(ਸਮਾਜ ਵੀਕਲੀ)
ਭਾਰਤ ਵਿਚ ਜਿੰਨੇ ਵੀ ਇਨਕਲਾਬੀ ਕਦਮ ਚੁੱਕੇ ਗਏ ਹਨ ਉਨ੍ਹਾਂ ਵਿੱਚ ਮੋਹਰੀ ਪੰਜਾਬੀ ਹੀ ਹੁੰਦੇ ਹਨ ਜਿਸ ਮੋਰਚੇ ਵਿੱਚ ਪੰਜਾਬੀ ਮੋਹਰੀ ਹੋ ਕੇ ਖੜ੍ਹੇ ਹਨ ਹਮੇਸ਼ਾ ਜਿੱਤ ਪ੍ਰਾਪਤ ਕੀਤੀ ਹੈ ਅੱਜ ਸਾਡੇ ਕਿਸਾਨ ਤੇ ਖੇਤੀ ਵਿਰੋਧੀ ਕਾਨੂੰਨ ਬਣਨ ਲੱਗੇ ਤਾਂ ਕਿਸਾਨ ਤੇ ਮਜ਼ਦੂਰ ਮੋਢੇ ਨਾਲ ਮੋਢਾ ਡਾਹ ਕੇ ਮੋਰਚੇ ਗੱਡੇ ਪਹਿਲਾਂ ਗੱਲ ਕਰੀਏ ਆਪਣੀਆਂ ਮੁੱਖ ਰਾਜਨੀਤਕ ਪਾਰਟੀਆਂ ਸਬੰਧੀ ਜਥੇਦਾਰ ਸੁਖਬੀਰ ਸਿੰਘ ਬਾਦਲ ਜੀ ਲੋਕ ਸਭਾ ਵਿੱਚ ਉਸ ਦਿਨ ਪਤਾ ਨਹੀਂ ਕੀ ਛੱਕ ਕੇ ਆਏ
ਸੰਸਦ ਵਿੱਚ ਮੈਂ ਪਹਿਲੀ ਵਾਰ ਕੜਕਦੇ ਹੋਏ ਅਜਿਹੀ ਉੱਚੀ ਆਵਾਜ਼ ਵਿੱਚ ਬੋਲਦੇ ਸੁਣੇ ਪਹਿਲਾਂ ਬੋਲ ਕੱਢਣ ਤੇ ਹੀ ਲੋਕ ਸਭਾ ਸਪੀਕਰ ਓਮ ਬਿਰਲਾ ਜੀ ਹੱਕੇ ਬੱਕੇ ਵਿਖਾਈ ਦਿੱਤੇ ਸਪੀਕਰ ਸਾਹਬ ਮੈਂ ਕਿਸਾਨ ਹਾਂ ਉਨ੍ਹਾਂ ਦੀ ਹਾਮੀ ਭਰਦੇ ਹੋਏ ਅੱਛਾ ਜੀ ਭਗਵੰਤ ਮਾਨ ਨੇ ਵੀ ਕਿਹਾ ਪਹਿਲਾਂ ਖੇਤੀ ਆਰਡੀਨੈਂਸਾਂ ਬਾਰੇ ਜਥੇਦਾਰ ਸਾਹਿਬ ਤੇ ਉਨ੍ਹਾਂ ਦੇ ਬਾਪੂ ਜੀ ਤੇ ਬੀਬਾ ਹਰਸਿਮਰਤ ਕੌਰ ਬਾਦਲ ਚਿੱਠੀਆਂ ਲੈ ਕੇ ਆਰਡੀਨੈਂਸ ਦੇ ਹੱਕ ਵਿੱਚ ਕਿਵੇਂ ਭੁਗਤਦੇ ਰਹੇ ਹਨ
ਤੁਸੀਂ ਸਭ ਨੇ ਮੀਡੀਆ ਤੇ ਪੜ੍ਹਿਆ ਸੁਣਿਆ ਜ਼ਰੂਰ ਹੋਵੇਗਾ ਆਮ ਆਦਮੀ ਪਾਰਟੀ ਵਿੱਚ ਇੱਕੋ ਹੀ ਭਗਵੰਤ ਮਾਨ ਹੈ ਜੋ ਹਮੇਸ਼ਾਂ ਆਪਣੇ ਵੋਟਰਾਂ ਦੇ ਹੱਕ ਵਿੱਚ ਹੀ ਭੁਗਤਦਾ ਹੈ ਜਥੇਦਾਰ ਸੁਖਬੀਰ ਸਿੰਘ ਬਾਦਲ ਜਦੋਂ ਜ਼ੋਰ ਸ਼ੋਰ ਨਾਲ ਬੋਲ ਰਹੇ ਸੀ ਪਿੱਛੋਂ ਵਿਰੋਧੀਆਂ ਦੀ ਆਵਾਜ਼ ਆ ਰਹੀ ਸੀ ਸਪੀਕਰ ਸਾਹਿਬ ਪਿੱਛੋਂ ਦੀ ਆਵਾਜ਼ ਉਛਾਲਣ ਲਈ ਉਨ੍ਹਾਂ ਨੂੰ ਹੱਲਾ ਸ਼ੇਰੀ ਦੇ ਰਹੇ ਸਨ ਤੇ ਜਥੇਦਾਰ ਸਾਹਿਬ ਨੂੰ ਖੁੱਲ੍ਹੇ ਰੂਪ ਵਿੱਚ ਕਹਿ ਰਹੇ ਸਨ ਤੁਸੀਂ ਬੋਲਦੇ ਜਾਓ ਰਿਕਾਰਡ ਵਿੱਚ ਕੁਝ ਦਰਜ ਨਹੀਂ ਕੀਤਾ ਜਾਵੇਗਾ
ਇਹ ਆਰਡੀਨੈਂਸ ਲਈ ਕਿਹੜਾ ਨਵਾਂ ਕਾਨੂੰਨ ਆ ਗਿਆ ਲੋਕ ਸਭਾ ਵਿੱਚ ਕੋਈ ਛਿੱਕ ਵੀ ਮਾਰੇ ਰਿਕਾਰਡ ਵਿੱਚ ਦਰਜ ਕੀਤੀ ਜਾਂਦੀ ਹੈ ਇਹ ਜੱਥੇਦਾਰ ਸਾਹਿਬ ਨੂੰ ਖਾਸ ਛੋਟ ਕਿਹੜੀ ਗੱਲੋਂ ਸੀ ਪਰਦੇ ਪਿੱਛੇ ਛੁਪਿਆ ਕੋਈ ਕੌੜਾ ਸੱਚ ਹੈ ਆ ਜਾਓ ਪੰਜਾਬ ਵਿੱਚ ਅਮਰਿੰਦਰ ਸਿੰਘ ਜੋ ਕਰੋਨਾ ਤੋਂ ਡਰਦੇ ਮਾਰੇ ਪਤਾ ਨਹੀਂ ਕਿੱਥੇ ਛੁਪੇ ਹੋਏ ਸਨ ਖੁਦ ਜਾ ਕੇ ਗਵਰਨਰ ਸਾਹਿਬ ਨੂੰ ਮੈਮੋਰੰਡਮ ਦੇ ਕੇ ਆਏ ਕਿਸਾਨਾਂ ਨੂੰ ਵੀ ਕਿਹਾ ਅਸੀਂ ਦਿੱਲੀ ਤੁਹਾਡੇ ਨਾਲ ਮੁਜ਼ਾਹਰੇ ਕਰਨ ਲਈ ਜਾਵਾਂਗੇ
ਸੱਜਣੋਂ ਮਿੱਤਰੋ ਬੇਲੀਓ ਭੈਣੋ ਤੇ ਭਰਾਵੋ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹਨ ਕਿਸਾਨ ਮਜ਼ਦੂਰ ਇਕੱਠੇ ਹੋ ਗਏ ਹਨ ਸਾਰਿਆਂ ਨੂੰ ਆਪਣੀ ਕੁਰਸੀ ਹਿਲਦੀ ਨਜ਼ਰ ਆਉਂਦੀ ਹੈ ਇਹ ਹੈ ਸਾਡੇ ਕਿਸਾਨ ਮਜ਼ਦੂਰਾਂ ਦਾ ਮੋਰਚਾ ਜੋ ਪਟਿਆਲਾ ਤੇ ਪਿੰਡ ਬਾਦਲ ਵਿੱਚ ਧੂਮ ਧੜੱਕੇ ਨਾਲ ਲੱਗਿਆ ਹੋਇਆ ਹੈ ਪੰਜਾਬ ਦੀ ਧਰਤੀ ਤੇ ਮੈਂ ਪਹਿਲੀ ਵਾਰ ਸੰਘਰਸ਼ ਦਾ ਤੇਜ਼ ਤਪਸ਼ ਪਹਿਲੀ ਵਾਰ ਵੇਖਿਆ ਹੈ ਰਾਜਨੀਤਕ ਪਾਰਟੀਆਂ ਦੇ ਧੱਕੇ ਚੜ੍ਹ ਕੇ ਸਾਡੇ ਕਿਸਾਨ ਤੇ ਮਜ਼ਦੂਰਾਂ ਅਨੇਕਾਂ ਸੰਗਠਨ ਬਣਾ ਕੇ ਵੱਖ ਵੱਖ ਰੂਪ ਵਿੱਚ ਆਪਣੇ ਝੰਡੇ ਝੁਲਾ ਰਹੇ ਸਨ
ਅੱਜ ਇੱਕ ਜੁੱਟ ਹੋ ਕੇ ਕਿਸਾਨ ਮਜ਼ਦੂਰਾਂ ਨਾਲ ਉਨ੍ਹਾਂ ਦੀਆਂ ਔਰਤਾਂ ਬੱਚੇ ਤੇ ਬਜ਼ੁਰਗ ਮੋਢੇ ਨਾਲ ਮੋਢਾ ਜੋੜ ਕੇ ਮੋਰਚਾ ਫਤਿਹ ਕਰਨ ਲਈ ਆਣ ਜੁੜੇ ਹਨ ਇਸੇ ਤਰ੍ਹਾਂ ਕਿਸਾਨੀ ਵਰਗ ਰਾਜਨੀਤਕ ਪਾਰਟੀਆਂ ਤੇ ਜਥੇਬੰਦੀਆਂ ਦਾ ਰੰਗ ਉਤਾਰ ਕੇ ਜੁੜਿਆ ਰਿਹਾ ਤਾਂ ਇਨਕਲਾਬ ਦੀ ਪੂਰਨ ਰੂਪ ਵਿੱਚ ਜਿੱਤ ਸਾਹਮਣੇ ਕੰਧ ਤੇ ਉੱਕਰੀ ਹੋਈ ਹੈ ਪਟਿਆਲਾ ਮੋਰਚੇ ਵਿੱਚ ਇੱਕ ਬਜ਼ੁਰਗ ਜੋ ਸੱਤਰ ਸਾਲ ਤੋਂ ਵੱਧ ਉਮਰ ਦਾ ਆਪਣੀ ਪੈਨਸ਼ਨ ਵਿੱਚੋਂ ਸੰਭਾਲਿਆ ਇੱਕ ਹਜ਼ਾਰ ਰੁਪਿਆ ਦੇਣ ਲਈ ਮੋਰਚੇ ਦੇ ਮੁਖੀ ਕੋਲ ਪਹੁੰਚਿਆ ਕਹਿੰਦਾ ਮੈਂ ਆਪਣੀ ਦਵਾਈ ਬੂਟੀ ਲਈ ਇਹ ਪੈਸੇ ਜੋੜੇ ਸਨ ਕੋਈ ਗੱਲ ਨੀ ਸਾਡੀ ਖੇਤੀ ਬਹੁਤ ਜ਼ਰੂਰੀ ਹੈ
ਮੈਂ ਇਸ ਸੇਵਾ ਵਿੱਚ ਇਹ ਸੱਚੇ ਦਿਲੋਂ ਹਿੱਸਾ ਪਾਉਣਾ ਚਾਹੁੰਦਾ ਹਾਂ ਕੀ ਸਾਡੇ ਬਜ਼ੁਰਗਾਂ ਨੂੰ ਆਪਣੇ ਬੱਚਿਆਂ ਦਾ ਭਵਿੱਖ ਸਵਾਰਨਾ ਉੱਚੀ ਤੇ ਸਾਰਥਕ ਸੋਚ ਦੀ ਨਿਸ਼ਾਨੀ ਹੈ ਬਠਿੰਡਾ ਵਿੱਚ ਕਿਸਾਨ ਆਗੂ ਮੋਰਚੇ ਲਈ ਰਾਸ਼ਨ ਇਕੱਠਾ ਕਰ ਰਹੇ ਸਨ ਤਾਂ ਇੱਕ ਸਫਾਈ ਕਰਮਚਾਰੀ ਨੇ ਆਪਣੀ ਜੇਬ ਵਿੱਚੋਂ ਦਸ ਰੁਪਏ ਦਾ ਨੋਟ ਕੱਢ ਕੇ ਕਿਸਾਨਾਂ ਨੂੰ ਦਿੰਦੇ ਹੋਏ ਕਿਹਾ ਖੇਤ ਬਚਣਗੇ ਤਾਂ ਪਿੰਡ ਬਚਣਗੇ ਪਿੰਡ ਪੂਰਨ ਰੂਪ ਵਿੱਚ ਵੱਸਦੇ ਰਹਿਣਗੇ ਤਾਂ ਹੀ ਉਨ੍ਹਾਂ ਦਾ ਪਰਿਵਾਰ ਪਲੇਗਾ ਇਹ ਹੈ
ਸਾਡੇ ਆਮ ਮਜ਼ਦੂਰਾਂ ਦੀ ਉੱਚੀ ਸੋਚ ਦੀ ਨਿਸ਼ਾਨੀ ਦਸ ਰੁਪਏ ਰਾਸ਼ਨ ਇਕੱਠਾ ਕਰਨ ਵਾਲੇ ਕਿਸਾਨਾਂ ਨੂੰ ਮੇਲ ਜੋਲ ਦਾ ਇੱਕ ਸੱਚ ਦੱਸ ਗਿਆ ਪਿੰਡ ਬਾਦਲ ਵਿੱਚ ਲੱਗੇ ਮੋਰਚੇ ਤੇ ਇੱਕ ਅੰਗਹੀਣ ਆਪਣੇ ਟਰਾਈ ਸਾਈਕਲ ਤੇ ਆਇਆ ਉਸ ਨੇ ਆਪਣੇ ਸਾਈਕਲ ਦੇ ਡੰਡੇ ਤੇ ਕਿਸਾਨਾਂ ਦੇ ਝੰਡੇ ਲਗਾਏ ਹੋਏ ਸਨ ਤੇ ਦਸ ਰੁਪਏ ਦਾ ਨੋਟ ਪੰਡਾਲ ਵਿੱਚ ਬੈਠੇ ਕਿਸਾਨਾਂ ਨੂੰ ਫੜ੍ਹਾਉਂਦਾ ਹੋਇਆ ਕਹਿਣ ਲੱਗਾ ਮੇਰੇ ਇਹ ਤਿਲ ਫੁੱਲ ਕਬੂਲ ਕਰ ਲਵੋ
ਅਨੇਕਾਂ ਵਕੀਲਾਂ ਨੇ ਵੀ ਮੋਰਚੇ ਤੇ ਬੈਠੇ ਕਿਸਾਨਾਂ ਨੂੰ ਆਪਣੇ ਵੱਲੋਂ ਫਰੀ ਸੇਵਾ ਕਰਨ ਲਈ ਖੁਦ ਆ ਕੇ ਸੱਚੇ ਰੂਪ ਵਿੱਚ ਹਾਮੀ ਭਰੀ ਹੈ ਮੋਰਚਿਆਂ ਵਿੱਚ ਬੀਬੀਆਂ ਭੈਣਾਂ ਤੇ ਬੱਚੇ ਖ਼ੁਦ ਦੁੱਧ ਦੇਣ ਲਈ ਪਹੁੰਚ ਰਹੇ ਹਨ ਸਾਡੀਆਂ ਬੀਬੀਆਂ ਭੈਣਾਂ ਕੇਸਰੀ ਚੁੰਨੀਆਂ ਲੈ ਕੇ ਮੋਰਚਿਆਂ ਵਿੱਚ ਸ਼ਾਮਲ ਹੋ ਰਹੀਆਂ ਹਨ ਸਭ ਮਿਲ ਜੁਲ ਕੇ ਲੰਗਰ ਪਕਾ ਰਹੇ ਹਨ ਤੇ ਵਰਤਾ ਰਹੇ ਹਨ ਪਟਿਆਲਾ ਮੋਰਚੇ ਵਿੱਚ ਇੱਕ ਬਜ਼ੁਰਗ ਨੇ ਕਿਹਾ ਨਿੱਕੇ ਹੁੰਦਿਆਂ ਪਿਓ ਦਾਦਿਆਂ ਨਾਲ ਮਿਲ ਕੇ ਹਲ ਚਲਾਏ ਬੰਜਰ ਭੰਨੇ ਤੇ ਸਾਡੇ ਲਈ ਕੇਂਦਰ ਦੀ ਅੜੀ ਭੰਨਣੀ ਕੋਈ ਔਖੀ ਨਹੀਂ ਸੰਗਠਨਾਂ ਦੇ ਇਸ ਮੇਲ ਜੋਲ ਦੇ ਸਾਹਮਣੇ ਆਰਡੀਨੈਂਸ ਕਦੇ ਵੀ ਨਹੀਂ ਟਿੱਕ ਸਕਣਗੇ
ਸੰਘਰਸ਼ਾਂ ਦਾ ਮੱਘਦਾ ਸੂਰਜ ਪੰਜਾਬ ਵਿੱਚ ਵਿੱਚ ਜਦੋਂ ਵੀ ਚਮਕਿਆ ਹੈ ਹਮੇਸ਼ਾ ਰੌਸ਼ਨੀ ਲੈ ਕੇ ਆਇਆ ਹੈ ਧਾੜਵੀਆਂ ਦੇ ਭਾਰਤ ਉੱਤੇ ਜਿੰਨੇ ਵੀ ਹਮਲੇ ਹੋਏ ਪੰਜਾਬੀ ਹਮੇਸ਼ਾ ਹਿੱਕ ਡਾਹ ਕੇ ਖੜ੍ਹੇ ਸਨ ਬਰਤਾਨੀ ਸਾਮਰਾਜ ਪੰਜਾਬ ਵਿੱਚ ਸਭ ਤੋਂ ਅਖੀਰ ਵਿੱਚ ਪਹੁੰਚ ਸਕਿਆ ਸੀ ਤੇ ਸਭ ਤੋਂ ਪਹਿਲਾਂ ਪੰਜਾਬੀਆਂ ਨੇ ਹੀ ਖਤਮ ਕੀਤਾ ਸੀ ਲਾਲਾ ਲਾਜਪਤਰਾਏ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਤੇ ਉਧਮ ਸਿੰਘ ਜਿਹੇ ਸੂਰਮਿਆਂ ਦੀ ਇਹ ਧਰਤੀ ਹੈ ਹੁਣ ਤਾਂ ਭਾਰਤ ਵਿੱਚ ਲੋਕ ਰਾਜ ਹੈ ਖੇਤਾਂ ਦੇ ਪੁੱਤ ਕਿਸਾਨ ਤੇ ਮਜ਼ਦੂਰ ਜਾਗ ਪਏ ਹਨ
ਖੇਤਾਂ ਵਿੱਚ ਪਸੀਨਾ ਵਹਾਉਣ ਵਾਲਿਆਂ ਨੇ ਅੱਜ ਪੰਜਾਬ ਦੀਆਂ ਸੜਕਾਂ ਨੂੰ ਪਸੀਨੋਂ ਪਸੀਨੀ ਕਰ ਦਿੱਤਾ ਹੈ ਇਹ ਬਹਿੰਦਾ ਪਸੀਨਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਬਕ ਹੋ ਨਿਬੜੇਗਾ ਸ਼ਹੀਦ ਭਗਤ ਸਿੰਘ ਨੇ ਖੇਤਾਂ ਵਿੱਚ ਬੰਦੂਕਾਂ ਬੀਜ ਕੇ ਜੋ ਸਾਨੂੰ ਸਬਕ ਪੜ੍ਹਾਇਆ ਸੀ ਉਸ ਦਾ ਮੁੱਢ ਮੇਲ ਜੋਲ ਸੀ ਜੋ ਅੱਜ ਚੁੱਲ੍ਹੇ ਚੌਂਕੇ ਛੱਡ ਕੇ ਬੀਬੀਆਂ ਵੀ ਪੱਗਾਂ ਬੰਨ੍ਹ ਕੇ ਤੇ ਹੱਥਾਂ ਵਿੱਚ ਡਾਂਗਾਂ ਫੜ ਕੇ ਕਿਸਾਨਾਂ ਨਾਲ ਮਿਲ ਬੈਠੀਆਂ ਹਨ
ਸੰਤ ਰਾਮ ਉਦਾਸੀ ਦੀ ਰੂਹ ਵੀ ਅੱਜ ਕੰਮੀਆਂ ਦੇ ਵਿਹੜੇ ਵਿੱਚ ਮੱਘਦਾ ਹੋਇਆ ਸੂਰਜ ਵੇਖ ਰਹੀ ਹੋਵੇਗੀ ਰਾਜਨੀਤਕ ਪਾਰਟੀਆਂ ਪਿੰਡ ਦੀਆਂ ਪੰਚਾਇਤਾਂ ਦੀਆਂ ਚੋਣਾਂ ਵਿੱਚ ਦਖ਼ਲ ਦੇ ਕੇ ਮਜ਼ਦੂਰਾਂ ਤੇ ਕਿਸਾਨਾਂ ਨੂੰ ਪੱਕੇ ਰੂਪ ਵਿਚ ਤੋੜ ਦਿੱਤਾ ਸੀ ਭਾਰਤ ਸਾਡਾ ਵਿਰਸਾ ਕਿਸਾਨ ਦੇ ਸੀਰੀ ਦਾ ਕਦੇ ਵੀ ਨਹੀਂ ਟੁੱਟ ਸਕਦਾ ਤੋੜਨ ਵਾਲੇ ਹੁਣ ਆਪਣੀ ਕੁਰਸੀ ਦੇ ਫ਼ਿਕਰ ਵਿੱਚ ਹਨ ਕਿ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਿਸ ਤਰੀਕੇ ਨਾਲ ਕੁਰਸੀ ਹਾਸਲ ਕੀਤੀ ਜਾ ਸਕੇ
ਪਿਛਲੇ ਦਹਾਕੇ ਵਿੱਚ ਪੰਜਾਬ ਵਿੱਚ ਕੁਝ ਕਿਸਾਨੀ ਮਸਲਿਆਂ ਤੇ ਧਾਰਮਿਕ ਮਸਲਿਆ ਲਈ ਧਰਨੇ ਲੱਗੇ ਰਾਜਨੀਤਕ ਪਾਰਟੀਆਂ ਨੇ ਧਰਨੇ ਤੋੜਨ ਲਈ ਸਰਕਾਰੀ ਤਾਕਤ ਦੀ ਵਰਤੋਂ ਦੇ ਨਾਲ ਗੁਰੂਆਂ ਦੇ ਸ਼ਸਤਰ ਲੈ ਕੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਘੁੰਮਣ ਲੱਗੇ ਜਿਸ ਨਾਲ ਮੋਰਚਿਆਂ ਨੂੰ ਬਹੁਤ ਵੱਡੀ ਢਾਹ ਲੱਗੀ ਪਰ ਹੁਣ ਕਿਸਾਨ ਤੇ ਸੀਰੀ ਦੀ ਜੱਫੀ ਨੂੰ ਤੋੜਨ ਵਾਲਾ ਨੇਤਾ ਜਾਂ ਬਦਮਾਸ਼ ਮੂਧੇ ਮੂੰਹ ਹੀ ਗਿਰਨਗੇ ਇਹ ਸਭ ਨੂੰ ਜਾਣਕਾਰੀ ਹੈ ਏਕੇ ਵਿੱਚ ਬਰਕਤ ਹੁੰਦੀ ਹੈ ਇਹ ਪ੍ਰਤੱਖ ਹੋ ਗਿਆ ਹੈ
ਭਾਂਤ ਭਾਂਤ ਦੇ ਬੈਨਰਾਂ ਹੇਠ ਬਣੀਆਂ ਦਰਜਨਾਂ ਕਿਸਾਨ ਤੇ ਮਜ਼ਦੂਰ ਯੂਨੀਅਨਾਂ ਜਿਨ੍ਹਾਂ ਨੇ ਤਾਕਤ ਵੰਡੀ ਹੋਈ ਸੀ ਅੱਜ ਇੱਕ ਮੁੱਠ ਹੋ ਕੇ ਕਿਸਾਨ ਤੇ ਮਜ਼ਦੂਰ ਦੇ ਹੱਕਾਂ ਲਈ ਇੱਕ ਝੰਡੇ ਥੱਲੇ ਖੜ੍ਹੇ ਹੋ ਗਏ ਹਨ ਅੱਡ ਅੱਡ ਵਾਲੇ ਚੁੱਲ੍ਹਿਆਂ ਨੂੰ ਬੰਦ ਕਰਕੇ ਇਕੱਠੇ ਇੱਕ ਭੱਠੀ ਭਖ਼ਾ ਲਈ ਤੇ ਅੱਜ ਇਸ ਭੱਠੀ ਦਾ ਸੇਕ ਸਰਕਾਰਾਂ ਤੇ ਰਾਜਨੀਤਿਕ ਪਾਰਟੀਆਂ ਨੂੰ ਚੰਗੀ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਲੋਕਾਂ ਦਾ ਵਧ ਰਿਹਾ ਇਕੱਠ ਵੇਖ ਕੇ ਕੇਂਦਰੀ ਖੇਤੀ ਮੰਤਰੀ ਸੰਸਦ ਵਿੱਚ ਸਫਾਈਆਂ ਦੇ ਰਿਹਾ ਹੈ ਇਹ ਕਨੂੰਨ ਕਿਸਾਨਾਂ ਦੇ ਭਲੇ ਲਈ ਬਣਾਏ ਜਾ ਰਹੇ ਹਨ ਅਜਿਹਾ ਕੁਝ ਸਿਰਫ ਮੀਡੀਆ ਤੱਕ ਹੀ ਰਹਿ ਗਿਆ ਹੈ
ਜਿਸ ਤੋਂ ਸਾਡੇ ਲੋਕ ਭਲੀ ਭਾਂਤੀ ਜਾਣੂ ਹਨ ਕਿ ਅਜੋਕਾ ਮੀਡੀਆ ਵਿਕਾਊ ਹੈ, ਪ੍ਰਸਾਰ ਭਾਰਤੀ ਜੋ ਪੂਰਨ ਰੂਪ ਵਿੱਚ ਕੇਂਦਰ ਸਰਕਾਰ ਦੇ ਹੱਕ ਵਿੱਚ ਭੁਗਤ ਰਹੀ ਸਾਡੇ ਪ੍ਰਧਾਨ ਮੰਤਰੀ ਜੀ ਕਰੋਨਾ ਮਹਾਂਮਾਰੀ ਬੇਰੁਜ਼ਗਾਰੀ ਤੇ ਭੁੱਖਮਰੀ ਨੂੰ ਭੁੱਲ ਭੁਲਾ ਕੇ ਆਪਣੇ ਮਨ ਕੀ ਬਾਤ ਵਿੱਚ ਸਾਡੇ ਨੌਜਵਾਨਾਂ ਨੂੰ ਖਿਡਾਉਣੇ ਬਣਾਉਣ ਦੀ ਤਾਲੀਮ ਦੇ ਰਹੇ ਹਨ ਭਾਰਤ ਦੀ ਜਨਤਾ ਦਾ ਅਚਾਨਕ ਸਰਕਾਰ ਨੂੰ ਦੱਸਿਆ ਸੱਚ ਹੈ ਕਿ ਮੋਦੀ ਜੀ ਮਨ ਕੀ ਬਾਤ ਜੋ ਅੰਗੂਠੇ ਖੜ੍ਹੇ ਕਰਵਾਉਂਦੀ ਸੀ
ਇਸ ਵਾਰ ਅੰਗੂਠੇ ਥੱਲੇ ਕਰ ਗਈ ਕੀ ਮੋਦੀ ਜੀ ਲੋਕਾਂ ਦੀਆਂ ਗੱਲਾਂ ਨਹੀਂ ਕਰਨਗੇ ? ਇਹ ਪੱਕਾ ਸੱਚ ਹੈ ਮਜ਼ਦੂਰਾਂ ਤੇ ਕਿਸਾਨਾਂ ਦੀ ਜਿੱਤ ਸਰਕਾਰਾਂ ਨੂੰ ਆਪਣੇ ਬੋਲ ਬੋਲਣ ਲਾ ਦੇਵੇਗੀ ਸਾਡੇ ਕਲਾਕਾਰ ਗੀਤਕਾਰ ਤੇ ਗਾਇਕ ਵੀ ਲੋਕਾਂ ਤੇ ਮਜ਼ਦੂਰਾਂ ਦੇ ਹੱਕ ਵਿੱਚ ਆ ਕੇ ਖੜ੍ਹੇ ਹੋ ਗਏ ਹਨ ਕਲਮ ਤਾਂ ਫਿਰ ਤਲਵਾਰ ਤੋਂ ਤਿੱਖੀ ਹੁੰਦੀ ਹੈ ਜੋ ਕਿਸਾਨਾਂ ਨੂੰ ਬੰਦੂਕਾਂ ਅਤੇ ਪਿਸਤੌਲ ਫੜਾਉਂਦੀ ਸੀ ਅੱਜ ਝੰਡੇ ਤੇ ਡਾਂਗਾਂ ਫੜ੍ਹਾਏਗੀ ਕਲਾਕਾਰਾਂ ਨੂੰ ਪਤਾ ਹੈ ਕਿ ਸਾਡੀ ਕਲਾਕਾਰੀ ਸਰੋਤਿਆਂ ਦੇ ਸਿਰ ਤੇ ਹੁੰਦੀ ਹੈ
ਜੇ ਉਹ ਅੱਜ ਮੋਰਚੇ ਲਗਾ ਕੇ ਬੈਠੇ ਹਨ ਤਾਂ ਸਾਨੂੰ ਵੀ ਉਨ੍ਹਾਂ ਵਿੱਚ ਜਾ ਕੇ ਪ੍ਰੋਗਰਾਮ ਪੇਸ਼ ਕਰਨੇ ਚਾਹੀਦੇ ਹਨ ਸਾਡੇ ਗੀਤਕਾਰ ਗਾਇਕ ਜਦੋਂ ਵੀ ਅਸੀਂ ਵਿਰੋਧੀ ਦੇਸਾਂ ਨਾਲ ਜੰਗਾਂ ਲੜੀਆਂ ਹਨ ਤਾਂ ਸਾਡੀ ਸੈਨਾ ਦੇ ਹੱਕ ਵਿੱਚ ਗੀਤ ਗਾਏ ਤੇ ਕਲਾਕਾਰੀ ਕੀਤੀ ਫਿਰ ਕਿਸਾਨ ਤੇ ਮਜ਼ਦੂਰ ਤਾਂ ਸਾਡੀ ਰੋਟੀ ਹਨ ਇਨ੍ਹਾਂ ਦਾ ਸਾਥ ਕਿਉਂ ਨਹੀਂ ਦੇਣਗੇ ?
ਰਾਜਨੀਤਕ ਪਾਰਟੀਆਂ ਨੂੰ ਵੀ ਆਪਣੇ ਸਟੈਂਡ ਸਪੱਸ਼ਟ ਕਰਨੇ ਪੈਣਗੇ ਅੱਜ ਆਪਣੀਆਂ ਕੁਰਸੀਆਂ ਵੱਲ ਵੇਖਣ ਲੱਗੇ ਤਾਂ ਹਮੇਸ਼ਾ ਲਈ ਕੁਰਸੀਆਂ ਤੋਂ ਵਾਂਝੇ ਰਹਿ ਜਾਣਗੇ ਇਹ ਸਭ ਨੂੰ ਗਿਆਨ ਹੋ ਚੁੱਕਿਆ ਹੈ ਸਾਡੇ ਗਾਇਕ ਤੇ ਗੀਤਕਾਰ ਜੋ ਜੱਟਾਂ ਦੇ ਫੁੱਕਰੇਪਣ ਦੇ ਬੰਬੀਹੇ ਬੁਲਾਉਣ ਵਾਲੇ ਕੀ ਹੁਣ ਕਿਸਾਨਾਂ ਮਜ਼ਦੂਰਾਂ ਅਤੇ ਔਰਤਾਂ ਦੇ ਹੱਕਾਂ ਤੇ ਹੌਸਲਿਆਂ ਦਾ ਗੀਤ ਨਹੀਂ ਬਣਾਉਣਗੇ ਕਿਸਾਨ ਤੇ ਮਜ਼ਦੂਰ ਯਾਦ ਕਰੋ ਆਪਣਾ ਕਿਸਾਨੀ ਤੇ ਸੀਰੀ ਵਾਲਾ ਰਿਸ਼ਤਾ ਭੁੱਲ ਜਾਓ ਅਲੱਗ ਅਲੱਗ ਬਣਾਏ ਹੋਏ ਸੰਗਠਨ ਤੇ ਰਾਜਨੀਤਕ ਪਾਰਟੀਆਂ ਦੀ ਪਾਈ ਹੋਈ ਬੁਰਕੀ ਕੋਈ ਵੀ ਰਾਜਨੀਤਕ ਪਾਰਟੀ ਦਾ ਬੰਦਾ ਤੁਹਾਡੇ ਇਕੱਠਾਂ ਵਿੱਚ ਸ਼ਾਮਲ ਹੋਣ ਆਵੇ
ਉਸ ਨੂੰ ਧੱਕੇ ਮਾਰ ਕੇ ਕੱਢੋ ਉਸ ਨੂੰ ਪਤਾ ਲੱਗ ਜਾਵੇ ਕਿ ਸਾਡਾ ਭਵਿੱਖ ਧੁੰਦਲਾ ਹੈ ਮੁੱਕਦੀ ਗੱਲ – ਕਿਸਾਨ ਤੇ ਮਜ਼ਦੂਰ ਇਸ ਵਾਰ ਝੋਨਾ ਲਗਾਉਣ ਵੇਲੇ ਬਿਹਾਰੀ ਤੇ ਯੂਪੀ ਤੋਂ ਮਜ਼ਦੂਰ ਨਹੀਂ ਆਏ ਸਨ ਤੁਸੀਂ ਆਪਣੇ ਪਿੰਡਾਂ ਵਿੱਚ ਥੋੜਾ ਬਹੁਤ ਰੌਲਾ ਰੱਪਾ ਕਰਕੇ ਮਿਲ ਜੁਲ ਕੇ ਜੀਰੀ ਦੀ ਫ਼ਸਲ ਨੂੰ ਨੇਪਰੇ ਚਾੜ੍ਹ ਲਿਆ ਕਰੋਨਾ ਨੇ ਤੁਹਾਨੂੰ ਮਿਲ ਜੁਲ ਕੇ ਬੈਠਣ ਦਾ ਇਹ ਇੱਕ ਸਬਕ ਪੜ੍ਹਾਇਆ ਸੀ ਹੁਣ ਧਰਮ ਜਾਤਾਂ ਤੇ ਰਾਜਨੀਤਕ ਪਾਰਟੀਆਂ ਨੂੰ ਭੁੱਲ ਜਾਵੋ ਸਿਰਫ ਤਿੰਨ ਦਹਾਕੇ ਪਿੱਛੇ ਜਾ ਕੇ ਆਪਣੇ ਇਤਿਹਾਸ ਨੂੰ ਪੜ੍ਹੋ ਕੀ ਹੁੰਦਾ ਸੀ
ਕਿਸਾਨ ਦੇ ਸੀਰੀ ਜੇ ਤੁਸੀਂ ਇਹ ਪਰਿਭਾਸ਼ਾ ਚੰਗੀ ਤਰ੍ਹਾਂ ਪੜ੍ਹ ਲਈ ਤਾਂ ਯਾਦ ਰੱਖੋ ਲੋਕ ਰਾਜ ਹੈ ਸਰਕਾਰਾਂ ਤੁਹਾਡਾ ਪਾਣੀ ਭਰਨਗੀਆਂ ਜੇ ਅੱਜ ਮਿਲ ਕੇ ਨਾ ਬੈਠੇ ਤਾਂ ਸਾਡੇ ਚੁੱਲੇ ਹਮੇਸ਼ਾ ਲਈ ਠੰਡੇ ਹੋ ਜਾਣਗੇ ਕਿਸਾਨਾਂ ਦੇ ਮੋਰਚੇ ਵਿੱਚ ਮਿਲ ਬੈਠੇ ਸਾਰੇ ਲੋਕਾਂ ਨੇ ਇਹ ਸਬਕ ਪੜ੍ਹ ਲਿਆ ਹੈ ਕਿ ਰਾਜਨੀਤਕ ਪਾਰਟੀਆਂ ਤੇ ਮੀਡੀਆ ਸਾਨੂੰ ਤੋੜ ਰਿਹਾ ਹੈ ਆਪਣਾ ਭਵਿੱਖ ਸਵਾਰਨ ਲਈ ਸਾਨੂੰ ਮਿਲ ਕੇ ਬੈਠਣਾ ਪਵੇਗਾ ਇਹ ਸੱਚ ਸਭ ਦਿਲਾਂ ਵਿੱਚ ਘਰ ਕਰ ਚੁੱਕਿਆ ਹੈ ਤੇ ਕਿਸਾਨਾਂ ਦੇ ਮੋਰਚੇ ਦੀ ਜਿੱਤ ਸਾਫ਼ ਕੰਧ ਤੇ ਲਿਖੀ ਹੋਈ ਵਿਖਾਈ ਦੇ ਰਹੀ ਹੈ ਜੈ ਜਵਾਨ ਜੈ ਕਿਸਾਨ ਜੈ ਕਿਸਾਨ ਤੇ ਮਜ਼ਦੂਰ ਤੇ ਜੈ ਸੰਘਰਸ਼ ਆਮੀਨ
– ਰਮੇਸ਼ਵਰ ਸਿੰਘ
ਸੰਪਰਕ ਨੰਬਰ 9914880392