ਪਟਿਆਲਾ (ਸਮਾਜ ਵੀਕਲੀ) : ਨਵੇਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਘੇਰੀ ਬੈਠੇ ਕਿਸਾਨਾਂ ਦੇ ਹੱਕ ਵਿੱਚ ਅਤੇ ਕੇਂਦਰ ਸਰਕਾਰ ਖ਼ਿਲਾਫ਼ ਕਾਂਗਰਸ ਨੇ ਵੀ ਅੱਜ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਸ਼ੰਭੂ ਬਾਰਡਰ ’ਤੇ ਸੂਬਾ ਪੱਧਰੀ ਧਰਨਾ ਦਿੱਤਾ। ਧਰਨੇ ਵਿਚ ਕਈ ਮੰਤਰੀਆਂ ਅਤੇ ਵਿਧਾਇਕਾਂ ਸਣੇ ਅਨੇਕ ਆਗੂਆਂ ਨੇ ਸ਼ਮੂਲੀਅਤ ਕੀਤੀ। ਕਿਸਾਨੀ ਘੋਲ ਦੀ ਜਿੱਤ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ’ਤੇ ਦਬਾਅ ਹੋਰ ਵਧਾਉਣ ਵਾਸਤੇ ਬੁਲਾਰਿਆਂ ਨੇ ਕਈ ਸੁਝਾਅ ਦਿੱਤੇ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੁਝਾਅ ਦਿੱਤਾ ਕਿ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਸਮਾਗਮ ਐਤਕੀਂ ਦਿੱਲੀ ਉਲੀਕਿਆ ਜਾਵੇ, ਜਿਸ ਦੌਰਾਨ ਪੰਜ ਲੱਖ ਦੇ ਇਕੱਠ ਦਾ ਟੀਚਾ ਮਿਥ ਕੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾ ਅਰਪਿਤ ਕਰਨ ਸਮੇਤ ਕੇਂਦਰ ਸਰਕਾਰ ’ਤੇ ਖੇਤੀ ਵਿਰੋਧੀ ਕਾਨੂੰਨ ਰੱਦ ਕਰਨ ਲਈ ਵੀ ਦਬਾਅ ਬਣਾਇਆ ਜਾਵੇ। ਸਿੱਧੂ ਨੇ 1907 ’ਚ ਚਾਚਾ ਅਜੀਤ ਸਿੰਘ ਦੀ ਅਗਵਾਈ ਹੇਠ ਨੌਂ ਮਹੀਨੇ ਚੱਲੇ ਕਿਸਾਨ ਸੰਘਰਸ਼ ਬਾਰੇ ਗੱਲ ਕਰਦਿਆਂ ਚੱਲ ਰਹੇ
ਕਿਸਾਨੀ ਘੋਲ ’ਚ ਪੰੰਜਾਬੀਆਂ ਦੀ ਜਿੱਤ ਯਕੀਨੀ ਦੱਸੀ। ਵਿਧਾਇਕ ਰਾਜਾ ਵੜਿੰਗ ਨੇ ਕਾਂਗਰਸ ਦੇ ਹਰੇਕ ਵਿਧਾਇਕ ਦੀ ਅਗਵਾਈ ਹੇਠ ਰੋਜ਼ਾਨਾ ਵਰਕਰਾਂ ਦੀਆਂ ਸੌ ਟਰਾਲੀਆਂ ਦਿੱਲੀ ਭੇਜੀਆਂ ਜਾਣ ਦਾ ਸੁਝਾਅ ਦਿੱਤਾ। ਅੰਦੋਲਨ ਦੇ ਸ਼ਹੀਦ ਕਿਸਾਨਾਂ ਦੇ ਵਾਰਸਾਂ ਲਈ ਪੰਜਾਬ ਸਰਕਾਰ ਤੋਂ ਦਸ ਲੱਖ ਰੁਪਏ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਗਈ ਅਤੇ ਐਲਾਨ ਕੀਤਾ ਕਿ ਜੇਕਰ ਤਕਨੀਕੀ ਕਾਰਨਾਂ ਕਰਕੇ ਅਜਿਹਾ ਨਾ ਹੋ ਸਕਿਆ ਤਾਂ ਉਹ ਖੁਦ ਦਸ ਲੱਖ ਮੁਆਵਜ਼ਾ ਕੋਲੋਂ ਦੇਣਗੇ।
ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਸਭ ਤੋਂ ਪਹਿਲਾਂ ਇਨ੍ਹਾਂ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਜਦੋਂ ਖ਼ਾਮੀਆਂ ਦੀ ਗੱਲ ਮੰਨ ਹੀ ਲਈ ਗਈ ਹੈ, ਤਾਂ ਇਹ ਕਾਨੂੰਨ ਤੁਰੰਤ ਰੱਦ ਕਰਨੇ ਚਾਹੀਦੇ ਹਨ। ਸੂਬਿਆਂ ਦੇ ਅਧਿਕਾਰਾਂ ਨੂੰ ਬਹਾਲ ਕਰਨ ’ਤੇ ਜ਼ੋਰ ਦਿੰਦਿਆਂ ਜਾਖੜ ਨੇ ਕਿਹਾ ਕਿ ਦੇਸ਼ ਦੇ ਸੰਘੀ ਸਰੂਪ ਨੂੰ ਬਣਾਈ ਰੱਖਣ ਲਈ ਲਾਜ਼ਮੀ ਹੈ ਕਿ ਸੰਵਿਧਾਨ ਦੀ ਮੂਲ ਭਾਵਨਾ ਨਾਲ ਛੇੜਛਾੜ ਨਾ ਹੋਵੇ। ਜਾਖੜ ਨੇ ਕਿਹਾ ਕਿ ਪੰਥ ਤੋਂ ਬੇਮੁਖ ਹੋਏ ਅਕਾਲੀ ਏਜੰਡਿਆਂ ਤੋਂ ਥਿੜ੍ਹਕਦਿਆਂ ਅੱਜ ਸ਼ਤਾਬਦੀ ਮੌਕੇ ਵੀ ਅੰਦਰ ਜਾ ਵੜੇ ਹਨ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਿਸਾਨੀ ਦਾ ਸੰਘਰਸ਼ ਦੇਸ਼ ਦੀ ਬਦਲ ਰਹੀ ਤਕਦੀਰ ਦੀ ਤਰਜਮਾਨੀ ਕਰ ਰਿਹਾ ਹੈ। ਮੰਚ ਸੰਚਾਲਨ ਕਰਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਨਰਿੰਦਰ ਮੋਦੀ ਸਮੇਤ ਬਾਦਲਾਂ ਨੂੰ ਵੀ ਕਰਾਰੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਗ਼ਦਾਰ-ਏ-ਕੌਮ ਦਾ ਪੁਰਸਕਾਰ ਮਿਲਣਾ ਚਾਹੀਦਾ ਹੈ। ਸ੍ਰੀ ਰੰਧਾਵਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਮਦਨ ਲਾਲ ਵੱਲੋਂ ਕਰਵਾਈ ਰੈਲੀ ਸਦਕਾ ਪੰਜਾਬ ਵਿੱਚ ਕਾਂਗਰਸ ਸਰਕਾਰ ਹੋਂਦ ਵਿੱਚ ਆਈ ਸੀ ਤੇ ਹੁਣ ਵੀ ਉਨ੍ਹਾਂ ਦੀ ਮਿਹਨਤ ਅਜਾਂਈ ਨਹੀਂ ਜਾਵੇਗੀ।