(ਸਮਾਜ ਵੀਕਲੀ)
ਖੇਤਾਂ ਦੇ ਪੁੱਤ ਧਰਤੀ ਦੀ ਹਿੱਕ ਪਾੜ ਕੇ ਪੈਦਾ ਹੁੰਦੇ ਹਨ ਕੋਈ ਅੰਬਰਾਂ ਤੋਂ ਨਹੀਂ ਡਿੱਗਦੇ,ਤੇ ਉਹਨਾਂ ਨੂੰ ਗਿਆਨ ਹੁੰਦਾ ਕੇ ਕਿਵੇ ਏਸ ਧਰਤ ਵਿੱਚ ਬੀਜ ਬੋ ਕੇ ਉਸ ਨੂੰ ਉੱਗਣ ਲਈ ਮਜਬੂਰ ਕਰਨਾ।ਬੀਜ ਉਗਾਉਣਾ ਹਰ ਇੱਕ ਦੇ ਵੱਸ ਨਹੀਂ ਹੁੰਦਾ,ਇਹ ਉਹੀ ਕਰ ਸਕਦਾ ਜਿਸ ਨੇ ਕਾਲੀਆਂ ਬੋਲੀਆਂ ਰਾਤਾਂ ਵਿੱਚ ਸੱਪਾਂ ਦੀਆਂ ਸਿਰੀਆਂ ਦੀ ਪਰਵਾਹ ਕੀਤੇ ਬਗੈਰ ਨੱਕੇ ਮੋੜੇ ਹੋਣ ਜਾਂ ਤਪਦੀ ਸਿਖ਼ਰ ਦੁਪਹਿਰ ਵਿੱਚ ਆਪਣੇ ਪਿੰਡੇ ਨੂੰ ਲੁਹੰਦੀ ਹੋਈ ਧੁੱਪ ਨਾਲ ਸ਼ਰਤਾਂ ਲਾ ਕੇ ਵਾਹਡੀ ਕੀਤੀ ਹੋਵੇ।
ਅੱਜ ਕਿਸਾਨੀ ਅੰਦੋਲਨ ਨੂੰ ਚਲਦਿਆਂ ਪੰਜਾਹ ਤੋਂ ਉੱਪਰ ਦਿਨ ਲੰਘ ਗਏ ਤੇ ਇਸ ਠਰਦੀਆਂ ਰਾਤਾਂ ਵਿੱਚ ਇਕ ਸੋ ਤੀਹ ਕੁ ਦੇ ਕਰੀਬ ਕਿਸਾਨ ਮਜਦੂਰ ਸ਼ਹੀਦੀ ਪਾ ਗਏ ਪਰ ਧਰਮੀ ਰਾਜੇ ਦੇ ਸਿਰ ਤੇ ਜੂ ਨੀ ਸਰਕੀ।ਪ੍ਰਧਾਨ ਸੇਵਕ ਅੱਜ ਵੀ ਟਾਹਰਾਂ ਮਾਰੀ ਜਾਂਦਾ ਕੇ ਜੇਹ ਕਾਨੂੰਨ ਕਿਸਾਨੋ ਕੇ ਲੀਏ ਬਹੁਤ ਫਾਇਦੇਮੰਦ ਹਨ।ਜਿਸ ਦੇਸ ਦੇ ਰਾਜੇ ਨੇ ਜਾਂ ਰਾਜੇ ਦੇ ਸੇਵਾਦਾਰਾਂ ਨੇ ਕਦੇ ਆਮ ਲੋਕਾਂ ਦਾ ਦਰਦ ਮਹਿਸੂਸ ਕੀਤਾ ਹੋਵੇ ਤਾਹੀਂ ਤਾਂ ਉਹ ਗਰੀਬ ਗੁਰਬੇ ਦੀ ਗੱਲ ਕਰਨ।
ਇਹ੍ਹਨਾਂ ਨੂੰ ਕੀ ਪਤਾ ਕੇ ਕਿਵੇ ਪੁੱਤਾਂ ਵਾਂਗੂ ਪਾਲੀ ਫ਼ਸਲ ਤੇ ਜਦੋਂ ਗੜੇ ਪੈਂਦੇ ਹਨ ਜਾਂ ਮੰਡੀ ਵਿੱਚ ਪਈ ਝੋਨੇ ਦੀ ਫਸਲ ਨੂੰ ਵੇਚਣ ਲਈ ਅਫਸਰਾਂ ਦੀਆਂ ਬੁੱਤੀਆਂ ਕਰਨੀਆਂ ਪੈਂਦੀਆਂ ਜਾਂ ਗੰਨੇ ਦੀ ਫ਼ਸਲ ਦੇ ਪੈਸੇ ਹੁਣ ਤੱਕ ਵੀ ਨੀ ਮਿਲੇ,ਓਹ੍ਹ ਕੀ ਜਾਨਣ ਗਰੀਬ ਦਾ ਦਰਦ।ਉਹਨਾਂ ਨੇ ਤਾਂ ਲੋਕਾਂ ਦੇ ਟੈਕਸ ਦੇ ਪੈਸੇ ਵਿਚੋਂ ਹਵਾਈ ਸਫ਼ਰ ਕੀਤੇ ਹਨ।ਜਾਂ ਲੱਖਾਂ ਦੇ ਸੂਟ ਬਣਵਾ ਕੇ ਪਾਏ ਹਨ।ਜਾਂ ਹਜਾਰਾਂ ਕਰੋੜਾਂ ਵਿੱਚ ਮੂਰਤੀ ਦੀ ਸਥਾਪਨਾ ਕਰਵਾਈ ਹੈ।
ਫੈਕਟਰੀਆਂ ਬਣਵਾ ਕੇ ਅਸੀਂ ਕੀ ਲੈਣਾ ਐਵੇਂ ਲੋਕਾਂ ਦੇ ਪੁੱਤ ਕੰਮ ਤੇ ਲੱਗ ਜਾਣਗੇ?ਅੱਜ ਸਰਕਾਰ ਕਾਨੂੰਨਾਂ ਨੂੰ ਦੋ ਸਾਲ ਲਈ ਰੋਕਣ ਲਈ ਵੀ ਤਿਆਰ ਹੈ ਤੇ ਸੋਧਾਂ ਜਿੰਨੀਆਂ ਮਰਜੀ ਕਰਵਾ ਲਓ ਲਈ ਵੀ ਤਰਲੇ ਕਰਦੀ ਹੈ।ਪਰ ਪੁੱਤ ਮੇਰਿਆ ਨੂੰ ਇਹ ਨਹੀਂ ਪਤਾ ਕੇ ਪੰਗਾ ਪੰਜਾਬੀਆਂ ਨਾਲ ਪਿਆ ਹੋਇਆ।ਓਏ ਇਹ ਤਾਂ ਨੱਕਾ ਵੱਢਣ ਖੁਣੋਂ ਇੱਕ ਦੂਜੇ ਦੇ ਹੱਥੀਂ ਪੈ ਜਾਂਦੇ ਇਹ ਤਾਂ ਗੱਲ ਹੀ ਬੜੀ ਦੂਰ ਦੀ ਹੈ ।ਅੱਜ ਸਮੇ ਦੀ ਲੋੜ ਹੈ ਪੰਜਾਬੀ ਨੌਜਵਾਨੀ ਨੂੰ ਮੋਹਰੇ ਲੱਗ ਕੇ 26 ਤਰੀਕ ਨੂੰ ਖੇਤਾਂ ਦੇ ਪੁੱਤ ਬਣਕੇ ਟਰੈਕਟਰ ਤੇ ਚੜ ਕੇ ਪਰੇਡ ਕਰਨ ਦੀ ਤੇ ਦੱਸਣ ਦੀ ਕੇ ਅਸੀਂ ਹੁਣ ਮਰਕੇ ਜਾਂ ਜਿੱਤਕੇ ਹੀ ਮੁੜਾਂਗੇ ।
ਇਹ ਸਮਾਂ ਹੈ ਆਪਣੇ ਤੇ ਲਗੇ ਨਸ਼ਈ ਪੁਣੇ ਦਾ,ਵੇਹਲੜ ਦਾ ,ਮੋਹੜਾਂ ਤੇ ਖੜੇ ਹੋਣ ਦਾ,ਸ਼ਰਾਬਾਂ ਪੀ ਕੇ ਲਲਕਾਰੇ ਮਾਰਨ ਦਾ ਇਲਜਾਮ ਜੋ ਤੁਹਾਡੇ ਤੇ ਲੱਗਦਾ ਉਸਨੂੰ ਆਪਣੇ ਸਿਰਾਂ ਤੋਂ ਵਗਾਹ ਕੇ ਮਾਰਨ ਦਾ।ਆਓ ਪਿੰਡ ਪਿੰਡ ਤੋਂ ਗਲੀ ਮੁਹੱਲੇ ਸ਼ਹਿਰਾ ਤੋਂ ਆਪਣੇ ਸੰਗੀ ਸਾਥੀਆਂ ਨੂੰ ਡੰਡੇ ਵਿੱਚ ਝੰਡੇ ਪਾ ਕੇ ਦਿੱਲੀ ਪੁਜੀਏ ਤੇ ਸਮੇ ਦੀਆਂ ਸਰਕਾਰਾਂ ਦੀ ਹਿੱਕ ਵਿੱਚ ਵਗਾਹ ਮਾਰੀਏ ਉਹ ਲਾਹਣਤਾਂ ਜੋ ਸਮੇ ਸਮੇ ਤੇ ਪੰਜਾਬੀ ਨੌਜਵਾਨੀ ਨੂੰ ਇਹ੍ਹਨਾਂ ਨੇ ਪਰੋਸ ਕੇ ਦਿੱਤੀਆਂ।