ਚੰਡੀਗੜ੍ਹ (ਸਮਾਜ ਵੀਕਲੀ): ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦਾ ਕੌਮੀ ਪੱਧਰ ਦਾ ਖਾਕਾ ਅੱਜ ਤਿਆਰ ਕੀਤਾ ਗਿਆ ਹੈ ਜਿਸ ਨੂੰ ਭਲਕੇ 250 ਕਿਸਾਨ ਧਿਰਾਂ ਦੇ ਅੱਗੇ ਰੱਖਿਆ ਜਾਣਾ ਹੈ। ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਵਰਕਿੰਗ ਗਰੁੱਪ ਦੀ ਅੱਜ ਦਿੱਲੀ ਵਿਚ ਕਨਵੀਨਰ ਬੀ.ਐਮ. ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਵਰਕਿੰਗ ਗਰੁੱਪ ਮੀਟਿੰਗ ’ਚ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਨੂੰ ਲੈ ਕੇ ਦੇਸ਼ ਭਰ ਵਿਚ ਕਿਸਾਨ ਲਹਿਰ ਖੜ੍ਹੀ ਕਰਨ ਦੀ ਰੂਪ-ਰੇਖਾ ਬਣਾਈ ਗਈ ਹੈ।
ਵੇਰਵਿਆਂ ਅਨੁਸਾਰ ਵਰਕਿੰਗ ਗਰੁੱਪ ਵਿਚ 16 ਸੂਬਿਆਂ ਤੋਂ ਕਿਸਾਨ ਪ੍ਰਤੀਨਿਧਾਂ ਨੇ ਸ਼ਮੂਲੀਅਤ ਕੀਤੀ ਹੈ। ਕੇਂਦਰ ਸਰਕਾਰ ਅੱਗੇ ਮਜ਼ਬੂਤ ਕਿਸਾਨ ਸੰਘਰਸ਼ ਖੜ੍ਹਾ ਕਰਨ ਲਈ ‘ਪੰਜਾਬ ਫਾਰਮੂਲੇ’ ਨੂੰ ਕੌਮੀ ਪੱਧਰ ’ਤੇ ਲਿਜਾਣ ਬਾਰੇ ਵੀ ਚਰਚਾ ਹੋਈ ਹੈ। ਇਸ ਮੌਕੇ ਕੌਮੀ ਪੱਧਰ ਦੀ ਕਿਸਾਨ ਲਹਿਰ ਬਣਾ ਕੇ ਸੰਘਰਸ਼ ਜਿੱਤਣ ਬਾਰੇ ਗੱਲ ਕੀਤੀ ਗਈ ਹੈ। ਕੁਝ ਕਿਸਾਨ ਧਿਰਾਂ ਵੱਲੋਂ ਅੱਜ ਸੁਝਾਅ ਆਏ ਕਿ ਭਾਜਪਾ ਦੇ ਕੌਮੀ ਆਗੂਆਂ ਦੀ ਘੇਰਾਬੰਦੀ ਸ਼ੁਰੂ ਕੀਤਾ ਜਾਵੇ ਤਾਂ ਜੋ ਕੇਂਦਰ ’ਤੇ ਦਬਾਅ ਬਣ ਸਕੇ।
ਵਰਕਿੰਗ ਗਰੁੱਪ ਦੇ ਮੈਂਬਰ ਜਗਮੋਹਣ ਸਿੰਘ ਪਟਿਆਲਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਵਿਚ ਮਾਲ ਗੱਡੀਆਂ ਰੋਕੇ ਜਾਣ ਦਾ ਸਖ਼ਤ ਨੋਟਿਸ ਲੈਂਦੇ ਹੋਏ ਮਤਾ ਪਾਸ ਕੀਤਾ ਗਿਆ ਹੈ ਜਿਸ ਵਿਚ ਕੇਂਦਰ ਨੂੰ ਚੁਣੌਤੀ ਦਿੱਤੀ ਗਈ ਹੈ। ਮਤੇ ਵਿਚ ਕਿਹਾ ਗਿਆ ਕਿ ਕੇਂਦਰ ਸਰਕਾਰ ਨੇ ਬੁਖਲਾਹਟ ਵਿਚ ਇਹ ਫ਼ੈਸਲਾ ਲਿਆ ਹੈ ਅਤੇ ਬਿਨਾਂ ਕਿਸੇ ਵਾਜਬ ਕਾਰਨ ਤੋਂ ਕੇਂਦਰ ਸਰਕਾਰ ਪੰਜਾਬ ’ਚ ਕਿਸਾਨ ਅੰਦੋਲਨ ਨੂੰ ਲੀਹ ਤੋਂ ਲਾਹੁਣਾ ਚਾਹੁੰਦੀ ਹੈ।
ਇਸ ਫੈਸਲੇ ਨਾਲ ਕਿਸਾਨੀ ਸੰਘਰਸ਼ ਹੋਰ ਤਿੱਖਾ ਹੋਵੇਗਾ। ਵਰਕਿੰਗ ਗਰੁੱਪ ਨੇ ਕਿਸਾਨ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੇਂਦਰ ਦੇ ਮਨਸੂਬੇ ਸਫ਼ਲ ਨਾ ਹੋਣ ਦੇਣ ਅਤੇ ਕਿਸੇ ਭੜਕਾਹਟ ਵਿਚ ਨਾ ਆਉਣ। ਆਗੂਆਂ ਦਾ ਕਹਿਣਾ ਹੈ ਕਿ ਜਦੋਂ ਰੇਲ ਮਾਰਗ ਖੋਲ੍ਹ ਦਿੱਤੇ ਗਏ ਹਨ ਤਾਂ ਮਾਲ ਗੱਡੀਆਂ ਰੋਕੇ ਜਾਣ ਦੀ ਕੀ ਤੁੱਕ ਹੈ।
ਗਰੁੱਪ ਦੇ ਮੈਂਬਰ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ ਇਹ ਮਹਿਸੂਸ ਕੀਤਾ ਗਿਆ ਕਿ ਸਮੁੱਚੇ ਭਾਰਤ ’ਚ ਕਿਸਾਨ ਲਹਿਰ ਖੜ੍ਹੀ ਕੀਤੀ ਜਾਵੇ ਤਾਂ ਹੀ ਖੇਤੀ ਕਾਨੂੰਨਾਂ ਨੂੰ ਮੋੜਾ ਦਿੱਤਾ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਖਾਕੇ ਵਿਚ ਤਿੰਨ ਏਜੰਡੇ ਰੱਖੇ ਗਏ ਹਨ। ਵਰਕਿੰਗ ਗਰੁੱਪ ਦਾ ਕਹਿਣਾ ਹੈ ਕਿ ਕੇਂਦਰੀ ਹੱਲਾ ਤੀਹਰੇ ਕਤਲ ਵਾਂਗ ਹੈ ਜਿਸ ਵਿਚ ਖੇਤੀ ਕਾਨੂੰਨਾਂ ਤੋਂ ਇਲਾਵਾ ਸੰਘੀ ਢਾਂਚੇ ਨੂੰ ਸੱਟ ਮਾਰੀ ਗਈ ਹੈ ਅਤੇ ਜਨਤਕ ਵੰਡ ਪ੍ਰਣਾਲੀ ’ਤੇ ਵੀ ਤਲਵਾਰ ਲਟਕਾ ਦਿੱਤੀ ਗਈ ਹੈ।
ਸਹਿਮਤੀ ਬਣੀ ਕਿ ਤਿੰਨਾਂ ਮੁੱਦਿਆਂ ਨੂੰ ਕੌਮੀ ਖਾਕੇ ਵਿਚ ਸ਼ਾਮਲ ਕੀਤਾ ਜਾਵੇ ਤਾਂ ਜੋ ਕਿਸਾਨੀ ਦੇ ਨਾਲ ਗਰੀਬੀ ਰੇਖਾ ਤੋਂ ਹੇਠਲੇ ਤਬਕੇ ਨੂੰ ਵੀ ਅੰਦੋਲਨ ਵਿਚ ਜੋੜਿਆ ਜਾ ਸਕੇ। ਕੌਮੀ ਪੱਧਰ ’ਤੇ ਜੋ ਪਹਿਲਾਂ ਹੀ 26 ਤੇ 27 ਨਵੰਬਰ ਦਾ ‘ਦਿੱਲੀ ਚੱਲੋ’ ਪ੍ਰੋਗਰਾਮ ਬਣਿਆ ਹੋਇਆ ਹੈ, ਉਸ ’ਤੇ ਭਲਕੇ ਚਰਚਾ ਹੋਵੇਗੀ। ਕੌਮੀ ਤਾਲਮੇਲ ਕਮੇਟੀ ਦੇ ਪ੍ਰੋਗਰਾਮ ਮੁਤਾਬਕ 5 ਨਵੰਬਰ ਵਾਲਾ ਸੰਘਰਸ਼ੀ ਪ੍ਰੋਗਰਾਮ ਵੀ ਹੋਵੇਗਾ।
ਅੱਜ ਵਰਕਿੰਗ ਗਰੁੱਪ ਦੀ ਮੀਟਿੰਗ ਵਿਚ ਹਰਿਆਣਾ ਤੋਂ ਯੋਗੇਂਦਰ ਯਾਦਵ ਤੇ ਕਾਮਰੇਡ ਸਤਿਆਵਾਨ, ਮੇਧਾ ਪਾਟੇਕਰ, ਪੱਛਮੀ ਬੰਗਾਲ ਤੋਂ ਵਿਵੇਕ ਸ਼ਾਹੇ ਆਦਿ ਸ਼ਾਮਲ ਸਨ। ਭਲਕੇ ਕਰੀਬ 20 ਸੂਬਿਆਂ ਤੋਂ ਪ੍ਰਤੀਨਿਧ ਆਉਣ ਦੀ ਸੰਭਾਵਨਾ ਹੈ।