ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ ਰੱਦ

ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਵਿਧਾਨ ਸਭਾ ਨੇ ਅੱਜ ਇੱਕ ਰੋਜ਼ਾ ਸੈਸ਼ਨ ਦੌਰਾਨ ਕੇਂਦਰ ਸਰਕਾਰ ਵੱਲੋਂ ਜਾਰੀ ਤਿੰਨ ਖੇਤੀਬਾੜੀ ਆਰਡੀਨੈਂਸਾਂ ਅਤੇ ਬਿਜਲੀ (ਸੋਧ) ਬਿੱਲ 2020 ਨੂੰ ਰੱਦ ਕਰ ਦਿੱਤਾ। ਇਹ ਮਤਾ ਹੁਣ ਪੰਜਾਬ ਦਾ ਰੋਸ ਪ੍ਰਗਟਾਉਣ ਲਈ ਸੰਸਦ ਦੇ ਦੋਵੇਂ ਸਦਨਾਂ ਨੂੰ ਭੇਜਿਆ ਜਾਵੇਗਾ। ਭਾਜਪਾ ਦੇ ਦੋ ਵਿਧਾਇਕਾਂ ਨੂੰ ਛੱਡ ਕੇ ਬਾਕੀ ਸਦਨ ਨੇ ਆਰਡੀਨੈਂਸਾਂ ਅਤੇ ਬਿੱਲ ਖਿਲਾਫ਼ ਮਤਾ ਬਹੁਸੰਮਤੀ ਨਾਲ ਪਾਸ ਕਰ ਦਿੱਤਾ। ਕਰੋਨਾਵਾਇਰਸ ਕਰ ਕੇ ਨੈਗੇਟਿਵ ਰਿਪੋਰਟ ਵਾਲੇ ਵਿਧਾਇਕਾਂ ਨੂੰ ਹੀ ਸਦਨ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਅਕਾਲੀ ਦਲ ਦੇ ਸਾਰੇ ਵਿਧਾਇਕ ਹੀ ਇਕ ਰੋਜ਼ਾ ਸੈਸ਼ਨ ’ਚੋਂ ਗੈਰਹਾਜ਼ਰ ਰਹੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੰਨੇ ਆਰਡੀਨੈਂਸਾਂ ਅਤੇ ਬਿਜਲੀ (ਸੋਧ) ਬਿੱਲ ਨੂੰ ਰੱਦ ਕਰਨ ਲਈ ਮਤਾ ਪੇਸ਼ ਕਰਦਿਆਂ ਕੇਂਦਰ ਸਰਕਾਰ ਤੋਂ ਇਨ੍ਹਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਗੁਰਕੀਰਤ ਸਿੰਘ ਕੋਟਲੀ ਨੇ ਇਸ ਦਾ ਸਮਰਥਨ ਕੀਤਾ। ‘ਆਪ’ ਦੇ ਬਾਗ਼ੀ ਵਿਧਾਇਕ ਕੰਵਰ ਸੰਧੂ ਨੇ ਮਤੇ ਦਾ ਸਮਰਥਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਆਰਡੀਨੈਂਸਾਂ ਦੇ ਬਜਾਇ ਬਿੱਲ ਲਿਆ ਕੇ ਸਬੰਧਤ ਰਾਜ ਸਰਕਾਰਾਂ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਸੀ।

‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਅਕਾਲੀਆਂ ਉੱਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਆਰਡੀਨੈਂਸਾਂ ਵਿੱਚ ਘੱਟੋ ਘੱਟ ਸਮਰਥਨ ਮੁੱਲ ਉੱਤੇ ਖ਼ਰੀਦ ਦੀ ਗਾਰੰਟੀ ਦੀ ਧਾਰਾ ਸ਼ਾਮਲ ਕਰਵਾਉਣੀ ਚਾਹੀਦੀ ਹੈ। ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨੇ ਵੀ ਮਤੇ ਦਾ ਸਮਰਥਨ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਦੇ ਵਿਧਾਨ ਸਭਾ ਵਿਚ ਨਾ ਆਉਣ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਮਤੇ ਨੂੰ ਲਿਆਉਣ ਵਾਲੀ ਪਾਰਟੀ ਅਜਿਹੇ ਜ਼ਰੂਰੀ ਮੌਕੇ ਜਾਣ-ਬੁੱਝ ਕੇ ਵਿਧਾਨ ਸਭਾ ਵਿਚੋਂ ਗੈਰਹਾਜ਼ਰ ਰਹੀ ਹੈ।

ਕੈਪਟਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਦਾਅਵੇ ਉੱਤੇ ਭਰੋਸਾ ਕਿਵੇਂ ਕੀਤਾ ਜਾ ਸਕਦਾ ਹੈ ਕਿ ਆਰਡੀਨੈਂਸ ਪੰਜਾਬ ਦੇ ਖੇਤੀਬਾੜੀ ਖੇਤਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਗੇ? ਉਨ੍ਹਾਂ ਕਿਹਾ,‘‘ਕੇਂਦਰ ਸਰਕਾਰ ਖੇਤੀ ਨੂੰ ਨਿੱਜੀ ਹੱਥਾਂ ਵਿੱਚ ਦੇਣਾ ਚਾਹੁੰਦੀ ਹੈ। ਪਾਣੀ ਅਤੇ ਖੇਤੀ ਪੰਜਾਬ ਦੀ ਜੀਵਨ ਰੇਖਾ ਹਨ। ਕੇਂਦਰ ਨੇ ਸੁਧਾਰਾਂ ਦੇ ਨਾਮ ਉੱਤੇ ਹਮੇਸ਼ਾਂ ਸੂਬੇ ਦੇ ਹਿੱਤਾਂ ਦੇ ਖਿਲਾਫ਼ ਫ਼ੈਸਲੇ ਲਏ ਹਨ।’’ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਬਾਂਹ ਫੜਨ ਦੀ ਥਾਂ ’ਤੇ ਕਿਸਾਨ ਵਿਰੋਧੀ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ।

ਮੁੱਖ ਮੰਤਰੀ ਨੇ ਸਾਰੇ ਖੇਤੀਬਾੜੀ ਪ੍ਰਧਾਨ ਸੂਬਿਆਂ ਖਾਸ ਕਰ ਕੇ ਹਰਿਆਣਾ ਨੂੰ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਅਜਿਹੇ ਆਰਡੀਨੈਂਸਾਂ ਦਾ ਵਿਰੋਧ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਵੱਲੋਂ ਪੇਸ਼ ਕੀਤੇ ਗਏ ਮਤੇ ਅਨੁਸਾਰ ਤਿੰਨੋਂ ਆਰਡੀਨੈਂਸਾਂ ਕਾਰਨ ਪੈਦਾ ਹੋਈਆਂ ਚਿੰਤਾਵਾਂ ਅਤੇ ਪ੍ਰੇਸ਼ਾਨੀਆਂ ਬਾਰੇ ਵਿਧਾਨ ਸਭਾ ਚਿੰਤਿਤ ਹੈ।  ਕਿਸਾਨ ਉਪਜ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤ) ਆਰਡੀਨੈਂਸ 2020, ਕੀਮਤ ਭਰੋਸੇ ਬਾਰੇ ਕਿਸਾਨ (ਸਸ਼ਕਤੀਕਰਨ ਅਤੇ ਸੁਰੱਖਿਆ) ਸਮਝੌਤਾ ਅਤੇ ਫਾਰਮ ਸੇਵਾਵਾਂ ਆਰਡੀਨੈਂਸ 2020 ਅਤੇ ਜ਼ਰੂਰੀ ਚੀਜ਼ਾਂ (ਸੋਧ) ਆਰਡੀਨੈਂਸ 2020 ਤੇ ਤਜਵੀਜ਼ਤ ਬਿਜਲੀ (ਸੋਧ) ਬਿੱਲ 2020 ਪੰਜਾਬ ਦੇ ਲੋਕਾਂ, ਖਾਸਕਰ ਕਿਸਾਨਾਂ ਤੇ ਬੇਜ਼ਮੀਨੇ ਮਜ਼ਦੂਰਾਂ ਦੇ ਹਿੱਤਾਂ ਵਿਰੁੱਧ ਹਨ।

ਮਤੇ ਮੁਤਾਬਕ ਇਹ ਆਰਡੀਨੈਂਸ ਸਾਲਾਂ ਦੀ  ਮਿਹਨਤ ਨਾਲ ਬਣੀ ਖੇਤੀਬਾੜੀ ਮਾਰਕੀਟਿੰਗ ਪ੍ਰਣਾਲੀ ਅਤੇ ਸੰਵਿਧਾਨ ਵਿਰੁੱਧ ਵੀ ਹਨ। ਸੰਵਿਧਾਨ ਦੀ ਦੂਜੀ ਸੂਚੀ ਵਿੱਚ ਦਰਜ 14ਵੀਂ ਐਂਟਰੀ ਵਿਚ ਖੇਤੀਬਾੜੀ ਨੂੰ ਰਾਜਾਂ ਦਾ ਵਿਸ਼ਾ ਬਣਾਇਆ ਗਿਆ ਹੈ। ਇਹ ਆਰਡੀਨੈਂਸ ਫਸਲੀ ਸਮਰਥਨ ਮੁੱਲ ਤੋਂ ਹੇਠਾਂ ਫਸਲਾਂ ਦੀ ਵਿੱਕਰੀ ਦਾ ਆਧਾਰ ਤਿਆਰ ਕਰਨ ਵਾਲੇ ਅਤੇ ਸਹਿਕਾਰੀ ਸੰਘਵਾਦ ਦੀ ਭਾਵਨਾ ਦੇ ਖਿਲਾਫ਼ ਹਨ। ਆਰਡੀਨੈਂਸਾਂ ਅਤੇ ਪ੍ਰਸਤਾਵਿਤ ਬਿਜਲੀ (ਸੋਧ) ਬਿੱਲ 2020 ਨੂੰ ਤੁਰੰਤ ਵਾਪਸ ਲੈ ਕੇ ਕਿਸਾਨਾਂ ਨੂੰ ਸਮਰਥਨ ਮੁੱਲ ’ਤੇ ਅਨਾਜ ਅਤੇ ਹੋਰ ਖੇਤੀਬਾੜੀ ਉਪਜਾਂ ਦੀ ਖਰੀਦ ਲਈ ਕਾਨੂੰਨੀ ਅਧਿਕਾਰ ਦੇਣ ਵਾਲਾ ਇੱਕ ਨਵਾਂ ਆਰਡੀਨੈਂਸ ਲਿਆਉਣ ਦੀ ਮੰਗ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਆਰਡੀਨੈਂਸ ਲਾਗੂ ਹੋਣ ਨਾਲ ਸੂਬਾ 80ਵਿਆਂ ਦੇ ਕਾਲੇ ਦੌਰ ਵੱਲ ਮੁੜ ਧੱਕਿਆ ਜਾਵੇਗਾ। ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਆਰਡੀਨੈਂਸਾਂ ਦਾ ਮੂਲ ਅਧਾਰ ਸ਼ਾਂਤਾ ਕੁਮਾਰ ਕਮੇਟੀ ਦੀਆਂ ਸਿਫਾਰਸ਼ਾਂ ਹਨ ਜਿਨ੍ਹਾਂ ਦੇ ਨਤੀਜੇ ਕੌਮੀ ਪੱਧਰ ’ਤੇ ਵੀ ਭੈੜੇ ਨਿਕਲ ਸਕਦੇ ਹਨ ਕਿਉਂ ਜੋ ਸਿੱਟੇ ਵਜੋਂ ਐੱਫਸੀਆਈ ਦੀ ਹੋਂਦ ਖ਼ਤਮ ਹੋ ਜਾਵੇਗੀ। ਇਸ ਦੇ ਨਾਲ ਹੀ ਪੰਜਾਬ ਮੰਡੀ ਬੋਰਡ ਵੀ ਆਪਣੀ ਹੋਂਦ ਬਚਾਅ ਨਹੀਂ ਸਕੇਗਾ ਜੋ ਪੇਂਡੂ ਖੇਤਰਾਂ ਅਤੇ ਲਿੰਕ ਸੜਕਾਂ ਦੇ ਵਿਕਾਸ ਦਾ ਕੰਮ ਕਰਦਾ ਹੈ।

Previous articleSudan, Egypt, Ethiopia fail to agree on Nile dam draft deal
Next articleਸੈਸ਼ਨ ਤੋਂ 72 ਘੰਟੇ ਪਹਿਲਾਂ ਕਰੋਨਾ ਟੈਸਟ ਕਰਾਉਣ ਮੈਂਬਰ: ਸਪੀਕਰ