਚਿਨ ਗੁਪਤਾ ਅਤੇ ਸੰਨੀ ਕੁਮਾਰ ਚੋਟੀ ’ਤੇ ਰਹੇ, ਜਦੋਂਕਿ ਅੰਡਰ-17 ਕੰਪਾਊਂਡ ਵਿੱਚ ਆਂਧਰਾ ਪ੍ਰਦੇਸ਼ ਦਾ ਕੁੰਦਰੂ ਵੈਂਕਟ ਅਤੇ ਰਾਜਸਥਾਨ ਦੀ ਪ੍ਰੀਆ ਗੁਰਜਰ ਮੁੰਡੇ ਅਤੇ ਕੁੜੀਆਂ ’ਚੋਂ ਕ੍ਰਮਵਾਰ ਪਹਿਲੇ ਸਥਾਨ ’ਤੇ ਰਹੇ।
Sports ਖੇਲੋ ਇੰਡੀਆ ਦਾ ਰੰਗਾਰੰਗ ਆਗਾਜ਼