ਲੰਬੀ, (ਸਮਾਜ ਵੀਕਲੀ) : 24 ਤੋਂ 26 ਸਤੰਬਰ ਤੱਕ ਖੇਤੀ ਬਿੱਲਾਂ ਖ਼ਿਲਾਫ਼ ਜਥੇਬੰਦਕ ਸੰਘਰਸ਼ ਦੇ ਸੂਬਾ ਪੱਧਰੀ ਤਿੱਖੇ ਫੈਲਾਅ ਲਈ ਭਾਕਿਯੂ (ਏਕਤਾ ਉਗਰਾਹਾਂ) ਨੇ ਬਾਦਲਾਂ ਦੇ ਘਰ ਮੂਹਰੋਂ ਕਿਸਾਨ ਮੋਰਚਾ ਅੱਜ ਅੱਠਵੇਂ ਸਮੇਟ ਦਿੱਤਾ। ਮੋਰਚੇ ਦੀ ਸਮਾਪਤੀ ਜਥੇਬੰਦੀ ਨੇ ਪੰਜਾਬ ਬੰਦ ’ਚ ਸ਼ਹਿਰੀ ਲੋਕਾਂ ਨੂੰ ਹਿੱਸਾ ਬਣਨ ਲਈ ਪ੍ਰੇਰਿਤ ਕਰਨ ਲਈ 24 ਸਤੰਬਰ ਨੂੰ ਰੇਲਾਂ ਜਾਮ ਕਰਨ ਦੇ ਨਾਲ-ਨਾਲ ਸ਼ਹਿਰਾਂ ਤੇ ਕਸਬਿਆਂ ’ਚ ਵਿਸ਼ਾਲ ਮੁਜ਼ਾਹਰਿਆਂ ਦਾ ਐਲਾਨ ਕੀਤਾ ਹੈ।
ਯੂਨੀਅਨ ਦੀ ਕਾਰਜਕਾਰੀ ਸੂਬਾ ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਹਜ਼ਾਰ ਹਜ਼ਾਰਾਂ ਲੋਕਾਂ ਨੂੰ ਰੇਲਾਂ ਜਾਮ ਕਰਨ ’ਤੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਦਿਨ-ਰਾਤ ਇੱਕ ਕਰਨ ਦੀ ਅਪੀਲ ਕੀਤੀ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਮਜ਼ਦੂਰਾਂ ਦੀਆਂ ਪੰਜ ਜਥੇਬੰਦੀਆਂ ’ਤੇ ਆਧਾਰਿਤ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦੀ ਹਮਾਇਤ ’ਚ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜ ਕੇ ਮਜ਼ਦੂਰਾਂ ਵੱਲੋਂ ਹਿੱਸਾ ਪਾਉਣ ਦਾ ਐਲਾਨ ਕੀਤਾ।
ਮਹਿਲਾ ਕਿਸਾਨ ਆਗੂ ਪਰਮਜੀਤ ਕੌਰ ਪਿੱਥੋ ਨੇ ਨੌਜਵਾਨਾਂ ਨੂੰ 28 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਸਮਾਗਮ ਕਰਕੇ 28 ਸਤੰਬਰ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਦੀ ਅਪੀਲ ਕੀਤੀ। ਧਰਨੇ ਨੂੰ ਮਹਿਲਾ ਕਿਸਾਨ ਆਗੂ ਹਰਪ੍ਰੀਤ ਕੌਰ ਜੇਠੂਕੇ ਤੋਂ ਇਲਾਵਾ ਮਾਲਣ ਕੌਰ ਕੋਠਾਗੁਰੂ, ਬਸੰਤ ਸਿੰਘ ਕੋਠਾਗੂਰੁ, ਕੁਲਵੰਤ ਰਾਏ, ਗੁਰਭਗਤ ਸਿੰਘ ਭਲਾਈਆਣਾ, ਰਾਮ ਸਿੰਘ ਭੈਣੀਬਾਘਾ, ਅਮਰਜੀਤ ਸਿੰਘ ਸੈਦੋਕੇ, ਭਾਗ ਸਿੰਘ ਮਰਖਾਈ, ਜੋਗਿੰਦਰ ਸਿੰਘ ਦਿਆਲਪੁਰਾ, ਪੂਰਨ ਸਿੰਘ ਦੋਦਾ, ਚਮਕੌਰ ਸਿੰਘ ਨੈਣੇਵਾਲਾ, ਬਲੌਰ ਸਿੰਘ ਛੰਨਾ, ਗੁਰਬਿੰਦਰ ਸਿੰਘ ਜ਼ਿਲਾ ਪ੍ਰਧਾਨ ਫਾਜਿਲਕਾ, ਹਰਪ੍ਰੀਤ ਸਿੰਘ ਦਲ ਜ਼ਿਲਾ ਫਰੀਦਕੋਟ, ਰਾਮ ਸਿੰਘ ਕੋਟਗੁਰੂ, ਰਾਜਵਿੰਦਰ ਸਿੰਘ ਰਾਜੂ ਰਾਮਨਗਰ, ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ, ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਅਮੀਤੋਜ ਸਿੰਘ ਮੋੜ, ਗੀਤਕਾਰ ਅਜਮੇਰ ਸਿੰਘ ਅਕਲੀਆ, ਨਿਰਮਲ ਸਿੰਘ ਸਿਵੀਆ, ਅੰਮ੍ਰਿਤਪਾਲ ਬਠਿੰਡਾ ਨੇ ਸੰਬੋਧਨ ਕੀਤਾ।