ਮਾਨਸਾ ਨੇੜਲੇ ਪਿੰਡ ਅਤਲਾ ਕਲਾਂ ਵਿਚ ਪਿੰਡ ਦੇ ਅਕਾਲੀ ਦਲ (ਬਾਦਲ) ਦੇ ਸਾਬਕਾ ਸਰਪੰਚ ਗੁਰਚਰਨ ਸਿੰਘ ਵੱਲੋਂ ਮਜ਼ਦੂਰ ਸੁਖਦੀਪ ਸਿੰਘ ਦੀ ਜ਼ਮੀਨ ਉਪਰ ਨਜਾਇਜ਼ ਕਬਜ਼ਾ ਕਰਕੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਉਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਦੋ ਮੋਟਰਾਂ ਦੇ ਕੁਨੈਕਸ਼ਨ ਲਗਵਾਉਣ ਖਿਲਾਫ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਇਨ੍ਹਾਂ ਜਾਅਲੀ ਕੁਨੈਕਸ਼ਨਾਂ ਦੀ ਪੜਤਾਲ ਕਰਵਾਕੇ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ, ਸਗੋਂ ਇਹ ਮੋਟਰਾਂ ਅਕਾਲੀ ਆਗੂ ਦੇ ਖੇਤ ਵਿਚ ਲਗਾਤਾਰ ਚੱਲ ਰਹੀਆਂ ਹਨ। ਜਥੇਬੰਦੀ ਦਾ ਕਹਿਣਾ ਹੈ ਕਿ 5 ਫਰਵਰੀ 2019 ਨੂੰ ਪਾਵਰ ਕਾਰਪੋਰੇਸ਼ਨ ਦੇਐਕਸੀਅਨ ਨੂੰ ਇਸ ਸਬੰਧੀ ਮੰਗ ਪੱਤਰ ਦਿੱਤਾ ਗਿਆ ਸੀ,ਅਜੇ ਤੱਕ ਪੜਤਾਲ ਦਾ ਕਾਰਜ ਢਿੱਲਾ ਚੱਲ ਰਿਹਾ ਹੈ।
ਧਰਨੇ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ ਨੇ ਕਿਹਾ ਕਿ ਸੱਤਾਧਾਰੀ ਲੋਕ ਅਫ਼ਸਰਸ਼ਾਹੀ ਨਾਲ ਮਿਲਕੇ ਗੈਰ-ਕਾਨੂੰਨੀ ਕੰਮ ਕਰ ਰਹੇ ਹਨ ਅਤੇ ਆਮ ਲੋਕਾਂ ਨੂੰ ਕੁਨੈਕਸ਼ਨ ਲੈਣ ‘ਚ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸੇ ਦੌਰਾਨ ਕਾਰਪੋਰੇਸ਼ਨ ਦੇ ਸੁਪਰਡੈਂਟ ਇੰਦਰਜੀਤ ਸਿੰਘ ਵੱਲੋਂ ਧਰਨੇ ’ਚ ਆਕੇ ਵਿਸ਼ਵਾਸ ਦਵਾਇਆ ਗਿਆ ਕਿ ਇਕ ਹਫਤੇ ਦੇ ਅੰਦਰ-ਅੰਦਰ ਪੜਤਾਲ ਪੂਰੀ ਕੀਤੀ ਜਾਵੇਗੀ।
ਬਾਅਦ ਵਿਚ ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਜ਼ਦੂਰ ਦੀ ਜ਼ਮੀਨ ਵਿੱਚ ਲੱਗੇ ਨਜਾਇਜ਼ ਕੁਨੈਕਸ਼ਨ ਨਾ ਕੱਟੇ ਗਏ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸੁਖਦੀਪ ਸਿੰਘ ਅਤਲਾ, ਰੁਲਦੂ ਸਿੰਘ ਨੇ ਵੀ ਸੰਬੋਧਨ ਕੀਤਾ।
ਪਿੰਡ ਦੇ ਸਾਬਕਾ ਅਕਾਲੀ ਸਰਪੰਚ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਕੁਝ ਲੋਕਾਂ ਵੱਲੋਂ ਉਨ੍ਹਾਂ ਨੂੰ ਰਾਜਸੀ ਤੌਰ ’ਤੇ ਬਦਨਾਮ ਕਰਨ ਲਈ ਅਜਿਹੇ ਦੋਸ਼ ਲਾਏ ਜਾ ਰਹੇ ਹਨ, ਜਦੋਂ ਕਿ ਉਹ ਖੁਦ ਜ਼ਮੀਨ ਦੀ ਗਿਣਤੀ-ਮਿਣਤੀ ਕਰਵਾਉਣ ਦੇ ਹੱਕ ਵਿਚ ਹਨ ਅਤੇ ਇਹ ਕੂਨੈਕਸ਼ਨ ਉਨ੍ਹਾਂ ਆਪਣੀ ਜ਼ਮੀਨ ਉਪਰ ਹੀ ਲਵਾਏ ਹੋਏ ਹਨ।
INDIA ਖੇਤ ਦਲਿਤਾਂ ਦੇ, ਮੋਟਰਾਂ ਸਾਬਕਾ ਸਰਪੰਚ ਦੀਆਂ