ਮਾਨਸਾ (ਸਮਾਜ ਵੀਕਲੀ) :ਖੇਤੀ ਬਿਲਾਂ ਵਿਰੁੱਧ ਪੰਜਾਬ ਵਿੱਚ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ 24 ਤੋਂ 26 ਸਤੰਬਰ ਵਿਚਕਾਰ ਰੇਲਾਂ ਰੋਕਣ ਲਈ ਸ਼ੁਰੂ ਕੀਤੇ ਸੰਘਰਸ਼ ਦੇ ਪਹਿਲੇ ਦਿਨ ਅੱਜ ਦਿੱਲੀ ਨੂੰ ਜਾਂਦੇ ਸਾਰੇ ਟਰੈਕ ਰੋਕ ਲਏ ਹਨ। ਮਾਨਸਾ ਜ਼ਿਲ੍ਹੇ ਵਿਚ ਮਾਨਸਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਦਿੱਲੀ- ਫਿਰੋਜ਼ਪੁਰ ਰੇਲਵੇ ਲਾਈਨ ਉਪਰ ਇਹ ਧਰਨਾ ਆਰੰਭ ਕਰ ਦਿੱਤਾ ਗਿਆ ਹੈ, ਜਿਸ ਤਹਿਤ ਕਿਸਾਨਾਂ ਨੇ ਰੇਲ ਪਟੜੀਆਂ ਉਪਰ ਬੈਠਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਹੈ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਅਗਲੇ ਤਿੰਨ ਦਿਨਾਂ 26 ਸਤੰਬਰ ਤੱਕ ਕਿਸੇ ਵੀ ਰੇਲ ਗੱਡੀ ਨੂੰ ਨਹੀਂ ਲੰਘਣ ਦਿੱਤਾ ਜਾਵੇਗਾ। ਰੇਲਵੇ ਵਿਭਾਗ ਵਲੋਂ ਮਾਨਸਾ ਵਿਖੇ ਲੱਗੇ ਧਰਨੇ ਦੀ ਜਾਣਕਾਰੀ ਉਪਰ ਭੇਜਕੇ ਮਾਲ ਗੱਡੀਆਂ ਦੀ ਆਵਾਜਾਈ ਰੋਕਣ ਲਈ ਕਿਹਾ ਗਿਆ ਹੈ, ਜਦੋਂ ਕਿ ਯਾਤਰੀਆਂ ਵਾਲੀਆਂ ਗੱਡੀਆਂ ਪਹਿਲਾਂ ਹੀ ਪੰਜਾਬ ਵਿੱਚ ਬੰਦ ਕਰ ਦਿੱਤੀਆਂ ਗਈਆਂ ਹਨ। ਰੇਲ ਲਾਈਨਾਂ ਉਪਰ ਦਿੱਤੇ ਧਰਨੇ ਲਈ ਵਿਆਪਕ ਪੁਲੀਸ ਪ੍ਰਬੰਧ ਕੀਤੇ ਗਏ ਹਨ। ਮਾਨਸਾ ਵਿਖੇ ਡੀਐੱਸਪੀ ਹਰਵਿੰਦਰ ਸਿੰਘ ਗਿੱਲ ਖ਼ੁਦ ਨਿਗਰਾਨੀ ਕਰ ਰਹੇ ਹਨ।