ਚੰਡੀਗੜ੍ਹ (ਸਮਾਜ ਵੀਕਲੀ) : ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਮੁੱਖ ਬੁਲਾਰੇ ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਅੱਜ ਕਿਹਾ ਕਿ ਜਦੋਂ ਤੱਕ ਤਿੰਨ ਖੇਤੀ ਕਾਨੂੰਨਾਂ ’ਤੇ ਲੀਕ ਮਾਰਨ, ਐੱਮਐੱਸਪੀ ’ਤੇ ਫ਼ਸਲਾਂ ਦੀ ਖਰੀਦ ਦੀ ਕਾਨੂੰਨੀ ਗਾਰੰਟੀ, ਕਿਸਾਨ ਆਗੂਆਂ ਖ਼ਿਲਾਫ਼ ਦਰਜ ਕੇਸ ਰੱਦ ਕਰਨ ਤੇ ਜੇਲ੍ਹਾਂ ’ਚ ਬੰਦ ਕਿਸਾਨਾਂ ਤੇ ਹੋਰਨਾਂ ਦੀ ਰਿਹਾਈ ਸਮੇਤ ਹੋਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਕਿਸਾਨ ਉਦੋਂ ਤੱਕ ਘਰਾਂ ਨੂੰ ਨਹੀਂ ਪਰਤਣਗੇ।
ਬੀਕੇਯੂ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੇ ਰਾਹ ਪਈ ਹੋਈ ਹੈ ਤੇ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਮੌਕੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਹਿੰਸਾ ਉਸੇ ਕੜੀ ਦਾ ਹਿੱਸਾ ਸੀ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ. ਦਰਸ਼ਨ ਪਾਲ ਨੇ ਕਿਹਾ ਕਿ ਕਿਸਾਨਾਂ ਨੂੰ ਨਿਰਾਸ਼ ਕਰਨ ਵਾਲੀ ਹਰਿਆਣਾ ਦੀ ਖੱਟਰ ਸਰਕਾਰ ਨੂੰ ਨੈਤਿਕ ਤੌਰ ’ਤੇ ਸੱਤਾ ਵਿੱਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।
ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਇਹ ਤਿੰਨੇ ਆਗੂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ’ਤੇ ਜਬਰੀ ਥੋਪੇ ਜਾ ਰਹੇ ਤਿੰਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚਰਖੀ ਦਾਦਰੀ ’ਚ ਕਿੱਟਲਾਣਾ ਟੌਲ ਪਲਾਜ਼ਾ ’ਤੇ ਜੁੜੀ ਮਹਾਪੰਚਾਇਤ ਨੂੰ ਸੰਬੋਧਨ ਕਰ ਰਹੇ ਸਨ। ਮਹਾਪੰਚਾਇਤ ਸਾਂਗਵਾਨ ਖਾਪ ਅਤੇ ਵਿਧਾਨ ਸਭਾ ਹਲਕਾ ਚਰਖੀ ਦਾਦਰੀ ਤੋਂ ਵਿਧਾਇਕ ਸੋਮਵੀਰ ਸਾਂਗਵਾਨ ਵੱਲੋਂ ਵਿਉਂਤੀ ਗਈ ਸੀ। ਮਹਾਪੰਚਾਇਤ ਵਿੱਚ ਸਰਬਸੰਮਤੀ ਨਾਲ ਪੰਜ ਮਤੇ ਵੀ ਪਾਸ ਕੀਤੇ ਗਏ। 3 ਫਰਵਰੀ ਨੂੰ ਜੀਂਦ ਵਿੱਚ ਹੋਈ ਖਾਪ ਮਹਾਪੰਚਾਇਤ ਤੋਂ ਸਬਕ ਲੈਂਦਿਆਂ ਐਤਕੀਂ ਇੱਟਾਂ ਦੀ ਸਟੇਜ ਤਿਆਰ ਕੀਤੀ ਗਈ ਸੀ।